ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਲੋਕ ਮੋਰਚਾ ਪੰਜਾਬ ਵੱਲੋਂ ਵਿਸ਼ਾਲ ਇਕੱਤਰਤਾ

49

 

ਸ਼ਹੀਦ ਭਗਤ ਸਿੰਘ ਦੇ ਵਿਚਾਰ, ਸਾਮਰਾਜ ਤੇ ਜਗੀਰੂ ਸੱਤਾ ਨੂੰ ਹੂੰਝ ਸੁੱਟਣ ਦਾ ਸੱਦਾ!

ਪੰਜਾਬ ਨੈੱਟਵਰਕ, ਮੋਹਾਲੀ-

ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦੀ ਹੱਥ ਲਈ ਮੁਹਿੰਮ ਦੀ ਲੜੀ ਵਿੱਚ ਅੱਜ ਲੋਕ ਮੋਰਚਾ ਪੰਜਾਬ ਵੱਲੋਂ ਭੁੱਚੋ ਖੁਰਦ ਵਿਖੇ ਜ਼ਿਲਾ ਪੱਧਰੀ ਇਕੱਤਰਤਾ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਰਾਹੀਂ ਸ਼ਹੀਦ ਦੇ ਇਨਕਲਾਬੀ ਵਿਚਾਰਾਂ ਤੇ ਜੂਝਾਰੂ ਅਮਲਾਂ ਨੂੰ ਮਨੀਂ ਵਸਾਉਣ ਅਤੇ ਆਪਣੇ ਸੰਘਰਸ਼ਾਂ ਰਾਹੀਂ ਅਮਲੀ ਜਾਮਾ ਪਹਿਨਾਉਣ ਲਈ ਲੋਕਾਂ ਨੂੰ ਸੱਦਾ ਦਿੱਤਾ ਹੈ।

ਮੀਟਿੰਗ ਅੰਦਰ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ ਦੀ, ਸਾਮਰਾਜ ਨੂੰ ਮੁਲਕ ‘ਚੋਂ ਬਾਹਰ ਕੱਢਣ ਦੀ, ਪੂੰਜੀਪਤੀਆਂ ਤੇ ਜਗੀਰਦਾਰਾਂ ਦਾ ਫਸਤਾ ਵੱਢਣ ਦੀ ਅਤੇ ਦੱਬੇ ਕੁਚਲੇ ਲੋਕਾਂ ਹੱਥ ਰਾਜ ਦੇਣ ਦੇ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਦੀ ਵਿਆਖਿਆ ਕੀਤੀ ਗਈ। ਅੱਜ ਫੇਰ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਅਤੇ ਜੂਝਾਰੂ ਅਮਲ ਨੂੰ ਰੋਲਣ ਲਈ ਹਾਕਮ ਧੜਿਆਂ ਨੇ ਹਮਲੇ ਤੇਜ਼ ਕੀਤੇ ਹੋਏ ਹਨ।

ਸ਼ਹੀਦ ਦੇ ਵਿਚਾਰਾਂ ਦੀ ਮਕਬੂਲੀਅਤ ਤੇ ਹਰਮਨ ਪਿਆਰਤਾ ਨੇ ਹਾਕਮ ਧੜਿਆਂ ਦਾ ਪਹਿਲਾਂ ਵੀ ਇਹ ਭਰਮ ਤੋੜਿਆ ਹੈ ਤੇ ਹੁਣ ਵੀ ਇਹਨਾਂ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।ਰਾਜ ਗੱਦੀ ‘ਤੇ ਕਾਬਜ਼ ਹੋਣ ਖਾਤਰ ਸ਼ਹੀਦ ਦੇ ਸਮਾਜ ਵਿਚ ਬਣੇ ਮਾਣ ਤਾਣ ਨੂੰ ਵਰਤਣ ਦਾ ਹਰ ਹਾਕਮ ਪਾਰਟੀ ਪ੍ਰਪੰਚ ਰਚਦੀ ਰਹੀ ਹੈ। ਮਨਪ੍ਰੀਤ ਬਾਦਲ ਨੇ ਸਿਆਸੀ ਲਾਹਾ ਖੱਟਣ ਲਈ ਖਟਕੜ ਕਲਾਂ ਦੀ ਮਿੱਟੀ ਦੀ ਮੁੱਠ ਭਰ ਕੇ ਨਿਜ਼ਾਮ ਬਦਲਣ ਦਾ ਨਾਟਕ ਖੇਡਿਆ ਸੀ।

ਹੁਣ ਆਪ ਪਾਰਟੀ ਨੇ ਸੂਬੇ ਦੀ ਰਾਜ ਗੱਦੀ ਹਥਿਆਉਣ ਲਈ ਸ਼ਹੀਦ ਦੇ ਇਨਕਲਾਬੀ ਅਕਸ਼ ਦਾ ਰੱਜ ਕੇ ਲਾਹਾ ਲਿਆ ਹੈ। ਹਕੀਕਤ ਇਹ ਹੈ ਕਿ ਸ਼ਹੀਦ ਦੇ ਵਿਚਾਰਾਂ ਦੇ ਉਲਟ ਜਾ ਕੇ ਆਪ ਪਾਰਟੀ ਸਾਮਰਾਜੀਆਂ ਤੇ ਸਰਮਾਏਦਾਰਾਂ ਪ੍ਰਤੀ ਵਫ਼ਾਦਾਰੀ ਪਾਲਣ ਦਾ ਰਿਕਾਰਡ ਬਣਾ ਰਹੀ ਹੈ। ਪਹਿਲੀਆਂ ਸਰਕਾਰਾਂ ਵਾਂਗ ‘ਵਿਕਾਸ’ ਦੇ ਨਾਂਅ ਹੇਠ ਦੇਸੀ ਵਿਦੇਸ਼ੀ ਕੰਪਨੀਆਂ ਨੂੰ ਸੂਬਾ ਲੁੱਟਣ ਦੇ ਸੱਦੇ ਦੇ ਰਹੀ ਹੈ। ਹੱਕ ਮੰਗਦੇ ਲੋਕਾਂ ‘ਤੇ ਪੁਲਸੀਆ ਜਬਰ ਢਾਹ ਰਹੀ ਹੈ। ਪੁਲਸੀ ਡਾਂਗਾਂ ਤੇ ਕਾਲੇ ਕਾਨੂੰਨਾਂ ਦੇ ਜ਼ੋਰ ਰੋਸ ਪ੍ਰਗਟਾਉਣ ਦੇ ਬੁਨਿਆਦੀ ਹੱਕ ਖੋਹ ਰਹੀ ਹੈ।ਆਪ ਪਾਰਟੀ ਦੀ ਸਰਕਾਰ ਦੇ ਇਸ ਦੰਭ ਨੂੰ ਬੇਨਕਾਬ ਕੀਤਾ ਗਿਆ।

ਇਕੱਠ ਵਿੱਚ ਸ਼ਾਮਲ ਵਰਕਰਾਂ ਨੂੰ ਸੱਦਾ ਦਿੰਦਿਆਂ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਤੇ ਅਮਲ ਤੋਂ ਰੌਸ਼ਨੀ, ਉਤਸ਼ਾਹ ਤੇ ਸੇਧ ਲੈਂਦਿਆਂ ਹਕੂਮਤਾਂ ਤੋਂ ਭਲੇ ਦੀ ਝਾਕ ਛੱਡੋ। ਜਾਤਾਂ, ਧਰਮਾਂ, ਇਲਾਕਿਆਂ ਦੀਆਂ ਵਿੱਥਾਂ ਉਲੰਘ ਕੇ ਵਿਸ਼ਾਲ ਲੋਕ ਤਾਕਤ ਜੋੜੋ।ਜਨਤਕ ਖਾੜਕੂ ਸ਼ੰਘਰਸ਼ਾਂ ਦੇ ਰਾਹ ‘ਤੇ ਕਦਮ ਵਧਾਓ।

ਹਾਕਮਾਂ ਦਾ ਕਿਰਦਾਰ ਪਛਾਣੋ। ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਸੰਘਰਸ਼ਾਂ ਦੇ ਨਿਸ਼ਾਨੇ ‘ਤੇ ਲਿਆਓ। ਸਾਮਰਾਜੀਆਂ ਨੂੰ ਮੁਲਕ ‘ਚੋਂ ਬਾਹਰ ਕੱਢਣ, ਜਗੀਰਦਾਰੀ ਦਾ ਫਸਤਾ ਵੱਢਣ ਅਤੇ ਰਾਜ ਸੱਤਾ ਦੱਬੇ ਕੁਚਲੇ ਲੋਕਾਂ ਹੱਥ ਲੈਣ ਦੇ ਰਾਹ ਤੁਰੋ। ਇਸ ਮੌਕੇ ਬੱਚਿਆਂ ਵੱਲੋਂ ਇਨਕਲਾਬੀ ਗੀਤ ਤੇ ਕੋਰਿਉਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਸਟੇਜ ਸਕੱਤਰ ਦੀ ਭੂਮਿਕਾ ਸੁਖਵਿੰਦਰ ਸਿੰਘ ਨੇ ਨਿਭਾਈ।