ਪੰਜਾਬ ‘ਚ ਲੁੱਟ-ਖੋਹ ਦੀ ਵੱਡੀ ਵਾਰਦਾਤ; ਵਿਅਕਤੀ ਦਾ ਕਤਲ
ਲੁੱਟ-ਖੋਹ ਦੀ ਕੋਸ਼ਿਸ਼ ਦੌਰਾਨ ਵਾਪਰਿਆ ਭਿਆਨਕ ਹਾਦਸਾ: ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ
ਪੱਟੀ/ਤਰਨ ਤਾਰਨ
ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਦਦੇਰ ਸਾਹਿਬ ਵਿਖੇ ਲੁਟੇਰਿਆਂ ਵੱਲੋਂ ਲੁੱਟ-ਖੋਹ ਦੀ ਕੋਸ਼ਿਸ਼ ਦੌਰਾਨ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ। ਲੁਟੇਰਿਆਂ ਤੋਂ ਬਚਣ ਦੀ ਕੋਸ਼ਿਸ਼ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦਾ ਸੰਤੁਲਨ ਵਿਗੜ ਗਿਆ ਅਤੇ ਮੋਟਰਸਾਈਕਲ ਦਰਖਤ ਨਾਲ ਜਾ ਟਕਰਾਇਆ। ਇਸ ਹਾਦਸੇ ਵਿੱਚ ਮੋਟਰਸਾਈਕਲ ਚਲਾ ਰਹੇ ਹਰਜਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਹਰਜਿੰਦਰ ਸਿੰਘ ਆਪਣੀ ਪਤਨੀ ਨਾਲ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਦਦੇਰ ਸਾਹਿਬ ਤੋਂ ਸਰਹਾਲੀ ਵੱਲ ਜਾ ਰਿਹਾ ਸੀ। ਅਜੇ ਉਹ ਪਿੰਡ ਤੋਂ ਕੁਝ ਹੀ ਦੂਰੀ ‘ਤੇ ਪਹੁੰਚੇ ਸਨ ਕਿ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਲੁਟੇਰਿਆਂ ਤੋਂ ਖ਼ੁਦ ਨੂੰ ਬਚਾਉਣ ਲਈ ਜਦੋਂ ਹਰਜਿੰਦਰ ਸਿੰਘ ਨੇ ਮੋਟਰਸਾਈਕਲ ਤੇਜ਼ ਭਜਾਇਆ, ਤਾਂ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਇੱਕ ਦਰਖਤ ਵਿੱਚ ਜਾ ਵੱਜਿਆ। ਹਾਦਸਾ ਇੰਨਾ ਭਿਆਨਕ ਸੀ ਕਿ ਹਰਜਿੰਦਰ ਸਿੰਘ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਪਿੰਡ ਵਾਸੀਆਂ ਨੇ ਤੁਰੰਤ ਜ਼ਖ਼ਮੀ ਪਤਨੀ ਨੂੰ ਤਰਨ ਤਾਰਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ।
ਮੌਕੇ ‘ਤੇ ਪਹੁੰਚੇ ਪਿੰਡ ਦਦੇਰ ਸਾਹਿਬ ਦੇ ਸਾਬਕਾ ਸਰਪੰਚ ਪਿਛੌਰਾ ਸਿੰਘ, ਮੈਂਬਰ ਪੰਚਾਇਤ ਗੁਰਵਿੰਦਰ ਸਿੰਘ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਗੁੱਸਾ ਜ਼ਾਹਿਰ ਕੀਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਆਏ ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ, ਜਿਸ ਕਾਰਨ ਲੁਟੇਰਿਆਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹਾਲੀ ਐਸ.ਐਚ.ਓ. ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਹਨ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।






