Libya Floods: ਮੀਂਹ ਤੋਂ ਬਾਅਦ ਤੂਫ਼ਾਨ ਨੇ ਮਚਾਈ ਤਬਾਹੀ, 2 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ, ਹਜ਼ਾਰਾਂ ਲਾਪਤਾ- ਵੇਖੋ ਵੀਡੀਓ

615

 

Libya Floods:

ਉੱਤਰੀ ਅਫ਼ਰੀਕੀ ਦੇਸ਼ ਲੀਬੀਆ ਵਿੱਚ ਤੂਫ਼ਾਨ ਤੋਂ ਬਾਅਦ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਹੜ੍ਹਾਂ ਕਾਰਨ ਹੁਣ ਤੱਕ ਲਗਭਗ 2,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਲਾਪਤਾ ਹਨ। ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।

ਦਰਅਸਲ ਲੀਬੀਆ ਦੇ ਪੂਰਬੀ ਇਲਾਕੇ ਭਾਰੀ ਮੀਂਹ ਅਤੇ ਤੂਫਾਨ ਦੀ ਲਪੇਟ ‘ਚ ਹਨ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਲੀਬੀਆ ਦੇ ਪ੍ਰਧਾਨ ਮੰਤਰੀ ਓਸਾਮਾ ਹਮਾਦ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਪੂਰਬੀ ਸ਼ਹਿਰ ਡੇਰਨਾ ਵਿੱਚ ਹੋਈਆਂ ਹਨ।

ਤੂਫਾਨ ਕਾਰਨ ਕਈ ਸੂਬਿਆਂ ‘ਚ ਭਾਰੀ ਮੀਂਹ ਅਤੇ ਅਚਾਨਕ ਹੜ੍ਹ ਆ ਗਏ। ਅਜਿਹੇ ‘ਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ।

ਹਾਲਾਂਕਿ ਸੈਂਕੜੇ ਲੋਕ ਅਜੇ ਵੀ ਲਾਪਤਾ ਹਨ। ਇਸ ਦੇ ਨਾਲ ਹੀ ਹਜ਼ਾਰਾਂ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਮ੍ਰਿਤਕਾਂ ਲਈ ਦੇਸ਼ ਵਿੱਚ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ।

ਡਰਨਾ ਸ਼ਹਿਰ ਦੀ ਹਾਲਤ ਬਹੁਤ ਮਾੜੀ

ਪੂਰਬੀ ਲੀਬੀਆ ਪ੍ਰਸ਼ਾਸਨ ਦੇ ਇੱਕ ਮੰਤਰੀ ਨੇ ਦੱਸਿਆ ਕਿ ਪੂਰਬੀ ਲੀਬੀਆ ਦੇ ਸ਼ਹਿਰ ਡੇਰਨਾ ਵਿੱਚ ਹੜ੍ਹਾਂ ਵਿੱਚੋਂ 1,000 ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਹਾਲਾਂਕਿ, ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਸੋਸਾਇਟੀਜ਼ ਦੇ ਤਾਮੇਰ ਰਮਦਾਨ ਨੇ ਕਿਹਾ ਕਿ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੈ। ਕਰੀਬ 10 ਹਜ਼ਾਰ ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।

ਡੈਮ ਟੁੱਟਣ ਤੋਂ ਬਾਅਦ ਸਥਿਤੀ ਵਿਗੜ ਗਈ

ਨਿਊਯਾਰਕ ਪੋਸਟ ਨੇ ਆਪਣੀ ਰਿਪੋਰਟ ਵਿਚ ਇਕ ਮਾਨਵਤਾਵਾਦੀ ਏਜੰਸੀ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਇਕੱਲੇ ਡੇਰਨਾ ਸ਼ਹਿਰ ਵਿਚ ਲਗਭਗ 2,000 ਲੋਕ ਮਾਰੇ ਗਏ ਹਨ।

ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਲੀਬੀਆ ਦੇ ਕਈ ਸ਼ਹਿਰਾਂ ‘ਚ ਹੜ੍ਹਾਂ ਨੇ ਤਬਾਹੀ ਮਚਾਈ ਹੈ ਪਰ ਸਭ ਤੋਂ ਜ਼ਿਆਦਾ ਤਬਾਹੀ ਡੇਰਨਾ ‘ਚ ਹੋਈ ਹੈ, ਜਿੱਥੇ ਭਾਰੀ ਮੀਂਹ ਅਤੇ ਹੜ੍ਹ ਨੇ ਬੰਨ੍ਹ ਤੋੜ ਦਿੱਤਾ ਅਤੇ ਹਜ਼ਾਰਾਂ ਲੋਕ ਰੁੜ੍ਹ ਗਏ। abp