ਮਹਾਨ ਇਨਕਲਾਬੀ ਕਾਮਰੇਡ ਕਾਰਲ ਮਾਰਕਸ ਦੇ ਜਨਮ ਦਿਨ ਤੇ ਵਿਸ਼ੇਸ਼

335

 

19ਵੀਂ ਸਦੀ ਦੁਨੀਆਂ ਵਿਚ ਵਿਚਾਰਾਂ ਦੀ ਉਥਲ ਪੁਥਲ ਦੀ ਸਦੀ ਮੰਨੀ ਜਾਂਦੀ ਹੈ ਜਿਸ ਵਿਚ ਕਈ ਪੁਰਾਣੇ ਸਮਾਜਾਂ ਦੀਆਂ ਨੀਹਾਂ ਟੁੱਟ ਰਹੀਆਂ ਸਨ ਤੇ ਕਈ ਨਵੇਂ ਵਿਚਾਰ ਬਣ ਰਹੇ ਸਨ। ਪੈਦਾਵਾਰ ਦੇ ਪੱਧਰ ਉੱਤੇ ਸਨਅਤੀ ਖੇਤਰ ਆਪਣੀਆਂ ਪੈੜਾਂ ਜਮਾ ਰਹੇ ਸਨ। ਵਿਗਿਆਨ ਤੇ ਦਲੀਲ ਦੇ ਪੱਧਰ ਉਤੇ ਵੱਖ ਵੱਖ ਵਿਚਾਰਵਾਨਾਂ ਵਿਚਕਾਰ ਦਸਤਪੰਜਾ ਵੀ ਚਲ ਰਿਹਾ ਸੀ। ਹੀਗਲ ਦੇ ਵਿਚਾਰਾਂ ਦੀ ਧੁਨ ਨਵੇਂ ਨੌਜਵਾਨਾਂ ਨੂੰ ਖਿੱਚ ਰਹੀ ਸੀ ਜੋ ਵਿਸ਼ਵੀ ਚਿੰਤਨ ਦਾ ਵਿਚਾਰ ਬਣਨ ਲਈ ਵੱਖ ਵੱਖ ਸਮਾਜਾਂ, ਰਾਜਾਂ, ਧਰਮਾਂ ਤੇ ਵਿਕਾਸ ਦੇ ਨਵੇਂ ਹੱਦ-ਬੰਨਿਆਂ ਦੀ ਨਿਸ਼ਾਨਦੇਹੀ ਕਰਨ ਲਈ ਨਵੀਂ ਦ੍ਰਿਸ਼ਟੀ ਦੇ ਰਿਹਾ ਸੀ।

ਉਸ ਵਕਤ ਕਾਰਲ ਮਾਰਕਸ (5 ਮਈ 1818-14 ਮਾਰਚ 1883) ਵੀ ਜਵਾਨੀ ਵਿਚ ਪੈਰ ਧਰ ਚੁੱਕਾ ਸੀ। ਸਕੂਲ ਛੱਡਣ ਤੋਂ ਬਾਅਦ ਕਿਸੇ ਨੌਜਵਾਨ ਦੇ ਕਾਰਜ ਕੀ ਹੋਣੇ ਚਾਹੀਦੇ ਹਨ, ਲਿਖਤ ਵਿਚ ਕਹਿ ਚੁੱਕਾ ਸੀ ਕਿ ਹਰ ਕੋਈ ਆਪਣੇ ਲਈ ਜਿਊਂਦਾ ਹੈ ਪਰ ਮੈਂ ਆਪਣੇ ਆਪ ਨੂੰ ਸਮਾਜਿਕ ਕਾਰਜਾਂ ਲਈ ਸਮਰਪਤ ਹੋ ਕੇ ਜਿਊਣਾ ਚਾਹਾਂਗਾ। ਉਹਨੇ ਇਸ ਪ੍ਰਤੀਬੱਧਤਾ ਨਾਲ ਆਪਣੇ ਆਪ ਨੂੰ ਫਿਲਾਸਫੀ ਦੇ ਖੇਤਰ ਵਿਚ ਉਤਾਰਿਆ। ਫਿਊਰਬਾਖ, ਡਾਰਵਿਨ, ਰਿਕਾਰਡੋ ਵਰਗੇ ਵਿਚਾਰਵਾਨਾਂ ਦੀਆਂ ਲਿਖਤਾਂ ਪੜ੍ਹੀਆਂ; ਬਾਲਜ਼ਾਕ, ਸ਼ੇਕਸਪੀਅਰ, ਗੋਇਟੇ ਵਰਗੇ ਸਾਹਿਤਕਾਰਾਂ ਦੀਆਂ ਲਿਖਤਾਂ ਵਿਚ ਪੇਸ਼ ਸਮਾਜਿਕ ਵਿਸੰਗਤੀਆਂ ਦੇ ਆਰਪਾਰ ਹੋਇਆ।

1844 ਵਿਚ ਉਹਨੇ ਫਿਲਾਸਫੀਕਲ ਮੈਨੂਸਕਰਿਪਟਸ ਲਿਖ ਦਿੱਤਾ ਕਿ ਮਨੁੱਖ ਇਸ ਕਰ ਕੇ ਗਰੀਬ, ਇਕੱਲਤਾ ਦਾ ਸ਼ਿਕਾਰ, ਮੁਰਝਾਇਆ ਹੁੰਦਾ ਹੈ, ਕਿਉਂਕਿ ਉਹ ਆਪਣੀ ਕਿਰਤ ਦਾ ਮਾਲਕ ਨਹੀਂ ਹੁੰਦਾ, ਕੋਈ ਹੋਰ ਹੁੰਦਾ ਹੈ। ਇਸ ਕਰ ਕੇ ਸ਼ਾਨਦਾਰ ਮਨੁੱਖ ਦੀ ਸਿਰਜਣਾ ਕਰਨਾ ਵਿਚਾਰਵਾਨਾਂ ਦਾ ਫਰਜ਼ ਹੋਣਾ ਚਾਹੀਦਾ ਹੈ। ਇਹ ਵੀ ਸੋਚਣਾ ਚਾਹੀਦਾ ਹੈ ਕਿ ਅਜਿਹਾ ਕਿਉਂ ਵਾਪਰਦਾ ਹੈ। ਅਜਿਹੇ ਸਵਾਲ ਮਾਰਕਸ ਨੂੰ ਸੋਚਣ ਲਈ ਮਜਬੂਰ ਕਰਦੇ ਅਤੇ ਉਹਨੇ ਨੇ ਇਹ ਖੱਪੇ ਭਰਨ ਲਈ ਪੂੰਜੀ ਦਾ ਚਲਨ-ਢੰਗ ਘੋਖਣਾ ਸ਼ੁਰੂ ਕੀਤਾ। ਇੰਗਲੈਂਡ ਦੇ ਮਜ਼ਦੂਰਾਂ ਦੀ ਹਾਲਤ, ਪੈਦਾਵਾਰ ਕਰਨ ਵਾਲੇ ਢੰਗ ਤਰੀਕੇ, ਪੈਦਾਵਾਰ ਸਾਧਨਾਂ ਉਪਰ ਮਾਲਕੀ, ਇਨ੍ਹਾਂ ਅੰਦਰ ਪਨਪ ਰਹੇ ਸਮਾਜ, ਸਭਿਆਚਾਰ ਤੇ ਸੰਕਟਾਂ ਦੀ ਨਿਰਖ ਪਰਖ ਕੀਤੀ।

ਜ਼ਿੰਦਗੀ ਦੇ ਹਸੀਨ ਵੀਹ ਵਰ੍ਹੇ ਲਗਾ ਕੇ 30,000 ਤੋਂ ਵੱਧ ਪੰਨੇ ਲਿਖੇ ਤੇ ਇਹ ਸਿਧਾਂਤ ਕੱਢ ਲਿਆ ਕਿ ਪੂੰਜੀ ਦਾ ਚਲਨ-ਢੰਗ ਕਿਰਤ ਦੇ ਆਧਾਰ ਉੱਤੇ ਉਸਰਦਾ ਹੈ। ਜਿਸ ਕੋਲ ਸਰੋਤਾਂ ਦੀ ਮਾਲਕੀ ਹੁੰਦੀ ਹੈ, ਉਹ ਆਪਣਾ ਸਰਮਾਇਆ ਵਧਾਉਂਦਾ ਜਾਂਦਾ ਹੈ; ਕਿਰਤੀ ਦਾ ਖੂਨ ਨਿਚੋੜ ਕੇ, ਇਨ੍ਹਾਂ ਨੂੰ ਸਾਧਨਾਂ ਤੋਂ ਵਿਹੂਣੇ ਰੱਖ ਕੇ ਆਪਣੀ ਪੂੰਜੀ ਦਾ ਸੰਸਾਰ ਸਿਰਜ ਲੈਂਦਾ ਹੈ। ਇਉਂ ਉਸ ਨੇ ਜਿਣਸ ਤੋਂ ਲੈ ਕੇ ਪੈਦਾਵਾਰ ਦੀਆਂ ਵੱਖ ਵੱਖ ਤਹਿਆਂ ਨੂੰ ਫਰੋਲਦੀ ਲਿਖਤ ‘ਦਾਸ ਕੈਪੀਟਲ’ ਦੀ ਰਚਨਾ ਕੀਤੀ ਜਿਸ ਨੇ ਦੁਨੀਆ ਦੇ ਪੁਰਾਣੇ ਚਿੰਤਨ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ, ਸਮਾਜਿਕ ਵਿਗਿਆਨ ਦੇ ਖੇਤਰ ਵਿਚ ਤਰਥੱਲੀ ਮਚਾ ਦਿੱਤੀ ਅਤੇ ਇਹ ਸਿਧਾਂਤ ਵਿਕਸਤ ਕਰ ਦਿੱਤਾ ਕਿ ਜਦ ਤਕ ਸਰਮਾਏ ਦੀ ਤਾਕਤ ਨਫੇ ਤੇ ਲੁੱਟ ਉਪਰ ਆਧਾਰਿਤ ਰਹੇਗੀ, ਇਸ ਧਰਤੀ ਉਤੇ ਅਨਿਸ਼ਚਿਤਤਾ ਬਣੀ ਰਹੇਗੀ।

20ਵੀਂ ਸਦੀ ਵਿਚ ਵਿਸ਼ਵ ਪੂੰਜੀ ਦਾ ਚਲਨ-ਢੰਗ ਦੁਨੀਆਂ ਦੇ ਹਰ ਕੋਨੇ ਵਿਚ ਪਹੁੰਚ ਗਿਆ ਅਤੇ ‘ਦਾਸ ਕੈਪੀਟਲ’ ਦੇ ਬੁਨਿਆਦੀ ਸਿਧਾਂਤਾਂ ਦੀ ਕੜੀ ਵਿਸ਼ਵ ਪੂੰਜੀ ਦੀ ਤੋਰ ਵਿਸ਼ਵੀਕਰਨ ਵਿਚ ਤਬਦੀਲ ਹੋ ਗਈ। ਦੁਨੀਆਂ ਦੋ ਜੰਗਾਂ ਵਿਚੋਂ ਗੁਜ਼ਰੀ ਅਤੇ ਸਰਮਾਏ ਦੀ ਲਲਕ ਵਿਚ ਅਮਰੀਕਾ ਹੀਰੋਸ਼ੀਮਾ ਤੇ ਨਾਗਾਸਾਕੀ ਉੱਪਰ ਬੰਬ ਸੁੱਟਣ ਤੋਂ ਬਾਅਦ ਦੁਨੀਆਂ ਦਾ ਬਾਦਸ਼ਾਹ ਬਣ ਕੇ ਉਭਰਿਆ। ਇਸ ਨੇ ਖੇਤਰੀ ਜੰਗਾਂ ਤੋਂ ਲੈ ਕੇ ਆਪਣੇ ਸਰਮਾਏ ਦੇ ਵਧਾਰੇ ਲਈ ਵਿਸ਼ਵ ਵਪਾਰ ਦੀਆਂ ਸੰਸਥਾਵਾਂ ਨੂੰ ਆਪਣੇ ਅਨੁਸਾਰ ਮੋੜ ਲਿਆ।

ਵਿਸ਼ਵ ਪੱਧਰ ਦੀਆਂ ਵਾਤਾਵਰਨ ਤੇ ਕੁਦਰਤੀ ਸਾਧਨਾਂ ਨਾਲ ਸਬੰਧਤ ਛਪਣ ਵਾਲੀਆਂ ਸੈਂਕੜੇ ਰਿਪੋਰਟਾਂ ਇਹ ਤੱਥ ਰਿਕਾਰਡ ਤੇ ਲਿਆਉਂਦੀਆਂ ਰਹੀਆਂ ਕਿ ਖਪਤ ਮੰਡੀ ਦੀ ਰਾਖੀ ਤੇ ਵਧਾਰੇ ਲਈ ਮਨੁੱਖਤਾ ਨੂੰ ਕੁਦਰਤੀ ਕਹਿਰ ਵੱਲ ਧੱਕਿਆ ਜਾ ਰਿਹਾ ਹੈ, ਇਸ ਦੀ ਕੀਮਤ ਤਾਰਨੀ ਪਵੇਗੀ ਪਰ ਇਨ੍ਹਾਂ ਚਿਤਾਵਨੀਆਂ ਦੇ ਬਾਵਜੂਦ 1970 ਤੋਂ ਬਾਅਦ ਨਵਾਂ ਆਰਥਿਕ ਸਿਆਸੀ ਢਾਂਚਾ ਬੁਣ ਦਿੱਤਾ। ਪੁਰਾਣੇ ਮਾਡਲ ਜੋ ‘ਕੈਨੀਅਨ ਮਾਡਲ’ ਤੇ ‘ਸੋਵੀਅਤ ਮਾਡਲ’ ਦੇ ਨਾਂ ਨਾਲ ਜਾਣੇ ਜਾਂਦੇ ਸੀ, ਤੋੜ ਦਿੱਤੇ ਗਏ। ਮੰਡੀ ਲੋਕਾਂ ਦੇ ਵਿਚਾਰ, ਸੋਚ, ਸੁਪਨਿਆਂ ਤੇ ਸੋਚਾਂ ਦਾ ਹਿੱਸਾ ਬਣਾ ਦਿੱਤੀ।

ਹੁਣ ਜਦੋਂ ਮੰਡੀ ਦੀਆਂ ਲਾਲਸਾ ਵਿਚੋਂ ਕਰੋਨਾ ਵਾਇਰਸ ਦਾ ਕਹਿਰ ਪੈਦਾ ਹੋਇਆ। ਮਾਰਕਸ ਦੀਆਂ ਲਿਖਤਾਂ ਅਨੁਸਾਰ, ਕੁਦਰਤ ਅਤੇ ਮਨੁੱਖ ਦਾ ਆਪਸੀ ਸਬੰਧ ਤੋੜਨ ਨਾਲ ਜੋ ਮਾਨਵੀ ਤਬਾਹੀ ਹੋ ਰਹੀ ਹੈ, ਉਹ ਹਜ਼ਾਰਾਂ ਸਾਲਾਂ ਤੋਂ ਉਸਰੀਆਂ ਸੱਭਿਅਤਾਵਾਂ ਨੂੰ ਵੀ ਰੋਲ ਦੇਵੇਗੀ। ਅਜਿਹੇ ਖ਼ਦਸ਼ਿਆਂ ਬਾਰੇ ਕਾਰਲ ਮਾਰਕਸ ਨੇ ਸਰਮਾਏ ਦੇ ਚਲਨ, ਵਿਸ਼ਵੀ ਹੋਣ ਤੇ ਸੰਕਟ-ਦਰ-ਸੰਕਟ ਮਾਨਵਤਾ ਨੂੰ ਫਸਾਉਣ ਦੀਆਂ ਬੁਨਿਆਦਾਂ ‘ਦਾਸ ਕੈਪੀਟਲ’ ਵਿਚ ਦਰਜ ਕੀਤੀਆਂ ਸਨ, ਉਸ ਦਾ ਪ੍ਰਤੱਖ ਰੂਪ ਅੱਜ ਦੇ ਤਬਾਹੀਆਂ ਵਾਲੇ ਵਿਸ਼ਵ ਪੂੰਜੀ ਦੇ ਮਾਡਲ ਵਿਚ ਦਿਖਾਈ ਦੇ ਰਿਹਾ ਹੈ।

ਮਾਰਕਸ ਦੇ ਚਿੰਤਨ ਨੂੰ ਅਗਾਂਹ ਤੋਰਦਿਆਂ ਹੰਗਰੀ ਦੇ ਫਿਲਾਸਫਰ ਈਸਤਵਾਨ ਮੈਸਾਰੋਜ਼ ਨੇ ‘ਬੀਓਂਡ ਕੈਪੀਟਲ’ ਵਿਚ ਦਰਜ ਕੀਤਾ ਕਿ ਪੂੰਜੀ ਵਿਸ਼ਵ ਪੱਧਰ ਤੇ ਹੁਣ ਵਿਕਾਸ ਕਰਨ ਦੀ ਥਾਂ ਵਿਨਾਸ਼ ਦੇ ਦੌਰ ਵਿਚ ਪ੍ਰਵੇਸ਼ ਕਰ ਗਈ ਹੈ, ਇਸ ਦੇ ਚਲਨ-ਢੰਗ ਨੂੰ ਬਦਲਣ ਤੋਂ ਬਿਨਾਂ ਮਨੁੱਖਤਾ ਨਹੀਂ ਬਚ ਸਕਦੀ। ਡੇਵਿਡ ਹਾਰਵੇ ਨੇ ‘ਏ ਕੰਪੇਨੀਅਨ ਟੂ ਮਾਰਕਸਜ਼ ਕੈਪੀਟਲ’ ਵਿਚ ਦਰਜ ਕੀਤਾ ਕਿ 1970 ਤੋਂ ਜਿਸ ਕਿਸਮ ਨਾਲ ਵਿਸ਼ਵੀ ਪੂੰਜੀ ਨੇ ਮਨੁੱਖ ਦੀਆਂ ਇੱਛਾਵਾਂ, ਲੋੜਾਂ ਤੇ ਮੁਨਾਫੇ ਦੀਆਂ ਲਾਲਸਾਵਾਂ ਵਧਾ ਦਿੱਤੀਆਂ ਹਨ, ਉਨ੍ਹਾਂ ਨੇ ਖਪਤ ਸਮਾਜ ਉਸਾਰ ਦਿੱਤਾ ਜੋ ਕੁਦਰਤ ਦੇ ਹਰ ਕੁਦਰਤੀ ਗਹਿਣੇ ਨੂੰ ਖਾਣ ਤਕ ਚਲਿਆ ਗਿਆ। ਪ੍ਰੋਥ ਰਣਧੀਰ ਸਿੰਘ ਨੇ ‘ਕਰਾਈਸਿਸ ਆਫ ਸ਼ੋਸਲਿਜਮ’ ਵਿਚ ਦਰਜ ਕੀਤਾ ਕਿ ਜਦ ਤਕ ਦੁਨੀਆ ਦੇ ਕੋਨੇ ਉੱਤੇ ਸਰਮਾਏਦਾਰੀ ਛਾਈ ਰਹੇਗੀ, ਇਸ ਤੋਂ ਨਿਜਾਤ ਪਾਉਣ ਲਈ ਸਮਾਜਵਾਦੀ ਸੰਘਰਸ਼ਾਂ ਦੀਆਂ ਲੜਾਈਆਂ ਕਾਰਲ ਮਾਰਕਸ ਦੀਆਂ ਲਿਖਤਾਂ ਤੇ ਵਿਚਾਰਾਂ ਤੋਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ।

ਕਾਰਲ ਮਾਰਕਸ ਨੇ ਬਦਲਵੇਂ ਸਮਾਜ ਦਾ ਖਾਕਾ ਵੀ ਖਿੱਚਿਆ ਕਿ ਕੁਦਰਤ ਅਤੇ ਮਨੁੱਖ ਦੇ ਸੁਮੇਲ ਉਪਰ ਆਧਾਰਿਤ, ਸਰੋਤਾਂ ਦੀ ਸਮੂਹਿਕ ਵੰਡ, ਭਾਈਚਾਰੇ ਵਿਚ ਮਾਨਵੀ ਸਾਂਝ ਤੇ ਪੈਦਾਵਾਰ ਉਪਰ ਕਿਰਤ ਕਰਨ ਵਾਲੇ ਲੋਕਾਂ ਦਾ ਕੰਟਰੋਲ ਕਰਨ ਵਾਲਾ ਸਮਾਜ ਬਦਲਵੀਂ ਸਿਆਸਤ ਰਾਹੀਂ ਹੀ ਸੰਭਵ ਹੈ ਜਿਸ ਦਾ ਨਾਂ ‘ਸਮਾਜਵਾਦ’ ਦਿੱਤਾ ਗਿਆ। ਹਾਲਾਂਕਿ 20ਵੀ ਸਦੀ ਦੇ ਪਹਿਲੇ ਦਹਾਕੇ ਵਿਚ ਰੋਜ਼ਾ ਲਕਸਮਬਰਗ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਸਮਾਜਵਾਦ ਨਹੀਂ ਉਸਰਦਾ ਤਾਂ ਤਬਾਹੀ ਵੱਟ ਤੇ ਪਈ ਹੈ। ਉਹ ਹੁਣ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰ ਰਿਹਾ ਹੈ। ਸਾਰਤਰ ਆਖਦਾ ਹੈ: ਹਰ ਸੰਕਟ ਵਿਚ ਬਦਲ ਪਿਆ ਹੁੰਦਾ ਹੈ, ਉਸ ਨੂੰ ਦੇਖਣ ਅਤੇ ਦੇਖ ਕੇ ਬਦਲਣ ਦੀ ਜ਼ਰੂਰਤ ਹੁੰਦੀ ਹੈ।

– ਡਾ. ਕੁਲਦੀਪ ਸਿੰਘ

ਸੰਪਰਕ: 98151-15429

LEAVE A REPLY

Please enter your comment!
Please enter your name here