ਪੰਜਾਬ ‘ਚ ਵੱਡੀ ਵਾਰਦਾਤ; ਨੰਬਰਦਾਰ ਵੱਲੋਂ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਫਿਲੌਰ ਦੇ ਪਿੰਡ ਘੁੜਕਾ ‘ਚ ਵਾਪਰੀ ਖ਼ੂਨੀ ਵਾਰਦਾਤ; ਪੁਲਿਸ ਨੇ ਮੁਲਜ਼ਮ ਜਸਪ੍ਰੀਤ ਸਿੰਘ ਉਰਫ਼ ਜੱਸਾ ਨੂੰ ਹਥਿਆਰ ਸਮੇਤ ਕੀਤਾ ਗ੍ਰਿਫ਼ਤਾਰ
ਜਲੰਧਰ/ਫਿਲੌਰ 16 ਮਾਰਚ 2026:
ਜਲੰਧਰ ਜ਼ਿਲ੍ਹੇ ਦੇ ਫਿਲੌਰ ਅਧੀਨ ਪੈਂਦੇ ਪਿੰਡ ਘੁੜਕਾ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਨੇ ਖ਼ੂਨੀ ਰੂਪ ਧਾਰ ਲਿਆ।
ਇੱਕ ਸਥਾਨਕ ਨੰਬਰਦਾਰ ਨੇ ਪੈਸਿਆਂ ਦੇ ਝਗੜੇ ਦੌਰਾਨ ਗੋਲੀ ਮਾਰ ਕੇ ਬਿਹਾਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਦੀ ਪਛਾਣ ਮਨੋਜ ਕੁਮਾਰ ਵਜੋਂ ਹੋਈ ਹੈ, ਜੋ ਬਿਹਾਰ ਦੇ ਜ਼ਿਲ੍ਹਾ ਮੋਤੀਹਾਰੀ (ਥਾਣਾ ਪਿਪਲਾ) ਦਾ ਰਹਿਣ ਵਾਲਾ ਸੀ ਅਤੇ ਫਿਲਹਾਲ ਪਿੰਡ ਹਸਨਪੁਰ ਵਿੱਚ ਰਹਿ ਕੇ ਕੰਮ ਕਰਦਾ ਸੀ। ਇਹ ਘਟਨਾ ਸ਼ਨੀਵਾਰ ਸ਼ਾਮ ਕਰੀਬ 5:30 ਵਜੇ ਵਾਪਰੀ।
ਜਾਣਕਾਰੀ ਅਨੁਸਾਰ ਮਨੋਜ ਕੁਮਾਰ ਅਤੇ ਪਿੰਡ ਦੇ ਨੰਬਰਦਾਰ ਜਸਪ੍ਰੀਤ ਸਿੰਘ ਵਿਚਕਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪੁਰਾਣਾ ਵਿਵਾਦ ਚੱਲ ਰਿਹਾ ਸੀ, ਜੋ ਨਿੱਜੀ ਰੰਜਿਸ਼ ਵਿੱਚ ਬਦਲ ਗਿਆ।
ਲਾਇਸੈਂਸੀ ਰਿਵਾਲਵਰ ਨਾਲ ਮਾਰੀ ਗੋਲੀ
ਡੀ.ਐੱਸ.ਪੀ. ਭਾਰਤ ਮਸੀਹ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦੋਵਾਂ ਧਿਰਾਂ ਵਿਚਕਾਰ ਬਹਿਸ ਹੋਈ ਸੀ। ਸ਼ਨੀਵਾਰ ਨੂੰ ਵਿਵਾਦ ਇੰਨਾ ਵਧ ਗਿਆ ਕਿ ਮੁਲਜ਼ਮ ਜਸਪ੍ਰੀਤ ਸਿੰਘ ਉਰਫ਼ ਜੱਸਾ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਮਨੋਜ ‘ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਮਨੋਜ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ।
ਪੁਲਿਸ ਨੇ ਮੁਲਜ਼ਮ ਜਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।






