ਖੱਬੇ ਪੱਖੀ ਪਾਰਟੀਆਂ ਵੱਲੋਂ ਸਾਂਝੇ ਅੰਦੋਲਨ ਦੀ ਤਿਆਰੀ; ਸੰਵਿਧਾਨ ਅਤੇ ਲੋਕਤੰਤਰ ਬਚਾਉਣ ਵੱਡਾ ਸੱਦਾ
ਗੁਰੂ ਨਾਨਕ ਭਵਨ ‘ਚ ਹੋਈ ਵਿਚਾਰ ਗੋਸ਼ਟੀ; ਭਾਜਪਾ ਸਰਕਾਰ ਦੀਆਂ ਨੀਤੀਆਂ ਵਿਰੁੱਧ ਲਾਮਬੰਦੀ ਅਤੇ ਇਰਾਨ ‘ਤੇ ਹੋਏ ਹਮਲਿਆਂ ਦੀ ਸਖ਼ਤ ਨਿਖੇਧੀ
ਲੁਧਿਆਣਾ, 03 ਮਾਰਚ 2026 : ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿਖੇ ਅੱਜ ਮਹਾਤਮਾ ਜੋਤੀ ਰਾਓ ਫੂਲੇ-ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਸੋਚ ਅਤੇ ਖੱਬੇ ਪੱਖੀ ਪਾਰਟੀਆਂ ਵੱਲੋਂ ਸਾਂਝੇ ਤੌਰ ‘ਤੇ “ਸੰਵਿਧਾਨ ਬਚਾਓ-ਲੋਕਤੰਤਰ ਬਚਾਓ” ਵਿਸ਼ੇ ‘ਤੇ ਇੱਕ ਪ੍ਰਭਾਵਸ਼ਾਲੀ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਦੀ ਪ੍ਰਧਾਨਗੀ ਸਮਾਜਿਕ ਸੰਘਰਸ਼ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਸ੍ਰੀਮਤੀ ਹਰਵਿੰਦਰ ਕੌਰ ਨੇ ਕੀਤੀ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (RMPI) ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ‘ਮੰਨੂਵਾਦੀ’ ਭਾਜਪਾ ਸਰਕਾਰ ਤੋਂ ਬਚਾਉਣ ਲਈ ਸਾਰੀਆਂ ਸੈਕੂਲਰ ਸ਼ਕਤੀਆਂ ਨੂੰ ਇੱਕਜੁੱਟ ਹੋ ਕੇ ਵੱਡਾ ਅੰਦੋਲਨ ਵਿੱਢਣ ਦੀ ਲੋੜ ਹੈ।
ਮੋਦੀ ਸਰਕਾਰ ਦੇਸ਼ ਵਿੱਚ ਮੁੜ ਜਾਤੀਵਾਦੀ ਪ੍ਰਬੰਧ ਲਾਗੂ ਕਰਕੇ ਦਲਿਤਾਂ, ਔਰਤਾਂ ਅਤੇ ਘੱਟ ਗਿਣਤੀਆਂ ‘ਤੇ ਜਬਰ ਤੇਜ਼ ਕਰ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਸੰਵਿਧਾਨਿਕ ਹੱਕਾਂ ਦੀ ਰਾਖੀ ਲਈ ਸਾਰੀਆਂ ਰਾਜਨੀਤਿਕ, ਸਮਾਜਿਕ ਅਤੇ ਧਰਮ-ਨਿਰਪੱਖ ਪਾਰਟੀਆਂ ਨੂੰ ਇੱਕ ਸਾਂਝੇ ਮੰਚ ‘ਤੇ ਲਿਆਂਦਾ ਜਾਵੇਗਾ।
ਅੰਤਰਰਾਸ਼ਟਰੀ ਅਤੇ ਸਥਾਨਕ ਮੁੱਦਿਆਂ ‘ਤੇ ਮਤੇ ਪਾਸ
ਵਿਚਾਰ ਗੋਸ਼ਟੀ ਦੌਰਾਨ ਕੁਝ ਅਹਿਮ ਮਤੇ ਪਾਸ ਕਰਕੇ ਨਿਖੇਧੀ ਕੀਤੀ ਗਈ ਕਿ ਅਮਰੀਕਾ ਅਤੇ ਉਸ ਦੇ ਸਾਥੀ ਦੇਸ਼ਾਂ ਵੱਲੋਂ ਇਰਾਨ ਉੱਪਰ ਕੀਤੇ ਗਏ ਹਮਲਿਆਂ ਅਤੇ ਨਿਰਦੋਸ਼ ਲੋਕਾਂ ਦੀ ਹੱਤਿਆ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਬੁਲਾਰਿਆਂ ਨੇ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਸਾਜ਼ਿਸ਼ੀ ਚੁੱਪ’ ‘ਤੇ ਵੀ ਸਵਾਲ ਚੁੱਕੇ। ਗੁਰਦਾਸਪੁਰ ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਰਣਜੀਤ ਸਿੰਘ ਦੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ।
ਇਸ ਮੌਕੇ ਕੁਲਦੀਪ ਸਿੰਘ ਇਸਾਪੁਰੀ (ਬਹੁਜਨ ਮੁਕਤੀ ਪਾਰਟੀ), ਪ੍ਰਗਟ ਸਿੰਘ ਜਾਮਾਰਾਏ, ਕਾਮਰੇਡ ਹਰਬੰਸ ਮਾਂਗਟ, ਬਲਵਿੰਦਰ ਸਿੰਘ (ਲੋਕ ਅਧਿਕਾਰ ਲਹਿਰ) ਅਤੇ ਭਗਵੰਤ ਸਮਾਓ ਨੇ ਸੰਬੋਧਨ ਕਰਦਿਆਂ ਇਸ ਮੋਰਚੇ ਨੂੰ ਤਨੋਂ-ਮਨੋਂ ਅਤੇ ਧਨੋਂ ਸਹਿਯੋਗ ਦੇਣ ਦਾ ਐਲਾਨ ਕੀਤਾ। ਸਟੇਜ ਦੀ ਕਾਰਵਾਈ ਜਸਵਿੰਦਰ ਸਿੰਘ ਨੇ ਨਿਭਾਈ।
ਇਸ ਇਕੱਠ ਵਿੱਚ ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਪ੍ਰੋ. ਜੈਪਾਲ ਸਿੰਘ, ਹਰਨੇਕ ਸਿੰਘ ਗੁੱਜਰਵਾਲ, ਹਰਚੰਦ ਸਿੰਘ ਜਖਵਾਲੀ, ਅਜੈਬ ਸਿੰਘ ਬਠੋਈ ਸਮੇਤ ਵੱਡੀ ਗਿਣਤੀ ਵਿੱਚ ਬੁੱਧੀਜੀਵੀ ਅਤੇ ਪਾਰਟੀ ਵਰਕਰ ਹਾਜ਼ਰ ਸਨ।






