ਵੀਰਵਾਰ, ਮਾਰਚ 12, 2026
Home Blog Page 67

Punjab Breaking: ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਲੀਡਰ ਦਾ ਗੋਲੀਆਂ ਮਾਰ ਕੇ ਕਤਲ

 

 

ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਲੀਡਰ ਦਾ ਗੋਲੀਆਂ ਮਾਰ ਕੇ ਕਤਲ 

ਪੰਜਾਬ ਨੈੱਟਵਰਕ

ਜਲੰਧਰ, 6 ਫਰਵਰੀ 2026 – 

ਪੰਜਾਬ ਦੇ ਵਿੱਚ ਇੱਕ ਵਾਰ ਫਿਰ ਵੱਡੀ ਵਾਰਦਾਤ ਵਾਪਰੀ ਹੈ। ਦਰਅਸਲ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਲੱਕੀ ਉਬਰਾਏ ਦਾ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਜਲੰਧਰ ਦੇ ਮਾਡਲ ਟਾਊਨ ਦੇ ਇੱਕ ਗੁਰਦੁਆਰਾ ਦੇ ਨੇੜੇ ਵਾਪਰੀ, ਜਿੱਥੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਲੱਕੀ ਉਬਰਾਏ ‘ਤੇ ਹਮਲਾ ਕਰ ਦਿੱਤਾ ਗਿਆ। ਅੰਨੇਵਾਹ ਗੋਲੀਬਾਰੀ ਦੇ ਵਿੱਚ ਲੱਕੀ ਉਬਰਾਏ ਦੀ ਮੌਤ ਹੋ ਗਈ।

ਸਥਾਨਕ ਲੋਕਾਂ ਨੇ ਦੱਸਿਆ ਕਿ ਲੱਕੀ ਉਬਰਾਏ ਆਪਣੀ ਗੱਡੀ ‘ਤੇ ਸਵਾਰ ਹੋ ਕੇ ਗੁਰਦੁਆਰਾ ਪਹੁੰਚੇ ਸਨ। ਜਿਵੇਂ ਹੀ ਲੱਕੀ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਰਹੇ ਸਨ ਕਿ ਇਸ ਦੌਰਾਨ ਹੀ ਬਾਈਕ ‘ਤੇ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਉਹਨਾਂ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸਨੂੰ ਮੌਤ ਦੀ ਘਾਟ ਉਤਾਰ ਦਿੱਤਾ।

ਦੂਜੇ ਪਾਸੇ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪੰਜਾਬ ਦੇ ਕਾਨੂੰਨ ਵਿਵਸਥਾ ‘ਤੇ ਸਵਾਲ ਖੜੇ ਕੀਤੇ ਗਏ ਹਨ। ਬਾਜਵਾ ਨੇ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਸਰਕਾਰ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਅੱਜ ਜਲੰਧਰ ਦੇ ਗੁਰਦੁਆਰਾ ਦੇ ਬਾਹਰ ਆਪ ਲੀਡਰ ਲੱਕੀ ਉਬਰਾਏ ਦਾ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਲੋਕ ਕਿੰਨੇ ਕੁ ਸੁਰੱਖਿਅਤ ਹਨ?

ਬਾਜਵਾ ਨੇ ਕਿਹਾ ਕਿ ਜੇਕਰ ਸੱਤਾਧਾਰੀ ਪਾਰਟੀ ਦੇ ਆਗੂ ਹੀ ਸੁਰੱਖਿਅਤ ਨਹੀਂ ਤਾਂ, ਆਮ ਲੋਕ ਸੁਰੱਖਿਅਤ ਕਿਵੇਂ ਹੋ ਸਕਦੇ ਹਨ? ਬਾਜਵਾ ਨੇ ਸਰਕਾਰ ‘ਤੇ ਸਵਾਲ ਚੁੱਕਦਾ ਕਿਹਾ ਕਿ ਪੰਜਾਬ ਵਿੱਚ ਅੱਜ ਡਰ ਦਾ ਮਾਹੌਲ ਹੈ, ਹਰ ਪਾਸੇ ਗੋਲੀਬਾਰੀ ਅਤੇ ਲੜਾਈ ਝਗੜੇ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਅਤੇ ਸਰਕਾਰ ਬੈਠੀ ਤਮਾਸ਼ਾ ਵੇਖ ਰਹੀ ਹੈ।

ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਵੀ ਇੱਕ ਆਪ ਆਗੂ ਅਤੇ ਸਰਪੰਚ ਦਾ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਭਾਵੇਂ ਕਿ ਪੁਲਿਸ ਦੇ ਵੱਲੋਂ ਕੁਝ ਸਮੇਂ ਬਾਅਦ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਸਵਾਲ ਇਹ ਹੈ ਕਿ ਇਹ ਗੋਲੀਬਾਰੀ ਦੀਆਂ ਘਟਨਾਵਾਂ ਆਖਰ ਕਦੋਂ ਪੰਜਾਬ ਦੇ ਅੰਦਰ ਰੁਕਣਗੀਆਂ?

 

ਵੱਡਾ ਧਮਾਕਾ, 16 ਮਜ਼ਦੂਰਾਂ ਦੀ ਦਰਦਨਾਕ ਮੌਤ!

 

ਵੱਡਾ ਧਮਾਕਾ, 16 ਮਜ਼ਦੂਰਾਂ ਦੀ ਦਰਦਨਾਕ ਮੌਤ!

ਮੇਘਾਲਿਆ, 6 ਫਰਵਰੀ 2026

ਮੇਘਾਲਿਆ ਦੇ ਪੂਰਬੀ ਜੈਂਤੀਆ ਹਿਲਜ਼ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ “ਗੈਰ-ਕਾਨੂੰਨੀ” ਕੋਲਾ ਖਾਨ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 16 ਮਜ਼ਦੂਰ ਮਾਰੇ ਗਏ ਅਤੇ ਕਈ ਹੋਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਆਈ ਨੋਂਗਰਾਂਗ ਨੇ ਦਿੱਤੀ।

ਡੀਜੀਪੀ ਨੇ ਕਿਹਾ ਕਿ ਇਹ ਘਟਨਾ ਥਾਂਸਕੂ ਖੇਤਰ ਵਿੱਚ ਵਾਪਰੀ ਅਤੇ ਬਚਾਅ ਟੀਮਾਂ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ। ਉਨ੍ਹਾਂ ਕਿਹਾ, “ਅਸੀਂ ਹੁਣ ਤੱਕ 16 ਲਾਸ਼ਾਂ ਬਰਾਮਦ ਕੀਤੀਆਂ ਹਨ, ਪਰ ਧਮਾਕੇ ਸਮੇਂ ਖਾਨ ਦੇ ਅੰਦਰ ਕਿੰਨੇ ਲੋਕ ਸਨ, ਇਸ ਬਾਰੇ ਸਾਡੇ ਕੋਲ ਸਹੀ ਜਾਣਕਾਰੀ ਨਹੀਂ ਹੈ। ਕਈ ਹੋਰ ਫਸੇ ਹੋਣ ਦਾ ਖਦਸ਼ਾ ਹੈ।”

ਪੂਰਬੀ ਜੈਂਤੀਆ ਹਿਲਜ਼ ਦੇ ਪੁਲਿਸ ਸੁਪਰਡੈਂਟ ਵਿਕਾਸ ਕੁਮਾਰ ਨੇ ਕਿਹਾ ਕਿ ਘਟਨਾ ਵਿੱਚ ਜ਼ਖਮੀ ਹੋਏ ਇੱਕ ਵਿਅਕਤੀ ਨੂੰ ਪ੍ਰਾਇਮਰੀ ਸਿਹਤ ਕੇਂਦਰ ਲਿਜਾਇਆ ਗਿਆ ਅਤੇ ਫਿਰ ਬਿਹਤਰ ਇਲਾਜ ਲਈ ਰਾਜ ਦੀ ਰਾਜਧਾਨੀ ਸ਼ਿਲਾਂਗ ਰੈਫਰ ਕਰ ਦਿੱਤਾ ਗਿਆ। ਧਮਾਕਾ ਸਾਈਟ ‘ਤੇ ਕੋਲਾ ਮਾਈਨਿੰਗ ਗਤੀਵਿਧੀਆਂ ਦੌਰਾਨ ਹੋਇਆ ਹੋਣ ਦਾ ਸ਼ੱਕ ਹੈ, ਜਿਸਨੂੰ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ। ਜਦੋਂ ਪੁੱਛਿਆ ਗਿਆ ਕਿ ਕੀ ਖਾਨ ਗੈਰ-ਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਸੀ, ਤਾਂ ਪੁਲਿਸ ਸੁਪਰਡੈਂਟ ਨੇ ਕਿਹਾ, “ਹਾਂ, ਅਜਿਹਾ ਲੱਗਦਾ ਹੈ।”

ਉਨ੍ਹਾਂ ਕਿਹਾ ਕਿ ਧਮਾਕੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸਦੀ ਜਾਂਚ ਕੀਤੀ ਜਾਵੇਗੀ। ਇਹ ਧਿਆਨ ਦੇਣ ਯੋਗ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ 2014 ਵਿੱਚ ਮੇਘਾਲਿਆ ਵਿੱਚ ਰੈਟ-ਹੋਲ ਕੋਲਾ ਮਾਈਨਿੰਗ ਅਤੇ ਹੋਰ ਗੈਰ-ਵਿਗਿਆਨਕ ਮਾਈਨਿੰਗ ਤਰੀਕਿਆਂ ‘ਤੇ ਪਾਬੰਦੀ ਲਗਾ ਦਿੱਤੀ ਸੀ।

 

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ ਵੱਡਾ ਐਲਾਨ, 15 ਫਰਵਰੀ ਨੂੰ ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਹੋਵੇਗੀ ਪੋਲ ਖੋਲ੍ਹ ਰੈਲੀ

 

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ ਵੱਡਾ ਐਲਾਨ, 15 ਫਰਵਰੀ ਨੂੰ ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਹੋਵੇਗੀ ਪੋਲ ਖੋਲ੍ਹ ਰੈਲੀ

ਪੁਰਾਣੇ-ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਨੇ 15 ਫ਼ਰਵਰੀ, ਸੰਗਰੂਰ ਰੈਲੀ ਦੀ ਤਿਆਰੀ ਵਜੋਂ ਬਲਾਕ ਨਾਭਾ ਦੀ ਕੀਤੀ ਮੀਟਿੰਗ

ਚੰਡੀਗੜ੍ਹ, 6 ਫਰਵਰੀ 2026 –

ਪੁਰਾਣੇ-ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਵੱਲੋਂ ਬਲਾਕ ਨਾਭਾ ਦੀ ਮੀਟਿੰਗ ਸ਼ਾਹੀ ਸਮਾਧਾਂ ਵਿਖੇ ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਪਟਿਆਲਾ ਦੇ ਮੀਤ ਪ੍ਰਧਾਨ ਡਾ. ਰਾਮ ਸ਼ਰਨ ਦੀ ਪ੍ਰਧਾਨਗੀ ਹੇਠ ਹੋਈ। ਮੋਰਚੇ ਦੀ ਇਸ ਮੀਟਿੰਗ ਵਿੱਚ ਡੀ.ਟੀ. ਐੱਫ, 4161 ਅਧਿਆਪਕ ਯੂਨੀਅਨ ਅਤੇ ਵੈਟਰਨਰੀ ਇੰਸਪੈਕਟਰ ਐਸੋਸ਼ੀਏਸ਼ਨ ਦੇ ਆਗੂਆਂ ਨੇ ਹਿੱਸਾ ਲਿਆ।

ਮੀਟਿੰਗ ਦੌਰਾਨ ਮੋਰਚੇ ਦੇ ਆਗੂਆਂ ਡਾ. ਰਾਮਸ਼ਰਨ, ਭਜਨ ਸਿੰਘ ਨੌਹਰਾ, ਗੁਰਪ੍ਰੀਤ ਸਿੰਘ ਨਾਭਾ, ਲੈਕਚਰਾਰ ਕੁਲਵੰਤ ਸਿੰਘ, ਪਵਨ ਕੁਮਾਰ ਅਤੇ ਵੈਟਰਨਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਤੇ ਜੋਗਾ ਸਿੰਘ ਹੁਰਾਂ ਨੇ ਸੰਬੋਧਨ ਹੁੰਦੇ ਹੋਏ ਦੱਸਿਆ ਕਿ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮਸਲਿਆਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ।

ਪੰਜਾਬ ਸਰਕਾਰ ਵੱਲੋਂ 18-11-2022 ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਜਾਰੀ ਕੀਤੇ ਅਧੂਰੇ ਨੋਟੀਫ਼ਿਕੇਸ਼ਨ ਨੂੰ ਅਜੇ ਤੱਕ ਲਾਗੂ ਨਾ ਕਰਨ ਕਰਕੇ 2004 ਤੋਂ ਬਾਅਦ ਭਰਤੀ ਮੁਲਾਜ਼ਮ ਅਤੇ ਅਧਿਆਪਕਾਂ ਵਿੱਚ ਵੱਡੇ ਪੱਧਰ ‘ਤੇ ਰੋਸ ਅਤੇ ਗੁੱਸਾ ਹੈ।

ਉੱਥੇ ਹੀ ਛੇਵੇਂ ਪੇ-ਸਕੇਲ ਦੀ ਰਿਪੋਰਟ ਪੂਰਨ ਰੂਪ ਵਿੱਚ ਲਾਗੂ ਨਹੀਂ ਹੋਈ ਤੇ 17-07-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਕੇਂਦਰ ਦੇ ਨਾਂ ਹੇਠ ਥੋਪੇ ਨਵੇਂ ਸਕੇਲਾਂ, ਪੰਜਾਬ ਸਕੇਲ ਅਤੇ ਮੁਲਾਜ਼ਮਾਂ ਤੇ ਅਧਿਆਪਕਾਂ ਨੂੰ ਵਿਸ਼ੇਸ਼ ਖੇਤਰਾਂ ਵਿੱਚ ਕੰਮ ਕਰਨ ‘ਤੇ ਉਤਸ਼ਾਹਿਤ ਕਰਨ ਮਿਲਦੇ ਵੱਖ-ਵੱਖ 37 ਤਰ੍ਹਾਂ ਦੇ ਬੰਦ ਕੀਤੇ ਭੱਤਿਆਂ ਨੂੰ ਬਹਾਲ ਕਰਵਾਉਣ ਲਈ ਮੋਰਚੇ ਵੱਲੋਂ ਇਕੱਠੇ ਹੋ ਕੇ ਤਿੱਖਾ ਸੰਘਰਸ਼ ਕਰਨ ਦਾ ਸੱਦਾ ਦਿੱਤਾ ਗਿਆ ਹੈ।

ਉੱਥੇ ਹੀ 15 ਫ਼ਰਵਰੀ ਦੀ ਸੰਗਰੂਰ ਰੈਲੀ ਨੂੰ ਕਾਮਯਾਬ ਬਣਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਮੁਲਾਜ਼ਮਾਂ ਤੇ ਅਧਿਆਪਕਾਂ ਦੀ ਲਾਮਬੰਦੀ ਕਰਕੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।

ਇਸ ਮੌਕੇ ਲਖਵੀਰ ਸਿੰਘ, ਰਵਿੰਦਰ ਰਾਜਨ, ਦੀਪਕ ਸਿੰਗਲਾ, ਕੇਵਲ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਕੁਲਦੀਪ ਸਿੰਘ ਗੋਬਿੰਦਪੁਰਾ, ਪਰਮਿੰਦਰ ਸਿੰਘ, ਰੋਹਿਤ ਡੱਲਾ, ਅਮਿਤ ਭਾਟੀਆ, ਮਾਲਵਿੰਦਰ ਸਿੰਘ, ਪ੍ਰਦੀਪ ਕੁਮਾਰ, ਗੌਰਵ ਕਾਲੜਾ, ਧਰਮਦੀਪ ਸਿੰਘ, ਬਾਗੀਸ਼ ਕੁਮਾਰ, ਅਰਜਨ ਸਿੰਘ, ਅਸ਼ਵਨੀ ਕੁਮਾਰ, ਜਤਿਨ ਬਾਂਸਲ, ਟੈਨੀ ਬਾਂਸਲ, ਗੁਰਪ੍ਰੀਤ ਸਿੰਘ, ਨੀਰਜ ਸ਼ਰਮਾਂ ਅਤੇ ਮੈਡਮ ਮੀਨਾ ਤੇ ਜੋਤੀ ਸ਼ਰਮਾ ਹਾਜ਼ਰ ਰਹੇ।

Punjab Rain Alert! ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਭਾਰੀ ਮੀਂਹ ਪੈਣ ਦੀ ਚੇਤਾਵਨੀ!

 

Punjab Rain Alert! ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਭਾਰੀ ਮੀਂਹ ਪੈਣ ਦੀ ਚੇਤਾਵਨੀ!

Punjab Network

ਚੰਡੀਗੜ੍ਹ, 6 ਫਰਵਰੀ 2026 –

Punjab Rain Alert! ਮੌਸਮ ਵਿਭਾਗ ਨੇ ਕਿਹਾ ਕਿ ਇੱਕ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ 9 ਅਤੇ 10 ਫਰਵਰੀ ਦੀ ਰਾਤ ਨੂੰ ਮੌਸਮ ਬਦਲ ਸਕਦਾ ਹੈ। ਇਸ ਸਮੇਂ ਦੌਰਾਨ ਮੈਦਾਨੀ ਇਲਾਕਿਆਂ ਵਿੱਚ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਇਸੇ ਦੇ ਮੱਦੇਨਜ਼ਰ ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਪੱਛਮੀ ਗੜਬੜੀ 9 ਫਰਵਰੀ ਨੂੰ ਸਰਗਰਮ ਹੋ ਜਾਵੇਗੀ, ਜਿਸਦੇ ਨਤੀਜੇ ਵਜੋਂ 10 ਫਰਵਰੀ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ।

ਹਾਲਾਂਕਿ, ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 5 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਉਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਨੇ ਮੀਂਹ ਅਤੇ ਧੁੰਦ ਦੇ ਮੱਦੇਨਜ਼ਰ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।

ਫੇਰ ਠੰਢ ਵਾਪਸ ਆਵੇਗੀ?

ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਭਾਵੇਂ ਮੀਂਹ ਹਲਕਾ ਹੋਵੇਗਾ, ਪਰ ਉੱਤਰ-ਪੱਛਮੀ ਬਰਫ਼ੀਲੀਆਂ ਹਵਾਵਾਂ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ ਲਿਆਉਣਗੀਆਂ। ਮੀਂਹ ਤੋਂ ਬਾਅਦ ਰਾਤ ਅਤੇ ਸਵੇਰ ਦੇ ਘੰਟਿਆਂ ਦੌਰਾਨ ਠੰਢ ਵਧੇਗੀ। ਹਲਕੀ ਬਾਰਿਸ਼ ਅਤੇ ਨਮੀ ਦੇਰ ਰਾਤ ਅਤੇ ਸਵੇਰ ਦੇ ਘੰਟਿਆਂ ਦੌਰਾਨ ਹਲਕੀ ਧੁੰਦ ਦਾ ਕਾਰਨ ਬਣ ਸਕਦੀ ਹੈ, ਜਿਸ ਨਾਲ ਦ੍ਰਿਸ਼ਟੀ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।

ਵੀਰਵਾਰ ਨੂੰ ਦਿੱਲੀ-ਐਨਸੀਆਰ ਵਿੱਚ ਰਾਹਤ ਦਾ ਦਿਨ ਰਿਹਾ। ਸਵੇਰ ਤੋਂ ਹੀ ਆਸਮਾਨ ਸਾਫ਼ ਸੀ, ਅਤੇ ਚਮਕਦਾਰ ਧੁੱਪ ਨੇ ਠੰਢ ਤੋਂ ਰਾਹਤ ਦਿਵਾਈ। ਘੱਟੋ-ਘੱਟ ਤਾਪਮਾਨ 10.4 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 22.1 ਡਿਗਰੀ ਸੈਲਸੀਅਸ ਰਿਹਾ। ਜਿਵੇਂ-ਜਿਵੇਂ ਸ਼ਾਮ ਨੇੜੇ ਆਈ, ਬਰਫੀਲੀਆਂ ਹਵਾਵਾਂ ਨੇ ਇੱਕ ਵਾਰ ਫਿਰ ਠੰਢ ਨੂੰ ਤੇਜ਼ ਕਰ ਦਿੱਤਾ, ਜਿਸ ਦੇ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਹੋਣ ਦੀ ਉਮੀਦ ਹੈ।

 

ਪੁਰਾਣੀ ਪੈਨਸ਼ਨ ਅਤੇ ਭੱਤਿਆਂ ਦੀ ਬਹਾਲੀ ਲਈ ਮੁਲਾਜ਼ਮਾਂ ਨੇ ਖੋਲ੍ਹਿਆ ਮੋਰਚਾ; 15 ਫਰਵਰੀ ਨੂੰ ਸੰਗਰੂਰ ਰੈਲੀ ‘ਚ ਹੋਵੇਗਾ ਸ਼ਕਤੀ ਪ੍ਰਦਰਸ਼ਨ

 

ਪੁਰਾਣੀ ਪੈਨਸ਼ਨ ਅਤੇ ਭੱਤਿਆਂ ਦੀ ਬਹਾਲੀ ਲਈ ਮੁਲਾਜ਼ਮਾਂ ਨੇ ਖੋਲ੍ਹਿਆ ਮੋਰਚਾ; 15 ਫਰਵਰੀ ਨੂੰ ਸੰਗਰੂਰ ਰੈਲੀ ‘ਚ ਹੋਵੇਗਾ ਸ਼ਕਤੀ ਪ੍ਰਦਰਸ਼ਨ

ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਵੱਲੋਂ ਪ੍ਰਮੁੱਖ ਵਿੱਤੀ ਮੰਗਾਂ ਨੂੰ ਲੈ ਕੇ ਸਾਂਝੀ ਮੀਟਿੰਗ

15 ਫਰਵਰੀ ਦੀ ਸੰਗਰੂਰ ਰੈਲੀ ਵਿੱਚ ਬਲਾਕ ਮੱਲਾਂਵਾਲਾ ਤੋਂ ਭਰਵੀਂ ਸ਼ਮੂਲੀਅਤ ਦਾ ਐਲਾਨ

ਫ਼ਿਰੋਜ਼ਪੁਰ /ਮੱਲਾਂਵਾਲਾ 5 ਫਰਵਰੀ 2026- ਪੁਰਾਣੇ-ਸਕੇਲ, ਪੁਰਾਣੀ ਪੈਨਸ਼ਨ, ਭੱਤੇ ਬਹਾਲੀ ਮੋਰਚਾ ਵੱਲੋਂ 15 ਫਰਵਰੀ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਲਈ ਈਟੀਟੀ 6635 ਸੂਬਾ ਪ੍ਰਧਾਨ ਦੀਪਕ ਕੰਬੋਜ, ਡੀਟੀਐਫ ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਪੁਰਾਣੇ ਸਕੇਲ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਅਤੇ ਪੇਂਡੂ ਅਤੇ ਬਾਰਡਰ ਏਰੀਆ ਭੱਤਾ ਸਮੇਤ ਕੱਟੇ ਗਏ 37 ਕਿਸਮ ਦੇ ਭੱਤੇ ਤੇ ਪੈਂਡਿੰਗ 16% ਡੀ ਏ ਦੀਆਂ ਮੰਗਾਂ ਤੋਂ ਭਗੌੜਾ ਹੋ ਚੁੱਕੀ ਸਰਕਾਰ ਵਿਰੁੱਧ ਮੋਰਚੇ ਵੱਲੋਂ 15 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਭਰਵੀਂ ਸ਼ਮੂਲੀਅਤ ਦਾ ਐਲਾਨ ਕੀਤਾ ਗਿਆ।

ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੂਰੇ ਸਾਲ ਦੌਰਾਨ ਮਹਿੰਗਾਈ ਭੱਤੇ ਦੀ ਇੱਕ ਵੀ ਕਿਸ਼ਤ ਜਾਰੀ ਨਹੀਂ ਕੀਤੀ ਭਾਵੇਂ ਉਹ ਕੇਂਦਰ ਦੇ ਮੁਲਾਜ਼ਮਾਂ ਨਾਲੋਂ 16% ਮਹਿੰਗਾਈ ਭੱਤਾ ਘੱਟ ਲੈ ਰਹੇ ਹਨ। ਮੁਲਾਜ਼ਮ ਪੇਂਡੂ ਭੱਤੇ ਅਤੇ ਬਾਰਡਰ ਏਰੀਆ ਭੱਤੇ ਸਮੇਤ 37 ਕਿਸਮ ਦੇ ਭੱਤਿਆਂ ਦੇ ਬਿਨਾਂ ਕੰਮ ਕਰਦੇ ਹੋਏ ਕੇਂਦਰ ਦੇ ਮੁਲਾਜ਼ਮਾਂ ਤੋਂ ਤਨਖਾਹਾਂ ਵਿੱਚ ਪਛੜ ਗਏ ਹਨ।

ਪੰਜਾਬ ਸਰਕਾਰ 17-07-2020 ਜਾਂ ਇਸ ਤੋਂ ਬਾਅਦ ਹੋਈਆਂ ਭਰਤੀਆਂ ਵਾਲੇ ਮੁਲਾਜ਼ਮਾਂ ਨੂੰ ਅਧੂਰੇ ਕੇਂਦਰੀ ਸਕੇਲ ਦੇ ਕੇ ਆਰਥਿਕ ਸ਼ੋਸਣ ਕਰ ਰਹੀ ਹੈ। ਇਹਨਾਂ ਮੁਲਾਜ਼ਮਾਂ ਦੀ ਤਨਖਾਹ ਦਾ ਪੁਰਾਣੇ ਸਕੇਲਾਂ ਵਾਲੇ ਮੁਲਾਜ਼ਮਾਂ ਨਾਲੋਂ ਅੰਤਰ ਕਾਫ਼ੀ ਵੱਡਾ ਹੋ ਗਿਆ ਹੈ ਜੋ ਇੰਨ੍ਹਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇ ਕਾਨੂੰਨ ਦੀ ਸਪਸ਼ਟ ਉਲੰਘਣਾ ਹੈ। ਪੰਜਾਬ ਸਰਕਾਰ ਪੰਜਾਬ ਪੇ ਸਕੇਲਾਂ ਸਬੰਧੀ ਆਏ ਅਦਾਲਤੀ ਫੈਸਲਿਆਂ ਨੂੰ ਟੇਡੇ ਢੰਗ ਨਾਲ ਲਾਗੂ ਕਰਦਿਆਂ ਸਮੁੱਚੇ ਰੂਪ ਵਿੱਚ ਛੇਵਾਂ ਪੰਜਾਬ ਪੇਅ ਕਮਿਸ਼ਨ ਸਮੇਤ 15% ਤਨਖ਼ਾਹ ਵਾਧੇ ਅਨੁਸਾਰ ਤਨਖਾਹਾਂ ਫਿਕਸ ਕਰਨ ਤੋਂ ਭੱਜ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਮਿਤੀ 18-10-2022 ਨੂੰ ਪੁਰਾਣੀ ਪੈਨਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਸਾਲ 1972 ਦੇ ਨਿਯਮਾਂ ਅਨੁਸਾਰ ਸਟੈਂਡਰਡ ਆਪਰੇਟਿਵ ਪ੍ਰੋਸੀਜ਼ਰ (SOP) ਜਾਰੀ ਕਰਵਾਕੇ ਜੀ.ਪੀ.ਐੱਫ. ਖਾਤੇ ਖੁਲ੍ਹਵਾਉਣ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਵੱਲ ਕੋਈ ਕਦਮ ਨਹੀਂ ਉਠਾਇਆ ਹੈ। ਜਿਸ ਕਾਰਣ ਸਮੁੱਚਾ ਮੁਲਾਜ਼ਮ ਵਰਗ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਤੋਂ ਖਫ਼ਾ ਹੈ।

ਇਸ ਮੌਕੇ ਬਲਾਕ ਪ੍ਰਧਾਨ 6635 ਹਰਜੀਤ ਸਿੰਘ ਅਤੇ ਸੂਬਾ ਕਮੇਟੀ ਮੈਂਬਰ (6635) ਸੁਮਿਤ ਕੰਬੋਜ ਨੇ ਕਿਹਾ ਕਿ ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਵੱਲੋਂ ਸੰਗਰੂਰ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਸਾਰੇ ਬਲਾਕਾਂ ਅਤੇ ਸਾਡੇ ਬਲਾਕ ਮੱਲਾਂਵਾਲਾ ਤੋਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਸੁਖਬੀਰ ਸਿੰਘ , ਹਰਬੰਸ ਸਿੰਘ, ਅਮਨਦੀਪ ਸਿੰਘ, ਸਚਿਨ, ਹਰਬੰਸ ਸਿੰਘ , ਰਮਨਦੀਪ ਸਿੰਘ ,ਪ੍ਰਵੀਨ ਕੌਰ ਜਸਕਰਨ ਸਿੰਘ ਅਤੇ ਹੋਰ ਸਾਥੀ ਹਾਜ਼ਰ ਸਨ।

20 ਸਾਲਾਂ ਦੀ ਨੌਕਰੀ ਤੋਂ ਬਾਅਦ ਸਿੱਖਿਆ ਵਿਭਾਗ ਦੇ ਦਫ਼ਤਰੀ ਕਰਮਚਾਰੀਆਂ ਦੀਆਂ ਤਨਖਾਹਾਂ 50000 ਤੋਂ 19000 ਕਰਨ ਦੀ ਤਿਆਰੀ ‘ਚ ਪੰਜਾਬ ਸਰਕਾਰ

 

20 ਸਾਲਾਂ ਦੀ ਨੌਕਰੀ ਤੋਂ ਬਾਅਦ ਸਿੱਖਿਆ ਵਿਭਾਗ ਦੇ ਦਫ਼ਤਰੀ ਕਰਮਚਾਰੀਆਂ ਦੀਆਂ ਤਨਖਾਹਾਂ 50000 ਤੋਂ 19000 ਕਰਨ ਦੀ ਤਿਆਰੀ ‘ਚ ਪੰਜਾਬ ਸਰਕਾਰ

01.04.2018 ਤੋਂ ਰੈਗੂਲਰ ਆਰਡਰ ਨਾ ਦੇਣ ਦੇ ਰੋਸ ਵਜੋਂ 17 ਫਰਵਰੀ ਨੂੰ ਸਮੂਹਿਕ ਛੁੱਟੀ ਲੈ ਕੇ ਸਿੱਖਿਆ ਭਵਨ ਦਾ ਘਿਰਾਓ ਕਰਨਗੇ ਦਫਤਰੀ ਮੁਲਾਜ਼ਮ

ਮੰਤਰੀ ਪ੍ਰੀਸ਼ਦ ਦਾ ਪਾਸ ਨੋਟੀਫਿਕੇਸ਼ਨ 6 ਮਹੀਨਿਆਂ ਤੋਂ ਸਿੱਖਿਆ ਵਿਭਾਗ ਦੇ ਟੇਬਲਾਂ ਦਾ ਸਿਰਫ਼ ਸ਼ਿੰਗਾਰ ਬਣਿਆ

ਵਿੱਤ ਮੰਤਰੀ ਦੇ ਹੁਕਮਾਂ ਅਨੁਸਾਰ 10 ਅਕਤੂਬਰ ਨੂੰ ਸਿੱਖਿਆ ਸਕੱਤਰ ਨੂੰ ਦਿੱਤੇ ਬੇਨਤੀ ਪੱਤਰ ‘ਤੇ ਵੀ 5 ਮਹੀਨਿਆਂ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ

08/09/2025 ਦੀ ਕੈਬਨਿਟ ਮੀਟਿੰਗ ਵਿੱਚ ਰੈਗੂਲਰ ਕਰਨ ਅਤੇ ਤਨਖਾਹਾਂ ਦਾ ਮਾਮਲਾ ਹੱਲ ਕਰਨ ਦੇ ਦਿੱਤੇ ਆਦੇਸ਼ਾਂ ਦੇ ਬਾਵਜੂਦ ਸਿੱਖਿਆ ਵਿਭਾਗ ਨੇ 6 ਮਹੀਨਿਆਂ ਤੋਂ ਮਾਮਲਾ ਦਫ਼ਤਰੀ ਫ਼ਾਈਲਾਂ ਵਿੱਚ ਉਲਝਾਇਆ ਹੋਇਆ ਹੈ

ਲੁਧਿਆਣਾ, 5 ਫਰਵਰੀ 2026- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ 08/09/2025 ਨੂੰ ਫੈਸਲਾ ਲੈਣ ਅਤੇ ਉਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜ਼ਾਰੀ ਕਰਨ ਦੇ 6 ਮਹੀਨੇ ਬੀਤਣ ‘ਤੇ ਵੀ ਫੈਸਲੇ ‘ਤੇ ਕੋਈ ਕਾਰਵਾਈ ਨਾ ਹੋਣਾ ਸੂਬੇ ਦੀ ਸਰਕਾਰ ਦੀ ਕਾਰਗੁਜ਼ਾਰੀ ਦਾ ਚਿਹਰਾ ਸਾਫ਼-ਸਾਫ਼ ਦਰਸਾਉਂਦਾ ਹੈ।

ਸਮੱਗਰਾ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਦਫ਼ਤਰੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਕੈਬਨਿਟ ਮੀਟਿੰਗ ਵਿੱਚ ਫੈਸਲਾ ਲੈਣ ਦੇ ਬਾਵਜੂਦ ਵੀ ਛੇ ਮਹੀਨਿਆਂ ਵਿੱਚ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।

ਇਸ ਦੇ ਨਾਲ ਹੀ ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਸੰਬੰਧੀ ਤਨਖਾਹਾਂ ਨਾ ਘਟਾਉਣ ਅਤੇ ਠੋਸ ਫੈਸਲਾ ਲੈਣ ਦੀ ਹਦਾਇਤ ਦੇ ਬਾਵਜੂਦ ਵੀ ਅਧਿਕਾਰੀਆਂ ਵੱਲੋਂ ਸਰਕਾਰ ਦੇ ਹੁਕਮਾਂ ਨੂੰ ਅਣਗੌਲਿਆ ਕੀਤਾ ਗਿਆ।

ਤਤਕਾਲੀ ਸਕੱਤਰ ਸਕੂਲ ਸਿੱਖਿਆ ਵੱਲੋਂ ਜਥੇਬੰਦੀ ਨਾਲ ਮਿਤੀ 10/10/2025 ਨੂੰ ਮੀਟਿੰਗ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨਾਲ ਹੋਈ ਵਿਚਾਰ ਚਰਚਾ ਅਨੁਸਾਰ ਕਰਮਚਾਰੀਆਂ ਨੂੰ 01.04.2018 ਤੋਂ ਅਧਿਆਪਕਾਂ ਦੀ ਤਰ੍ਹਾਂ ਰੈਗੂਲਰ ਕਰਨ ਅਤੇ ਤਨਖਾਹਾਂ ਨਾ ਘਟਾਉਣ ਸਬੰਧੀ ਗੱਲਬਾਤ ਹੋਈ ਸੀ ਜਿਸ ਦੌਰਾਨ ਉਨ੍ਹਾਂ ਨੂੰ ਬੇਨਤੀ ਪੱਤਰ ਵੀ ਦਿੱਤਾ ਗਿਆ ਸੀ ਪ੍ਰੰਤੂ 5 ਮਹੀਨੇ ਬੀਤਣ ‘ਤੇ 01.04.2018 ਤੋਂ ਆਰਡਰ ਦੇਣ ਜਾਂ ਤਨਖਾਹਾਂ ਸਬੰਧੀ ਫੈਸਲਾ ਲੈਣ ਦੀ ਫਾਈਲ ਸਿੱਖਿਆ ਸਕੱਤਰ ਦਫ਼ਤਰ ਦੇ ਇਕ ਟੇਬਲ ਤੋਂ ਦੂਜੇ ਟੇਬਲ ‘ਤੇ ਹੀ ਘੁੰਮ ਰਹੀ ਹੈ।

ਸਾਲ 2018 ਦੌਰਾਨ ਸਿੱਖਿਆ ਵਿਭਾਗ ਦੇ 8886 ਅਧਿਆਪਕਾਂ ਨੂੰ ਸਰਕਾਰ ਵੱਲੋਂ ਰੈਗੂਲਰ ਕੀਤਾ ਗਿਆ ਸੀ, ਉਸ ਸਮੇਂ ਦਫ਼ਤਰੀ ਕਰਮਚਾਰੀਆਂ ਨੂੰ ਅਣਗੌਲਿਆ ਕੀਤਾ ਗਿਆ।

ਦਫ਼ਤਰੀ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਵਿਤਕਰੇ ਖਿਲਾਫ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਅਤੇ ਅਦਾਲਤ ਵੱਲੋਂ ਸਰਕਾਰ ਨੂੰ ਮੁਲਾਜ਼ਮਾਂ ਨਾਲ ਕੀਤੇ ਵਿਤਕਰੇ ‘ਤੇ ਪੂਰੀ ਝਾੜ ਪਾਈ ਅਤੇ ਉਸ ਸਮੇਂ ਦੇ ਤਤਕਾਲੀ ਸਕੱਤਰ ਸਕੂਲ ਸਿੱਖਿਆ ਵੱਲੋਂ ਅਦਾਲਤ ਵਿੱਚ ਪੇਸ਼ ਹੋ ਕੇ ਮੰਨਿਆ ਕਿ ਇਹ ਵਿਭਾਗੀ ਗਲਤੀ ਹੈ, ਇਸਨੂੰ ਦਰੁਸਤ ਕਰਕੇ ਅਧਿਆਪਕਾਂ ਦੀ ਤਰ੍ਹਾਂ ਸਮਾਨਤਾ ਦੇ ਅਧਿਕਾਰ ਅਨੁਸਾਰ ਦਫ਼ਤਰੀ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇਗਾ ਪਰ ਫਿਰ ਰੈਗੂਲਰ ਦਾ ਨੋਟੀਫ਼ਿਕੇਸ਼ਨ ਕਰਨ ਸਮੇਂ ਅਦਾਲਤ ਦੀਆਂ ਕੀਤੀਆਂ ਟਿੱਪਣੀਆਂ ਨੂੰ ਦਰਕਿਨਾਰ ਕਰਦੇ ਹੋਏ ਫੈਸਲੇ ਨੂੰ ਤੋੜ ਮਰੋੜ ਕੇ ਕੀਤਾ ਗਿਆ ਜੋ ਕਿ ਅੱਜ ਤੱਕ ਲਾਗੂ ਨਹੀਂ ਹੋਇਆ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਕੁਲਦੀਪ ਸਿੰਘ, ਰਜਿੰਦਰ ਸਿੰਘ ਸੰਧਾ, ਗੁਰਮੀਤ ਸਿੰਘ, ਪ੍ਰਵੀਨ ਸ਼ਰਮਾ, ਜਗਮੋਹਨ ਸਿੰਘ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਨੇ ਕੱਚੇ ਮੁਲਾਜ਼ਮਾਂ ਦੀ ਜਵਾਨੀ ਰੋਲ ਕੇ ਰੱਖ ਦਿੱਤੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਦੇ ਭਵਿੱਖ ਨੂੰ ਰੋਲਣ ਦੀ ਤਿਆਰੀ ਕਰ ਰਹੀ ਹੈ। ਆਗੂਆਂ ਨੇ ਦੱਸਿਆ ਕਿ ਸਰਕਾਰ ਮੁਲਾਜ਼ਮਾਂ ਨਾਲ ਮੀਟਿੰਗਾਂ ਦੌਰਾਨ ਮੰਗਾਂ ‘ਤੇ ਸਹਿਮਤੀ ਕਰਦੀ ਹੈ ਪਰ ਮੰਗਾਂ ਲਾਗੂ ਨਹੀਂ ਹੋ ਰਹੀਆਂ ਜਿਸ ਕਰਕੇ ਸਮੂਹ ਮੁਲਾਜ਼ਮ ਵਰਗ ਵਿਚ ਸਰਕਾਰ ਪ੍ਰਤੀ ਰੋਸ ਹੈ।

ਆਗੂਆਂ ਨੇ ਕਿਹਾ ਕਿ ਦਫ਼ਤਰੀ ਮੁਲਾਜ਼ਮ 01-04-2018 ਤੋਂ ਰੈਗੂਲਰ ਆਰਡਰ ਦੇਣ ਦੀ ਮੰਗ, ਤਨਖਾਹਾਂ ਨਾ ਘਟਾਉਣ ਦੀ ਮੰਗ ਅਤੇ ਮਿਡ ਡੇ ਮੀਲ ਦਫ਼ਤਰੀ ਮੁਲਾਜ਼ਮਾਂ ਨੂੰ ਵੀ ਨਾਲ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ 17 ਫਰਵਰੀ ਨੂੰ ਸਮੂਹਿਕ ਛੁੱਟੀ ਲੈ ਕੇ ਸਿੱਖਿਆ ਭਵਨ ਮੋਹਾਲੀ ਅਤੇ ਡੀ.ਪੀ.ਆਈ ਦਫਤਰ ਦਾ ਘਿਰਾਓ ਕਰਨਗੇ ਅਤੇ ਮੰਗਾਂ ‘ਤੇ ਠੋਸ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲ ਵੀ ਮਾਰਚ ਕਰਨਗੇ।

ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਨੂੰ 01/04/2018 ਤੋਂ ਰੈਗੂਲਰ ਕਰਨ ਦੀ ਮੰਗ ‘ਤੇ ਜਲਦ ਕੋਈ ਠੋਸ ਫੈਸਲਾ ਨਾ ਲਿਆ ਅਤੇ ਆਰਡਰ ਨਾ ਦਿੱਤੇ ਤਾਂ ਮੁਲਾਜ਼ਮ ਸੰਘਰਸ਼ ਤੇਜ਼ ਕਰਦੇ ਹੋਏ ਕੰਮ ਠੱਪ ਕਰਨ ਨੂੰ ਵੀ ਮਜ਼ਬੂਰ ਹੋਣਗੇ।

Punjab News: ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋਂ ਸਰਕਾਰ ਨੂੰ ਅਲਟੀਮੇਟਮ: 6 ਫਰਵਰੀ ਦੀ ਮੀਟਿੰਗ ਬੇਸਿੱਟਾ ਰਹੀ ਤਾਂ 16 ਨੂੰ ਹੋਵੇਗਾ ਵੱਡਾ ਰੋਸ ਪ੍ਰਦਰਸ਼ਨ

 

ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋਂ ਸਰਕਾਰ ਨੂੰ ਅਲਟੀਮੇਟਮ: 6 ਫਰਵਰੀ ਦੀ ਮੀਟਿੰਗ ਬੇਸਿੱਟਾ ਰਹੀ ਤਾਂ 16 ਨੂੰ ਹੋਵੇਗਾ ਵੱਡਾ ਰੋਸ ਪ੍ਰਦਰਸ਼ਨ

ਮੀਟਿੰਗ ਵਿੱਚ ਹੱਲ ਨਾ ਹੋਇਆ ਤਾਂ 16 ਫਰਵਰੀ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ

ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ

ਮਾਨਸਾ 5 ਫਰਵਰੀ 2026- ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ, ਆਈ.ਈ.ਵੀ ਅਤੇ ਸਿੱਖਿਆ ਪ੍ਰੋਵਾਈਡਰ ਆਪਣੀ ਬਹਾਲੀ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਲੁਧਿਆਣਾ ਜ਼ਿਮਨੀ ਚੋਣਾਂ ਦੌਰਾਨ 15 ਜੂਨ ਨੂੰ ਫਿਲੌਰ ਵਿਖੇ ਕੀਤੀ ਗਈ ਮੀਟਿੰਗ ਵਿੱਚ ਸਾਡੀ ਜਥੇਬੰਦੀ ਦੇ ਸਮੂਹ ਵਲੰਟੀਅਰਾਂ ਨੂੰ ਜਲਦ ਹੀ ਬਿਨਾਂ ਕਿਸੇ ਦੇਰੀ ਤੋਂ ਵਿਭਾਗਾਂ ਨੂੰ ਕਮੇਟੀ ਦਾ ਗਠਨ ਕਰਕੇ ਬਹਾਲ ਕਰਨ ਦੇ ਹੁਕਮ ਦਿੱਤੇ ਸਨ ਅਤੇ 15 ਦਿਨਾਂ ਦੇ ਅੰਦਰ-ਅੰਦਰ ਬਹਾਲੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਿਹਾ ਗਿਆ ਸੀ।

ਪਰ ਅੱਜ ਪੂਰੇ ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਸਾਡੀ ਬਹਾਲੀ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਹੈ।

ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਸਕੱਤਰ ਵੱਲੋਂ 6 ਫਰਵਰੀ ਨੂੰ ਯੂਨੀਅਨ ਨਾਲ ਹੋਣ ਵਾਲੀ ਮੀਟਿੰਗ ਵਿੱਚ ਕੋਈ ਪੁਖਤਾ ਜਾਂ ਠੋਸ ਹੱਲ ਨਾ ਕੀਤਾ ਗਿਆ, ਤਾਂ ਯੂਨੀਅਨ ਵੱਲੋਂ 16 ਫਰਵਰੀ ਨੂੰ ਅਜੀਤਵਾਲ (ਮੋਗਾ) ਵਿਖੇ ਕਾਲੀਆਂ ਝੰਡੀਆਂ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਪ੍ਰੈਲ ਤੱਕ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕਾ ਧਰਨਾ ਲਾਇਆ ਜਾਵੇਗਾ।

ਇਸ ਮੌਕੇ ਲਖਵਿੰਦਰ ਕੌਰ, ਅਮਨਦੀਪ ਧਾਲੀਵਾਲ, ਵਰੁਣ ਖੇੜਾ, ਜਸਵਿੰਦਰ ਕੌਰ, ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ, ਵਜੀਰ ਸਿੰਘ, ਮਨਿੰਦਰ ਮਾਨਸਾ, ਗੁਰਸੇਵਕ ਸਿੰਘ, ਕਰਮਜੀਤ ਕੌਰ, ਜਰਨੈਲ ਸਿੰਘ ਕਾਹਨਗੜ੍ਹ, ਦਰਸ਼ਨ ਸਿੰਘ ਕੁਲਰੀਆ, ਮੋਹਨਜੀਤ ਕੌਰ, ਹਰਮਨਜੀਤ ਕੌਰ, ਬਲਵਿੰਦਰ ਕੌਰ, ਵਜ਼ੀਰ ਸਿੰਘ, ਵੀਰਪਾਲ ਕੌਰ ਦਾਨੇਵਾਲਾ ਅਤੇ ਸਮੂਹ ਸਾਥੀ ਹਾਜ਼ਰ ਸਨ।

 

India-US agreement! ਭਾਰਤ-ਅਮਰੀਕਾ ਸਮਝੌਤਾ! ਭਾਰਤੀ ਲੋਕਾਂ ਨਾਲ ਧ੍ਰੋਹ

 

India-US agreement! ਭਾਰਤ-ਅਮਰੀਕਾ ਸਮਝੌਤਾ! ਭਾਰਤੀ ਲੋਕਾਂ ਨਾਲ ਧ੍ਰੋਹ

ਜਗਮੇਲ ਸਿੰਘ

India-US agreement! ਟਰੰਪ ਦਾ ਟਵਿੱਟਰ ਬੋਲਿਆ। ਪਹਿਲਾਂ ਵੀ ਉਹੀ ਬੋਲਦਾ।ਬੋਲਦਾ ਕਾਹਨੂੰ ਆ, ਗਲ਼ ਪੈਂਦਾ। ਠੂੰਹੇਂ ਸਿੱਟਦਾ। ਵੈਨਜ਼ੂਏਲਾ ‘ਤੇ ਤਾਂ ਬੰਬ ਸਿੱਟ ਹੀ ਦਿੱਤੇ। ਈਰਾਨ ‘ਤੇ ਸਿੱਟਣ ਨੂੰ ਫਿਰਦਾ। ਕਈਆਂ ‘ਤੇ ਪਾਬੰਦੀਆਂ।ਭਾਰਤ ਨੂੰ ਧਮਕੀਆਂ।ਕਦੇ ਟੈਰਿਫ ਵਧਾਉਣ ਦੀਆਂ।ਕਦੇ ਪਾਬੰਦੀਆਂ ਲਾਉਣ ਦੀਆਂ। ਦਬਕੇ ਤੇ ਦਬਕਾ, “ਮੇਰੀ ਗੱਲ ਮੰਨ ਲਓ, ਨਹੀਂ…….”।ਆਖਰ ਉਹਦੀ ਮੰਨ ਲਈ ਗਈ।ਭਾਰਤ ਸਰਕਾਰ ਨੇ ਗੂਠਾ ਲਾ ਦਿੱਤੈ।ਸਮਝੌਤਾ ਸਿਰੇ ਚੜ ਗਿਐ। ਭਾਰਤੀ ਲੋਕਾਂ ਨਾਲ ਧ੍ਰੋਹ। ਟੈਰਿਫ ਦਾ ਪੱਲੜਾ, ਤਕੜੇ ਦਾ ਸੱਤੀਂ ਵੀਹੀਂ ਸੌ। ਸਾਮਰਾਜੀ ਸਰਗਣਾ ਜੋ ਹੋਇਆ। ਡਾਕੂਆਂ ਦਾ ਡਾਕੂ।ਭਾਰਤ ਵੱਲੋਂ ਅਮਰੀਕੀ ਵਸਤਾਂ ਉੱਪਰ 0% ਤੇ ਅਮਰੀਕਾ ਵੱਲੋਂ ਭਾਰਤੀ ਵਸਤਾਂ ਉਪਰ 18%। ਭਾਰਤ, ਇਰਾਨ ਅਤੇ ਰੂਸ ਤੋਂ ਤੇਲ ਨਹੀਂ ਖਰੀਦੇਗਾ। ਵੈਨਜ਼ੂਏਲਾ ਤੋਂ ਖਰੀਦੇਗਾ।(ਇਥੇ ਅਮਰੀਕਾ ਕਬਜ਼ਾ ਕਰੀ ਬੈਠਾ।)

ਸਮਝੋਤੇ ਦਾ ਵਿਸਥਾਰ, ਖੁੱਲ ਕੇ ਨਹੀਂ।ਜਿਹੜਾ ਬੋਲਿਆ,ਉਹ ਵੀ ਗਿਣ ਮਿਣ ਕੇ।ਗੁਨਾਹਗਾਰਾਂ ਵਾਂਗੂੰ ਮੂੰਹ ਛੁਪਾ ਕੇ। ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ‘ਤੇ ਖ਼ਹਿੜਾ ਛੁਡਾਇਆ।ਟਰੰਪ ਤੇ ਵਾਈਟ ਹਾਊਸ ਨੂੰ ਟੈਗ ਕੀਤਾ, “ਧੰਨਵਾਦ, ਟੈਰਿਫ 18% ਕੀਤੇ ਜਾਣ ਦਾ”।ਮੀਡੀਏ ਮੂਹਰੇ ਆਇਆ, ਭਾਰਤ ਦਾ ਵਣਜ ਤੇ ਉਦਯੋਗ ਮੰਤਰੀ। “ਸਮਝੌਤਾ ਕਿਸਾਨ ਹਿੱਤਾਂ ‘ਤੇ ਨਹੀਂ ਕੀਤਾ”, ਕਹਿ ਕੇ ਚੁੱਪ ਵੱਟ ਗਿਐ। ਅਮਰੀਕਾ ਦੀ ਖੇਤੀਬਾੜੀ ਮੰਤਰੀ ਬੋਲੀ ਅਖੇ ਰਾਸ਼ਟਰਪਤੀ ਵੱਲੋਂ ਭਾਰਤ ਨਾਲ ਕੀਤਾ ਸਮਝੌਤਾ ਬੜਾ ਸ਼ਾਨਦਾਰ ਹੈ। ਅਮਰੀਕਾ ਦੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ।

ਸਮਝੌਤੇ ਦਾ ਵਿਸਥਾਰ, ਲੱਖ ਲੁਕਾਉਣ। ਲੋਕਾਂ ਨੂੰ ‘ਨੇਰ੍ਹੇ ‘ਚ ਰੱਖਣ।ਇਹ ਸਮਝੌਤਾ ਨੀਂ ਲੁਕਦਾ।ਤੱਥ ਪੂਰੇ ਮੂੰਹ ਫੱਟ ਆ।ਵਾਰਤਾ ਬਹੁਤੀ ਪੁਰਾਣੀ ਨਹੀਂ।ਪਿਛਲੇ ਸਾਲ ਹੀ ਸ਼ੁਰੂ ਹੋਈ ਆ। ਉਹਦੇ ਏਜੰਡੇ ਵੀ ਜੱਗ ਜ਼ਾਹਰ ਆ।ਉਹੀ ਵਾਰਤਾਲਾਪ ਸਿਰੇ ਚੜ੍ਹੀ ਆ। ਅਮਰੀਕਾ ਦੀ ਖੇਡ, ਅਮਰੀਕਾ ਨੇ ਖੇਡੀ।ਖੇਡੀ ਵੀ ਆਵਦੀ ਗਰਾਉਂਡ ਵਿੱਚ।ਆਪ ਹੀ ਸ਼ੁਰੂ ਕੀਤੀ,ਆਪ ਹੀ ਮੁਕਾਈ। ਦਾਅ ਪੇਚ ਵੀ ਖੇਡੇ, ਐਪਸਟੀਨ ਰਿਪੋਰਟ ਤੇ ਅਡਾਨੀ ‘ਤੇ ਕੇਸ। ਉਪਰੋਂ ਸਿਰੇ ਦੀ ਸਾਮਰਾਜੀ ਧੌਂਸ। ਭਾਰਤ ਦਾ ਸਿਰ ਸਾਮਰਾਜੀ ਪੰਜਾਲੀ ਵਿੱਚ ਆ।ਤੋਰ ਲੈਂਦੇ ਆ ਤੇ ਵਾਹ ਲੈਂਦੇ ਆ।ਅਮਰੀਕਾ ਦਾ ਏਜੰਡਾ ਸਾਫ਼ ਸਪੱਸ਼ਟ ਸੀ ਕਿ ਭਾਰਤੀ ਮੰਡੀ ਖੋਲ੍ਹੋ। ਅਮਰੀਕਨ ਫਸਲਾਂ ਖਾਸ ਕਰਕੇ ਮੱਕੀ, ਸੋਇਆਬੀਨ ਤੇ ਡੇਅਰੀ ਵਸਤਾਂ ਅਤੇ ਜਹਾਜ਼, ਊਰਜਾ ਤੇ ਤੇਲ ਖਰੀਦੋ।ਅਮਰੀਕਾ ਵਿੱਚ ਨਿਵੇਸ਼ ਕਰੋ।

ਬੱਸ,ਕੁਝ ਦਿਨ ਜਾਂਦੇ ਆ, ਜਦੋਂ ਭਾਰਤੀ ਬਾਜ਼ਾਰਾਂ ਵਿੱਚ ਅਮਰੀਕਨ ਮੱਕੀ ਦੀ ਛੱਲੀ ਵਿਕੂ। ਪੰਜਾਬ ਦੇ ਹੁਸ਼ਿਆਰਪੁਰ ਦੀ ਛੱਲੀ ਰੁਲੂ।ਮਗਰੇ ਸੋਇਆਬੀਨ ਦੀਆਂ ਗੱਡੀਆਂ।ਕਿਸੇ ਮੰਤਰੀ ਦਾ ਸ਼ਹਿਜ਼ਾਦਾ ਇਥਾਨੋਲ ਕੱਢੂ।ਉਹ ਭਰੂ ਤਿਜੌਰੀਆਂ ਤੇ ਲੋਕਾਂ ਸਿਰ ਜ਼ਹਿਰੀ ਵੇਸਟੇਜ਼ । ਪਸ਼ੂ ਵੀ ਮੂੰਹ ਨਾ ਮਾਰਨ। ਦੁੱਧ ਤੇ ਦੁੱਧ ਤੋਂ ਬਣੀਆ ਵਸਤਾਂ ਵੀ। ਦੁੱਧ ਦਾ ਦੁੱਧ ਨਾਲੇ ਨਾਨ-ਵੈੱਜ। ਈਰਾਨ ਤੋਂ ਤੇਲ ਨੂੰ ਜਵਾਬ। ਚਾਬਹਾਰ ਪ੍ਰੋਜੈਕਟ ਲਈ ਈਰਾਨ ਨੂੰ ਦਿੱਤੇ 1000 ਕਰੋੜ ਰੁਪਏ, ਸਮਝੌਤੇ ਨੇ ਸਮੁੰਦਰ ‘ਚ ਡੋਬੇ। ਅੱਗੇ ਹੁਕਮ ਮੇਰੇ ਆਕਾ, ਕੋਈ ਚੱਕਰ ਨੀਂ, ਵੈਨਜ਼ੂਏਲਾ ਤੋਂ ਸਈਂ।ਮਹਿੰਗਾ ਹੋਊ, ਤਾਂ ਕੀ ਆ? ਮਹਿੰਗਾਈ ਦਾ ਜ਼ਮਾਨਾ,ਜਹਾਜ਼ ਵੀ ਮਹਿੰਗੇ ਹੋਣੇ ਈ ਆ।ਤੀਜੀ ਵੱਡੀ ਆਰਥਿਕਤਾ ਵਾਲੇ ਆ। ਟੌਹਰਾ, ਪੂਰਾ ਉੱਚਾ !

ਭਾਰਤ ਦੀ ਵਿਦੇਸ਼ਾਂ ਤੋਂ ਖਰੀਦ, ਲੱਗਭਗ 950 ਅਰਬ ਡਾਲਰ ਦੀ। ਅਮਰੀਕਾ ਤੋਂ ਸਿਰਫ਼ 45 ਅਰਬ ਡਾਲਰ ਦੀ। ਵਾਈਟ ਹਾਊਸ ਦੀ ਖ਼ਬਰ ਆ, ਹੁਣ ਭਾਰਤ ਅਮਰੀਕਾ ਤੋਂ 500 ਅਰਬ ਡਾਲਰ ਦੀ ਖਰੀਦ ਕਰੇਗਾ।ਟਰੰਪ ਦੇ ਜਨੂੰਨ,”ਮੇਕ ਅਮਰੀਕਾ ਗ੍ਰੇਟ ਅਗੇਨ” ਨੂੰ ਕੁਝ ਸਾਹ ਮਿਲੂ।

ਸਰਕਾਰ ਨੂੰ ਵੀ ਪਤੈ, ਝੂਠ ਦੇ ਪੈਰ ਨਹੀਂ ਹੁੰਦੇ, ਫਿਰ ਵੀ ਬੋਲੇ। ਅਖੇ ਅਮਰੀਕਾ ਨੇ ਟੈਰਿਫ ਘਟਾਤਾ।25% ਤੋਂ ਘਟਾ ਕੇ 18% ਕਰਤਾ।ਸਚਾਈ ਸਿਰ ਚੜ ਬੋਲੇ, ਅਮਰੀਕਾ ਨੇ ਘਟਾਇਆ ਨੀਂ , ਵਧਾਇਆ। “ਮਿੰਟ” ਦੀ ਰਿਪੋਰਟ ਨੇ ਗੌਰਮਿੰਟ ਦੇ ਝੂਠ ਤੋਂ ਪਰਦੇ ਹਟਾਏ।ਐਸ ਬੀ ਆਈ ਰੀਸਰਚ ਵੀ ਦੱਸੇ। 3.91% ਤੋਂ ਕਦੇ 50% ਤੇ ਕਦੇ 25% ਦੀਆਂ ਧਮਕੀਆਂ।ਹੁਣ ਗੂਠਾ ਲਵਾ ਕੇ 18% ਕੀਤਾ। ਸਾਫ਼ ਆ ਟੈਰਿਫ 14.9% ਵਧਿਆ।ਭਾਰਤ ਵੱਲੋਂ ਅਮਰੀਕਨ ਵਸਤਾਂ ਉਪਰ ਪਹਿਲਾਂ ਟੈਰਿਫ 15.30% ਸੀ ਹੁਣ 0% ਕੀਤਾ।ਯਾਨਿ ਭਾਰਤੀ ਮੰਡੀ ਵਿੱਚ ਅਮਰੀਕਨ ਵਸਤਾਂ ਸਸਤੀਆਂ ਤੇ ਭਾਰਤੀ ਵਸਤਾਂ ਮਹਿੰਗੀਆਂ।ਭਾਰਤੀ ਵਸਤਾਂ, ਜਿਣਸਾਂ ਰੁਲਣਗੀਆਂ। ਕਾਰੋਬਾਰ ਠੱਪ ਹੋਣਗੇ।ਬੇਰੁਜ਼ਗਾਰੀ ਬੇਹਿਸਾਬ ਵਧੂ।

ਲੋਕਾਂ ਵਿੱਚ ਜਾਗ੍ਰਿਤੀ ਚਾਹੀਦੀ ਆ।ਏਕਾ ਕਰਕੇ ਆਵਾਜ਼ ਉਠਾਉਣੀ ਚਾਹੀਦੀ ਆ।ਇਹ ਸਮਝੌਤਾ ਰੱਦ ਹੋਵੇ।ਪਹਿਲਾਂ ਵਾਲੇ ਵੀ ਆਰਥਿਕ ਵੀ, ਫੌਜੀ ਵੀ ਸਮਝੌਤੇ ਰੱਦ ਹੋਣ। ਸਰਕਾਰ ਸੰਸਾਰ ਵਪਾਰ ਸੰਗਠਨ ਵਰਗੀਆਂ ਸਾਮਰਾਜੀ ਸੰਸਥਾਵਾਂ ਤੋਂ ਬਾਹਰ ਆਵੇ। ਰੁਜ਼ਗਾਰ ਮੁਖੀ ਤੇ ਦੇਸ਼ ਮੁਖੀ ਸਨਅਤਾਂ ਲਾਵੇ।ਹਰ ਵਿਅਕਤੀ ਨੂੰ ਰੁਜ਼ਗਾਰ ਮਿਲੇ।ਰੋਟੀ ਕੱਪੜਾ ਮਕਾਨ ਮਿਲੇ।ਖੇਤੀ ਦੇ ਵਿਕਾਸ ਲਈ ਬਜ਼ਟ ਰਕਮਾਂ ਵਧਾਵੇ।

ਜਗਮੇਲ ਸਿੰਘ

9417224822

ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ! ਬਿਜਲੀ ਸੋਧ ਜਾਂ ਬੀਜ ਬਿੱਲ ਪੇਸ਼ ਹੋਣ ‘ਤੇ ਪੰਜਾਬ ‘ਚ ਮਨਾਇਆ ਜਾਵੇਗਾ ‘ਕਾਲਾ ਦਿਵਸ’

 

ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਅਤੇ ਔਰਤ ਜਥੇਬੰਦੀਆਂ ਦੀ ਮੀਟਿੰਗ ਵਿੱਚ ਹੋਏ ਵੱਡੇ ਫੈਸਲੇ

ਸਰਕਾਰਾਂ ਦੀਆਂ ਲੋਕ ਵਿਰੋਧੀ ਅਤੇ ਨਿੱਜੀਕਰਨ ਨੀਤੀਆਂ ਦੇ ਖ਼ਿਲਾਫ਼ ਭਖਿਆ ਪੰਜਾਬ

12 ਫਰਵਰੀ ਦੀ ਹੜਤਾਲ ਹੋਵੇਗੀ ਇਤਿਹਾਸਿਕ, ਤਿਆਰੀ ਲਈ ਜ਼ਿਲਿਆਂ ਦੀਆਂ ਮੀਟਿੰਗਾਂ 8 ਫਰਵਰੀ ਨੂੰ

ਬਿਜਲੀ ਸੋਧ ਬਿੱਲ ਜਾਂ ਬੀਜ ਬਿੱਲ, ਪਾਰਲੀਮੈਂਟ ਵਿੱਚ ਪੇਸ਼ ਕੀਤਾ ਤਾਂ ਅਗਲੇ ਦਿਨ ਮਨਾਇਆ ਜਾਵੇਗਾ ਕਾਲਾ ਦਿਵਸ

ਅਗਲੇ ਦਿਨ 11 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤੇ ਜਾਣਗੇ ਟੋਲ ਪਲਾਜੇ ਫਰੀ

11 ਫਰਵਰੀ ਤੱਕ ਪ੍ਰਧਾਨ ਮੰਤਰੀ ਮੋਦੀ ਅਤੇ ਡੋਨਾਲਡ ਟਰੰਪ ਦੇ ਪੁਤਲੇ ਸਾੜ ਮੁਹਿੰਮ ਸਾਰੇ ਪੰਜਾਬ ਵਿੱਚ ਰਹੇਗੀ ਜਾਰੀ

22 ਫਰਵਰੀ ਨੂੰ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਭਾਜਪਾ ਅਤੇ ਆਮ ਆਗੂਆਂ ਦੇ ਘਰਾਂ ਅੱਗੇ ਦਿੱਤੇ ਜਾਣਗੇ ਧਰਨੇ

ਦਲਜੀਤ ਕੌਰ

ਚੰਡੀਗੜ੍ਹ, 05 ਫਰਵਰੀ, 2026: ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ‘ਤੇ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਅਤੇ ਔਰਤ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਕਿਸਾਨ ਭਵਨ ਚੰਡੀਗੜ੍ਹ ਵਿਖੇ ਕੀਤੀ ਗਈ। ਜਿਸ ਦੀ ਪ੍ਰਧਾਨਗੀ ਜੋਗਿੰਦਰ ਸਿੰਘ ਉਗਰਾਹਾਂ, ਹਰਿੰਦਰ ਸਿੰਘ ਲੱਖੋਵਾਲ, ਅੰਗਰੇਜ਼ ਸਿੰਘ ਭਦੌੜ, ਡਾਕਟਰ ਦਰਸ਼ਨ ਪਾਲ ਅਤੇ ਬੂਟਾ ਸਿੰਘ ਬੁਰਜ ਗਿੱਲ ਵੱਲੋਂ ਕੀਤੀ ਗਈ।

ਮੀਟਿੰਗ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨਿੱਜੀਕਰਨ ਤੇ ਪੰਚਾਇਤੀਕਰਨ ਦੀਆਂ ਨੀਤੀਆਂ ਜਿਵੇਂ ਬਿਜਲੀ ਸੋਧ ਬਿੱਲ, ਬੀਜ ਬਿੱਲ, ਮੁਕਤ ਵਪਾਰ ਸਮਝੌਤਾ, ਚਾਰ ਲੇਬਰ ਕੋਡਜ਼, ਮਗਨਰੇਗਾ ਦੀ ਥਾਂ ਨਵਾਂ ਲਿਆਂਦਾ ਮਜ਼ਦੂਰ ਵਿਰੋਧੀ ਜੀ ਰਾਮ ਜੀ ਕਾਨੂੰਨ, ਪੰਜਾਬ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ ਵਗੈਰਾ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ।ਮੀਟਿੰਗ ਨੇ ਸਰਬ ਸੰਮਤੀ ਨਾਲ ਪਾਸ ਕੀਤਾ ਕਿ ਜੇਕਰ ਬਿਜਲੀ ਸੋਧ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤਾ ਗਿਆ ਤਾਂ ਅਗਲੇ ਦਿਨ ਕਾਲਾ ਦਿਨ ਮਨਾਇਆ ਜਾਵੇਗਾ।

ਜੇਕਰ ਬੀਜ ਬਿੱਲ ਪਹਿਲਾਂ ਪੇਸ਼ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚਾ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਕਾਲਾ ਦਿਨ ਮਨਾਵੇਗਾ ਜਿਸ ਵਿੱਚ 11 ਵਜੇ ਤੋਂ 4 ਵਜੇ ਤੱਕ ਸਾਰੇ ਪੰਜਾਬ ਦੇ ਟੋਲ ਪਲਾਜਾ ਫਰੀ ਕੀਤੇ ਜਾਣਗੇ ਜਿਸ ਜ਼ਿਲ੍ਹੇ ਵਿੱਚ ਕੋਈ ਟੋਲ ਨਹੀਂ ਹੋਵੇਗਾ ਉਥੇ ਕੇਂਦਰ ਸਰਕਾਰ ਦੇ ਕਿਸੇ ਅਦਾਰੇ ਅੱਗੇ ਧਰਨਾ ਦਿੱਤਾ ਜਾਵੇਗਾ। ਜੇਕਰ ਬਿਜਲੀ ਸੋਧ ਬਿੱਲ ਪੇਸ਼ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚਾ ਅਤੇ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਇਸੇ ਤਰ੍ਹਾਂ ਕਾਲਾ ਦਿਨ ਮਨਾਇਆ ਜਾਵੇਗਾ।

ਬਿਜਲੀ ਸੋਧ ਬਿਲ ਜਾਂ ਬੀਜ ਬਿੱਲ ਦਾ ਵਿਰੋਧ ਸਿਰਫ ਇੱਕ ਦਿਨ ਨਹੀਂ, ਸਗੋਂ ਅੱਗੇ ਵੀ ਡਟਵਾਂ ਵਿਰੋਧ ਜਾਰੀ ਰਹੇਗਾ। ਇਸ ਵਾਸਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲਾ ਦਿਨ ਮਨਾਉਣ ਤੋਂ ਅਗਲੇ ਹੀ ਦਿਨ ਐਮਰਜੈਂਸੀ ਮੀਟਿੰਗ ਬੁਲਾ ਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਜਥੇਬੰਦੀਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਅਮਰੀਕਾ ਨਾਲ਼ ਹੋਏ ਮੁਕਤ ਵਪਾਰ ਸਮਝੌਤੇ ਨੂੰ ਜਨਤਕ ਕੀਤਾ ਜਾਵੇ, ਬਿਜਲੀ ਸੋਧ ਬਿੱਲ- 2025 ਰੱਦ ਕਰਕੇ ਬਿਜਲੀ ਖੇਤਰ ਅੰਦਰ ਨਿੱਜੀ ਕਾਰੋਬਾਰੀ ਕੰਪਨੀਆਂ ਦੇ ਦਾਖਲੇ ‘ਤੇ ਰੋਕ ਲਾਈ ਜਾਵੇ, ਬੀਜ ਬਿਲ – 2025 ਤੇ ਨਵੇਂ ਕਿਰਤ ਕੋਡ ਰੱਦ ਕੀਤੇ ਜਾਣ, ਮਨਰੇਗਾ ਦੀ ਥਾਂ ਲਿਆਂਦਾ ਜੀ ਰਾਮ ਜੀ ਕਾਨੂੰਨ ਵਾਪਸ ਲਿਆ ਜਾਵੇ, ਪੰਜਾਬ ਅੰਦਰ ਸਰਕਾਰੀ ਜਾਇਦਾਦਾਂ ਵੇਚਣ ਦੇ ਫੈਸਲੇ ਰੱਦ ਕੀਤਾ ਜਾਣ, ਜਨਤਕ ਅਦਾਰਿਆਂ ਦੇ ਨਿੱਜੀਕਰਨ, ਪੰਚਾਇਤੀਕਰਨ, ਕਾਰਪੋਰੇਟੀਕਰਨ ਦੀ ਨੀਤੀ ਰੱਦ ਕਰਕੇ ਪੱਕੀ ਭਰਤੀ ਦੀ ਨੀਤੀ ਲਾਗੂ ਕੀਤੀ ਜਾਵੇ,ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਰੱਦ ਕੀਤਾ ਜਾਵੇ।

ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਖੇਤੀ, ਪੋਲਟਰੀ ਅਤੇ ਡੈਅਰੀ ਖੇਤਰ ਵਿੱਚ ਕੋਈ ਸਮਝੌਤਾ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਚੁੱਪ ਨਹੀਂ ਬੈਠਣਗੀਆਂ। ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਹੀ 11 ਫਰਵਰੀ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਹੋਇਆ ਹੈ। ਇਹ ਮੁਹਿੰਮ ਪਿੰਡ ਪੱਧਰ ਤੱਕ ਜਾਰੀ ਰਹੇਗੀ।

12 ਫਰਵਰੀ ਨੂੰ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਕੀਤੀ ਜਾ ਰਹੀ ਹੜਤਾਲ ਦਾ ਸਾਰੀਆਂ ਜਥੇਬੰਦੀਆਂ ਵੱਲੋਂ ਡਟਵਾਂ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਸਾਰੇ ਜ਼ਿਲਿਆਂ ਦੀਆਂ ਸਾਂਝੀਆਂ ਮੀਟਿੰਗਾਂ ਅੱਠ ਫਰਵਰੀ ਨੂੰ ਬੁਲਾਈਆਂ ਗਈਆਂ ਹਨ। ਇਹਨਾਂ ਮੀਟਿੰਗਾਂ ਵਿੱਚ 12 ਫਰਵਰੀ ਨੂੰ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਜ਼ਿਲਾ ਵਾਰ ਠੋਸ ਵਿਉਂਤਬੰਦੀ ਕੀਤੀ ਜਾਵੇਗੀ।

ਮੀਟਿੰਗ ਦਾ ਸਰਬਸੰਮਤੀ ਨਾਲ ਇਹ ਵਿਚਾਰ ਬਣਿਆ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨਾਲ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਸਹਿਮਤ ਹੈ। ਪੰਜਾਬ ਸਰਕਾਰ ਨੇ ਅੱਜ ਤੱਕ ਬਿਜਲੀ ਸੋਧ ਬਿੱਲ ਦੇ ਖਿਲਾਫ ਬਿਆਨ ਤੱਕ ਨਹੀਂ ਦਿੱਤਾ ਸਗੋਂ ਜਨਤਕ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ, ਮਜ਼ਦੂਰਾਂ ਮੁਲਾਜ਼ਮਾਂ ਦੇ ਘੋਲਾਂ ਦੀ ਅਣਦੇਖੀ ਕਰਨ ਅਤੇ ਸੰਘਰਸ਼ੀ ਲੋਕਾਂ ਤੇ ਜਬਰ ਕਰਨ ਦੇ ਰਾਹ ਪਈ ਹੋਈ ਹੈ। ਇਸ ਲਈ ਸਾਰੇ ਜਿਲਿਆਂ ਵਿੱਚ 22 ਫਰਵਰੀ ਨੂੰ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਅੱਗੇ 11 ਵਜੇ ਤੋਂ ਤਿੰਨ ਵਜੇ ਤੱਕ ਧਰਨੇ ਦਿੱਤੇ ਜਾਣਗੇ। ਧਰਨਿਆਂ ਵਾਲੀਆਂ ਥਾਵਾਂ ਵੀ ਜ਼ਿਲਿਆਂ ਦੀਆਂ ਸਾਂਝੀਆਂ ਮੀਟਿੰਗਾਂ ਵਿੱਚ ਤੈਅ ਕੀਤੀਆਂ ਜਾਣਗੀਆਂ।

ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਬਲਵੀਰ ਸਿੰਘ ਰਾਜੇਵਾਲ, ਰਮਿੰਦਰ ਸਿੰਘ ਪਟਿਆਲਾ, ਰੁਲਦੂ ਸਿੰਘ ਮਾਨਸਾ, ਬਲਦੇਵ ਸਿੰਘ ਨਿਹਾਲਗੜ੍ਹ, ਹਰਭਜਨ ਸਿੰਘ ਬੁੱਟਰ, ਡਾਕਟਰ ਸਤਨਾਮ ਸਿੰਘ ਅਜਨਾਲਾ, ਹਰਵਿੰਦਰ ਸਿੰਘ ਬੱਲੋ, ਬੂਟਾ ਸਿੰਘ ਸ਼ਾਦੀਪੁਰ, ਬਲਵਿੰਦਰ ਸਿੰਘ ਰਾਜੂ ਔਲਖ, ਗੁਰਦਰਸ਼ਨ ਸਿੰਘ ਖਾਸਪੁਰ, ਰਜਿੰਦਰ ਕੁਮਾਰ, ਜਸਵਿੰਦਰ ਸਿੰਘ, ਬਲਿਹਾਰ ਸਿੰਘ, ਗੁਲਜਾਰ ਸਿੰਘ ਗੋਰੀਆ, ਲਛਮਣ ਸਿੰਘ ਸੇਵੇਵਾਲਾ, ਹਰਜਿੰਦਰ ਸਿੰਘ, ਹਰਦੀਪ ਸਿੰਘ ਟੋਡਰਪੁਰ, ਧਰਮਵੀਰ ਹਰੀਗੜ੍ਹ, ਕਸ਼ਮੀਰ ਸਿੰਘ ਘੁੱਗਸ਼ੋਰ, ਅਵਤਾਰ ਸਿੰਘ ਤਾਰੀ, ਰੇਸ਼ਮ ਸਿੰਘ ਖੇਮੂਆਣਾ, ਨਿਰਮਲ ਕੁਮਾਰ ਨਾਭਾ, ਗੋਬਿੰਦ ਸਿੰਘ ਛਾਜਲੀ, ਸੁਖਵਿੰਦਰ ਸਿੰਘ ਦੁੱਮਣਾ, ਪ੍ਰਕਾਸ਼ ਸਿੰਘ ਪਾਸ਼ਾ, ਸੁਰਿੰਦਰ ਸਿੰਘ ਲਾਹੌਰੀਆ, ਰਣਜੀਤ ਸਿੰਘ ਢਿੱਲੋਂ , ਡਾਕਟਰ ਧੰਨਾ ਮੱਲ ਗੋਇਲ, ਹਰਪ੍ਰੀਤ ਸਿੰਘ ਫਰੀਦਕੋਟ, ਸੇਵਾ ਸਿੰਘ, ਸੱਤਪਾਲ ਸਿੰਘ ਬਨੂੜ, ਇੰਜ: ਦਵਿੰਦਰ ਸਿੰਘ, ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ, ਹਾਕਮ ਸਿੰਘ ਧਨੇਠਾ, ਰਮਨਦੀਪ ਸਿੰਘ, ਜਗਪਾਲ ਸਿੰਘ ਊਧਾ, ਰਣਜੀਤ ਸਿੰਘ ਖੜੋਲਾ, ਪਵਨਦੀਪ ਸਿੰਘ, ਪੁਸ਼ਪਿੰਦਰ, ਨਮਿਤਾ, ਸਤਨਾਮ ਸਿੰਘ, ਵੀਨਾ ਜੰਮੂ, ਜੋਰਾਵਰ ਸਿੰਘ, ਲੱਖਾ ਸਿੰਘ, ਗੁਰਬਖਸ਼ ਸਿੰਘ, ਗੁਰਨਾਮ ਸਿੰਘ ਭੀਖੀ, ਪ੍ਰਦੀਪ ਮੁਸਾਹਿਬ, ਜਗਤਾਰ ਸਿੰਘ ਕਾਲਾ ਝਾੜ ਅਤੇ ਇੰਦਰਪਾਲ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਜ਼ਦੂਰ ਮੁਲਾਜ਼ਮ ਆਗੂ ਹਾਜ਼ਰ ਸਨ।

 

ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਸਰਕਾਰੀ ਸਕੂਲਾਂ ਬਾਰੇ ਅਹਿਮ ਐਲਾਨ

 

ਸਰਕਾਰੀ ਸਕੂਲਾਂ ਵਿੱਚ ‘ਰੋਜ਼ਾਨਾ ਮੈਡੀਟੇਸ਼ਨ ਪ੍ਰੋਗਰਾਮ’ ਦੀ ਸ਼ੁਰੂਆਤ; ਵਿਦਿਆਰਥੀਆਂ ਦੀ ਇਕਾਗਰਤਾ ਵਿੱਚ ਹੋਇਆ ਵਾਧਾ: ਹਰਜੋਤ ਬੈਂਸ

ਸਰਕਾਰੀ ਸਕੂਲਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮੈਡੀਟੇਸ਼ਨ ਨੂੰ ਅਪਣਾਇਆ: ਹਰਜੋਤ ਬੈਂਸ

ਪਾਇਲਟ ਪ੍ਰੋਜੈਕਟ ਵਜੋਂ ਮੋਹਾਲੀ ਦੇ ਸਕੂਲਾਂ ਵਿੱਚ ਸ਼ੁਰੂ ਕੀਤੇ ‘ਰੋਜ਼ਾਨਾ ਮੈਡੀਟੇਸ਼ਨ ਪ੍ਰੋਗਰਾਮ’ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਲੱਗੇ: ਹਰਜੋਤ ਬੈਂਸ

ਸਕੂਲ ਮੁਖੀਆਂ ਅਤੇ ਪ੍ਰਿੰਸੀਪਲਾਂ ਨਾਲ ਗੱਲਬਾਤ ਦੌਰਾਨ ਸ. ਬੈਂਸ ਨੇ ਕਿਹਾ ਇਸ ਪਹਿਲਕਦਮੀ ਨੂੰ ਸੂਬਾ ਪੱਧਰ ’ਤੇ ਲਾਗੂ ਕਰਨ ਦੀ ਹੈ ਯੋਜਨਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਚੰਡੀਗੜ੍ਹ, 5 ਫਰਵਰੀ 2026- ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੋਹਾਲੀ ਜ਼ਿਲ੍ਹੇ ਦੇ ਸਰਕਾਰੀ ਅੱਪਰ-ਪ੍ਰਾਇਮਰੀ ਸਕੂਲਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵੱਡੀ ਤੇ ਨਵੇਕਲੀ ਪੁਲਾਂਘ ਪੁੱਟਦਿਆਂ ‘ਰੋਜ਼ਾਨਾ ਮੈਡੀਟੇਸ਼ਨ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ ਹੈ।

ਹਰਜੋਤ ਸਿੰਘ ਬੈਂਸ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੰਚਾਰਜ ਸ਼੍ਰੀ ਮਨੀਸ਼ ਸਿਸੋਦੀਆ, ਨੇ ਅੱਜ ਮੋਹਾਲੀ ਵਿੱਚ ਇੱਕ ਵਰਕਸ਼ਾਪ ਦੌਰਾਨ ਸਕੂਲ ਮੁਖੀਆਂ ਅਤੇ ਪ੍ਰਿੰਸੀਪਲਾਂ ਨਾਲ ਵਿਚਾਰ ਵਟਾਦਰਾ ਕੀਤਾ। ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੀ ਤੰਦਰੁਸਤੀ ਵਧਾਉਣ ਦੇ ਉਦੇਸ਼ ਵਾਲੇ ‘ ਰੋਜ਼ਾਨਾ ਮੈਡੀਟੇਸ਼ਨ ਪ੍ਰੋਗਰਾਮ’ ਦੇ ਲਾਗੂਕਰਨ ਅਤੇ ਪ੍ਰਭਾਵਾਂ ਬਾਰੇ ਵਰਕਸ਼ਾਪ ’ਚ ਮੌਜੂਦ ਲੋਕਾਂ ਨੂੰ ਜਾਣੂ ਕਰਵਾਇਆ।

ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਾਗੂ ਕੀਤੀ ਗਈ ਇਸ ਪਹਿਲਕਦਮੀ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਮੁੱਖੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਵਿਦਿਆਰਥੀਆਂ ਹੁਣ ਸ਼ਾਂਤ, ਇਕਾਗਰ ਅਤੇ ਭਾਵਾਨਾਤਮਕ ਤੌਰ ’ਤੇ ਮਜ਼ਬੂਤ ਹੋ ਰਹੇ ਹਨ। ਬੈਂਸ ਨੇ ਦੁਹਰਾਇਆ ਕਿ ਸੂਬਾ ਸਰਕਾਰ ਦੀ ਯੋਜਨਾ ਹੈ ਕਿ ਅਜਿਹੀਆਂ ਸਾਕਾਰਤਮਕ ਪਹਿਲਕਦਮੀਆਂ ਸੂਬੇ ਭਰ ਵਿੱਚ ਲਾਗੂ ਕੀਤੀਆਂ ਜਾਣ ।

ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ (ਐਨ.ਆਈ.ਐਲ.ਪੀ.) ਵਰਗੇ ਵਿਦਿਅਕ ਸੁਧਾਰਾਂ ’ਤੇ ਧਿਆਨ ਕੇਂਦਰਿਤ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪਾਇਲਟ ਪ੍ਰੋਜੈਕਟ 19 ਜਨਵਰੀ, 2026 ਨੂੰ ਸ਼ੁਰੂ ਕੀਤਾ ਗਿਆ ਸੀ।

ਜਿਸ ਤਹਿਤ ਰੋਜ਼ਾਨਾ ਅਭਿਆਸ ਵਿੱਚ ਸਵੇਰ ਦੀ ਸਭਾ ਤੋਂ ਬਾਅਦ 30-ਮਿੰਟ ਦਾ ਮੈਡੀਟੇਸ਼ਨ ਸੈਸ਼ਨ ਕਰਵਾਇਆ ਜਾਂਦਾ ਹੈ। ਇਕਸਾਰਤਾ ਅਤੇ ਨਿਰੰਤਰਤਾ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੇ ਸਕੂਲਾਂ ਵਿੱਚ ਸਾਢੇ ਇੱਕੀ (21½) ਮਿੰਟ ਦਾ ਧਿਆਨ ਮਾਡਿਊਲ ਪ੍ਰਸਾਰਿਤ ਅਤੇ ਲਾਗੂ ਕੀਤਾ ਗਿਆ ਹੈ।

ਸਿੱਖਿਅਕਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ, “ਸੱਚੀ ਸਿੱਖਿਆ ਸਿਰਫ਼ ਅਕਾਦਮਿਕ ਗਿਆਨ ਬਾਰੇ ਨਹੀਂ ਹੈ ਸਗੋਂ ਲਚਕੀਲੇ, ਭਾਵਨਾਤਮਕ ਤੌਰ ’ਤੇ ਦ੍ਰਿੜ ਅਤੇ ਇਕਾਗਰ ਵਿਅਕਤੀਆਂ ’ਤੇ ਕੇਂਦਰਿਤ ਹੁੰਦੀ ਹੈ।

ਇਹ ਨਵੇਕਲੀ ਪਹਿਲ ਸਾਡੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਵਿੱਚ ਇੱਕ ਸੁਚੇਤ ਨਿਵੇਸ਼ ਹੈ। ਸ਼ੁਰੂਆਤੀ ਫੀਡਬੈਕ, ਮਾਨਸਿਕ ਸਥਿਰਤਾ ਵਿੱਚ ਵਾਧਾ ਅਤੇ ਇਕਾਗਰਤਾ ਨੂੰ ਦਰਸਾਉਂਦਾ ਹੈ, ਇਹ ਪੰਜਾਬ ਭਰ ਵਿੱਚ ਇੱਕ ਵਧੇਰੇ ਸਹਾਇਕ ਅਤੇ ਸਕਾਰਾਤਮਕ ਸਿੱਖਣ ਵਾਤਾਵਰਣ ਬਣਾਉਣ ਵਿੱਚ ਸਾਡੇ ਵਿਸ਼ਵਾਸ ਦਾ ਪ੍ਰਤੱਖ ਪ੍ਰਮਾਣ ਹੈ।”

ਮਨੀਸ਼ ਸਿਸੋਦੀਆ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਧਿਆਨ ਕਰਨ ਨਾਲ ਸਾਡੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਵਿਚ ਸੁਧਾਰ ਹੁੰਦਾ ਹੈ। ਉਨ੍ਹਾਂ ਸਕੂਲ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਧਿਆਨ ਪ੍ਰੋਗਰਾਮ ਨੂੰ ਸੁਹਿਰਦਤਾ ਨਾਲ ਲਾਗੂ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਇਹ ਹਰੇਕ ਵਿਦਿਆਰਥੀ ਤੱਕ ਇਸਦਾ ਲਾਭ ਪਹੁੰਚੇ ਤਾਂ ਜੋ ਉਨ੍ਹਾਂ ਦੇ ਸਮੁੱਚੇ ਵਿਕਾਸ ਅਤੇ ਤੰਦਰੁਸਤੀ ਵਿੱਚ ਵਾਧਾ ਹੋ ਸਕੇ।

ਡੀਈਓ (ਸੈਕੰਡਰੀ) ਮੋਹਾਲੀ ਡਾ. ਗਿੰਨੀ ਦੁੱਗਲ ਨੇ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੇ ਲਾਭਾਂ ’ਤੇ ਚਾਨਣਾ ਪਾਇਆ।