ਸ਼ਹੀਦੀ ਦਿਵਸ ‘ਤੇ ਵਿਸ਼ੇਸ਼: ਮਹਾਨ ਗ਼ਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਦਿਆਂ….

382

24 ਮਈ 1896 ਨੂੰ ਜੰਮੇ ਗਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਅੱਜ 106 ਸਾਲ ਪੂਰੇ ਹੋ ਰਹੇ ਹਨ। 16 ਨਵੰਬਰ 1915 ਨੂੰ ਅੰਗਰੇਜ਼ੀ ਹਕੂਮਤ ਵੱਲੋਂ ਫਾਸੀਂ ਦਿੱਤੀ ਗਈ ਤਾਂ ਉਸ ਵੇਲ਼ੇ ਉਹਨਾਂ ਦੀ ਉਮਰ ਸਿਰਫ਼ ਸਾਢੇ ਉੱਨੀ ਸਾਲ ਸੀ। ਉਹਨਾਂ ਕਿਸੇ ਨੂੰ ਕਤਲ ਨਹੀਂ ਕੀਤਾ ਸੀ ਫੇਰ ਉਹਨਾਂ ਨੂੰ ਫਾਂਸੀ ਕਿਉਂ ਹੋਈ? ਇਸਦਾ ਜੁਆਬ ਸਜ਼ਾ ਸੁਣਾਉਣ ਵਾਲ਼ੇ ਜੱਜ ਦੇ ਫੈਸਲੇ ਵਿੱਚੋਂ ਵੀ ਮਿਲਦਾ ਹੈ ਜਿਸਨੇ ਲਿਖਿਆ ਕਿ “ਉਹ ਸਭ ਤੋਂ ਖ਼ਤਰਨਾਕ ਅਪਰਾਧੀਆਂ ਵਿੱਚੋਂ ਇੱਕ ਹੈ। ਅਮਰੀਕਾ ਜਾਂ ਭਾਰਤ ਵਿੱਚ ਸਾਜਿਸ਼ ਦਾ ਇੱਕ ਵੀ ਹਿੱਸਾ ਨਹੀਂ ਹੈ ਜਿਸ ਵਿੱਚ ਉਸਨੇ ਉੱਘਾ ਹਿੱਸਾ ਨਾ ਪਾਇਆ ਹੋਵੇ।”

ਹਾਂ, 17-18 ਸਾਲ ਦੀ ਉਮਰ ਵਿੱਚ ਅਮਰੀਕਾ ਵਿੱਚ ਗਦਰ ਅਖ਼ਬਾਰ ਕੱਢਣ, ਉਸ ਲਈ ਲਿਖਣ, ਉਸਨੂੰ ਲੋਕਾਂ ਤੱਕ ਲਿਜਾਣ, ਨਵੇਂ ਲੋਕਾਂ ਤੱਕ ਗਦਰ ਦਾ ਸੁਨੇਹਾ ਲਿਜਾਣ ਤੇ ਇਸ ਲਹਿਰ ਲਈ ਫੰਡ ਇਕੱਠਾ ਕਰਨ ਦੀਆਂ ਜਿੰਮੇਵਾਰੀਆਂ ਵਿੱਚ ਕਰਤਾਰ ਸਿੰਘ ਸਰਾਭਾ ਹਮੇਸ਼ਾ ਮੋਹਰੀ ਹੁੰਦੇ ਸਨ। 1914 ਵਿੱਚ ਭਾਰਤ ਆਉਣ ਮਗਰੋਂ ਵੀ ਖਿੰਡੀ ਹੋਈ ਗਦਰ ਲਹਿਰ ਨੂੰ ਮੁੜ ਜਥੇਬੰਦ ਕਰਨ, ਹੋਰਨਾਂ ਸੂਬਿਆਂ ਦੇ ਗਦਰੀਆਂ ਨਾਲ਼ ਸਬੰਧ ਬਣਾਉਣ, ਗਦਰ ਲਈ ਫ਼ੰਡ ਇਕੱਠਾ ਕਰਨ, ਹਥਿਆਰਾਂ, ਠਿਕਾਣਿਆਂ ਦਾ ਪ੍ਰਬੰਧ ਕਰਨ ਦੇ ਕੰਮਾਂ ਵਿੱਚ ਵੀ ਕਰਤਾਰ ਸਿੰਘ ਸਰਾਭਾ ਹੀ ਅੱਗੇ ਸਨ।

ਉਹਨਾਂ ਨੂੰ ਆਪਣੇ ਕੰਮਾਂ ਲਈ ਭੇਸ ਵਟਾਉਣ ਦੀ ਮੁਹਾਰਤ ਹਾਸਲ ਸੀ ਤੇ ਇੰਨੀ ਛੋਟੀ ਉਮਰ ਵਿੱਚ ਹੀ ਉਹਨਾਂ ਨੇ ਗਦਰ ਲਈ ਹਥਿਆਰ ਚਲਾਉਣੇ ਤੇ ਹਵਾਈ ਜਹਾਜ ਉਡਾਉਣਾ ਵੀ ਸਿੱਖ ਲਿਆ ਸੀ। ਜੇਲ ਦੇ ਤਸੀਹਿਆਂ ਤੇ ਮੌਤ ਨੇੜੇ ਆਉਣ ‘ਤੇ ਵੀ ਉਹਨਾਂ ਦਾ ਜੋਸ਼ ਤੇ ਬਹਾਦਰੀ ਮੱਠੀ ਨਾ ਪਈ। ਅਦਾਲਤ ਵਿੱਚ ਉਹਨਾਂ ਨੂੰ ਆਪਣੀ ਸਫ਼ਾਈ ਪੇਸ਼ ਕਰਨ ਲਈ ਆਖਿਆ ਗਿਆ ਤਾਂ ਉਹਨਾਂ ਨੇ ਫ਼ਖਰ ਨਾਲ਼ ਕਿਹਾ ਜੋ ਕੁੱਝ ਮੈਂ ਕੀਤਾ ਹੈ ਉਹ ਜਿੰਮੇਵਾਰੀ ਦੇ ਅਹਿਸਾਸ ਨਾਲ਼ ਕੀਤਾ ਹੈ ਤੇ ਮੈਨੂੰ ਇਸ ਉੱਪਰ ਉੱਕਾ ਹੀ ਅਫ਼ਸੋਸ ਨਹੀਂ। ਉਹਨਾਂ ਫਾਂਸੀ ਦੀ ਸਜ਼ਾ ਲਈ ਰਹਿਮ ਦੀ ਅਪੀਲ ਕਰਨੋਂ ਵੀ ਕੋਰੀ ਨਾਂਹ ਕਰ ਦਿੱਤੀ।

ਸ਼ਹੀਦ ਭਗਤ ਸਿੰਘ ਨੇ ਕਰਤਾਰ ਸਿੰਘ ਸਰਾਭਾ ਬਾਰੇ ਠੀਕ ਹੀ ਲਿਖਿਆ ਸੀ ਕਿ, “ਉੱਨੀ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਇੰਨ੍ਹੇ ਕੰਮ ਕਰ ਵਿਖਾਏ ਕਿ ਸੋਚ ਕੇ ਹੈਰਾਨੀ ਹੁੰਦੀ ਹੈ। ਐਨੀ ਜੁਰਅਤ, ਐਨੀ ਲਗਨ ਬਹੁਤ ਘੱਟ ਦੇਖਣ ਨੂੰ ਮਿਲੇਗੀ। ਭਾਰਤ ਵਿੱਚ ਐਸੇ ਇਨਸਾਨ ਘੱਟ ਹੀ ਪੈਦਾ ਹੋਏ ਹੋਣਗੇ ਜਿੰਨ੍ਹਾਂ ਨੂੰ ਕਿ ਸਹੀ ਅਰਥਾਂ ਵਿੱਚ ਬਾਗੀ ਆਖਿਆ ਜਾ ਸਕਦਾ ਹੈ। ਪ੍ਰੰਤੂ ਇਹਨਾਂ ਗਿਣਿਆਂ-ਮਿਥਿਆਂ ਆਗੂਆਂ ਵਿੱਚ ਕਰਤਾਰ ਸਿੰਘ ਦਾ ਨਾਂ ਸੂਚੀ ਦੇ ਉੱਪਰ ਹੈ। ਉਹਨਾਂ ਦੀ ਰਗ-ਰਗ ਵਿੱਚ ਇਨਕਲਾਬ ਦਾ ਜ਼ਜ਼ਬਾ ਸਮਾਇਆ ਹੋਇਆ ਸੀ। ਉਹਨਾਂ ਦੀ ਜਿੰਦਗੀ ਦਾ ਇੱਕੋ ਮਕਸਦ, ਇੱਕੋ ਖਾਹਿਸ਼ ਤੇ ਇੱਕੋ ਉਮੀਦ ਜੋ ਕੁੱਝ ਵੀ ਸੀ ਇਨਕਲਾਬ ਸੀ। ਇਸ ਦੇ ਲਈ ਉਹਨਾਂ ਜ਼ਿੰਦਗੀ ਵਿੱਚ ਪੈਰ ਪਾਇਆ ਤੇ ਅਖੀਰ ਇਸੇ ਲਈ ਹੀ ਦੁਨੀਆਂ ਤੋਂ ਚਲਾਣਾ ਕਰ ਗਏ।”

ਅੱਜ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਦੀ ਇਨਕਲਾਬੀ ਲੜਾਈ ਲਈ ਨੌਜਵਾਨਾਂ ਦੇ ਪ੍ਰੇਰਨਾਸ੍ਰੋਤ ਹਨ। ਜਿਸ ਭਾਰਤੀ ਸਮਾਜ ਵਿੱਚ ਉਮਰ ਦੀ ਤਾਨਾਸ਼ਾਹੀ ਚਲਦੀ ਹੈ ਤੇ ਛੋਟੀ ਉਮਰ ਦੇ ਨੌਜਵਾਨਾਂ ਨੂੰ ਜਿਸ ਤਰ੍ਹਾਂ ਕੋਈ ਬਹੁਤਾ ਮਹੱਤਵ ਨਹੀਂ ਦਿੱਤਾ ਜਾਂਦਾ, ਅਜਿਹੇ ਸਮਾਜ ਲਈ ਇੰਨੀ ਛੋਟੀ ਉਮਰੇ ਕੀਤੇ ਉਹਨਾਂ ਦੇ ਹੈਰਾਨਕੁੰਨ ਕਾਰਨਾਮੇ ਉਮਰ ਦੀ ਇਸ ਮਿੱਥ ਨੂੰ ਤੋੜਨ ਲਈ ਵੀ ਮਿਸਾਲ ਹਨ। ਉਹਨਾਂ ਦੇ ਸ਼ਹਾਦਤ ਦਿਵਸ ਮੌਕੇ ਉਹਨਾਂ ਨੂੰ ਸਾਡਾ ਸਲਾਮ! #ਲਲਕਾਰ

[ਨੋਟ : ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਦਿੱਖ ਨਾਲੋਂ ਉਸਦੇ ਵਿਚਾਰ, ਤੇ ਕੁਰਬਾਨੀ ਵੱਧ ਅਹਿਮ ਹੈ। ਪਰ ਜਿਹਨਾਂ ਨੂੰ ਦਿੱਖ ਦੀ ਵੱਧ ਫ਼ਿਕਰ ਹੈ ਉਹਨਾਂ ਦੀ ਜਾਣਾਕਰੀ ਲਈ ਦੱਸ ਦੇਈਏ ਕਿ ਕਰਤਾਰ ਸਿੰਘ ਸਰਾਭਾ ਦੀ ਅਸਲ ਤਸਵੀਰ ਹੈ ਜੋ ਉਹਨਾਂ ਦੇ ਪਾਸਪੋਰਟ ਉੱਪਰ ਲੱਗੀ ਹੋਈ ਸੀ।]

Where to get Psychology Jobs?

ਨਵੀਂ ਨੌਕਰੀ ਦੇ ਤਣਾਅ ਨਾਲ ਕਿਵੇਂ ਨਜਿੱਠੀਏ?

LEAVE A REPLY

Please enter your comment!
Please enter your name here