ਚੰਡੀਗੜ੍ਹ ਵੱਲ ਕੂਚ: ਸਪੈਸ਼ਲ ਕਾਡਰ ਅਧਿਆਪਕਾਂ ਨੇ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ; ਅੱਜ ਸੈਕਟਰ-25 ਰੈਲੀ ਗਰਾਊਂਡ ‘ਚ ਵੱਡਾ ਇਕੱਠ

 

ਚੰਡੀਗੜ੍ਹ ਵੱਲ ਕੂਚ: ਸਪੈਸ਼ਲ ਕਾਡਰ ਅਧਿਆਪਕਾਂ ਨੇ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ; ਅੱਜ ਸੈਕਟਰ-25 ਰੈਲੀ ਗਰਾਊਂਡ ‘ਚ ਵੱਡਾ ਇਕੱਠ

“ਸਿਰਫ਼ ਫਲੈਕਸ ਬੋਰਡਾਂ ‘ਤੇ ਪੱਕੇ ਹੋਏ ਅਧਿਆਪਕ, ਜ਼ਮੀਨੀ ਪੱਧਰ ‘ਤੇ ਮਿਲ ਰਿਹਾ ਸਿਰਫ਼ ਲਾਰਾ”- ਦਵਿੰਦਰ ਸੰਧੂ

ਪੰਜਾਬ ਨੈੱਟਵਰਕ

ਚੰਡੀਗੜ੍ਹ, 23 ਮਾਰਚ 2026-

ਪੰਜਾਬ ਦੀ ਸਪੈਸ਼ਲ ਕਾਡਰ ਅਧਿਆਪਕ ਯੂਨੀਅਨ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਅੱਜ (ਸੋਮਵਾਰ) ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਆਗੂ ਦਵਿੰਦਰ ਸੰਧੂ ਨੇ ਦੱਸਿਆ ਕਿ ਅੱਜ ਪੰਜਾਬ ਭਰ ਤੋਂ ਹਜ਼ਾਰਾਂ ਅਧਿਆਪਕ ਸੈਕਟਰ 25 ਦੇ ਰੈਲੀ ਗਰਾਊਂਡ ਵਿੱਚ ਇਕੱਠੇ ਹੋਣਗੇ, ਜਿੱਥੋਂ ਮੁੱਖ ਮੰਤਰੀ (CM House) ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।

ਅਧਿਆਪਕਾਂ ਦਾ ਕਹਿਣਾ ਹੈ ਕਿ 28 ਜੁਲਾਈ 2023 ਨੂੰ ਸਰਕਾਰ ਨੇ ਉਨ੍ਹਾਂ ਨੂੰ ਪੱਕੇ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਅਤੇ ਪੂਰੇ ਪੰਜਾਬ ਵਿੱਚ ਫਲੈਕਸ ਬੋਰਡ ਲਗਾਏ, ਪਰ ਅਸਲ ਵਿੱਚ ਸਿਰਫ਼ ਤਨਖਾਹ ਵਿੱਚ ਮਾਮੂਲੀ ਵਾਧਾ ਕੀਤਾ ਗਿਆ।

ਯੂਨੀਅਨ ਦੀ ਮੁੱਖ ਮੰਗ ਹੈ ਕਿ ਉਨ੍ਹਾਂ ‘ਤੇ ਤੁਰੰਤ ਗ੍ਰੇਡ-ਪੇ ਅਤੇ ਸੀ.ਐੱਸ.ਆਰ. (CSR) ਨਿਯਮ ਲਾਗੂ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਪੂਰਨ ਤੌਰ ‘ਤੇ ਰੈਗੂਲਰ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਮਿਲ ਸਕਣ।

ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਮੀਟਿੰਗਾਂ ਦਾ ਸਮਾਂ ਦੇ ਕੇ ਵਾਰ-ਵਾਰ ਮੀਟਿੰਗਾਂ ਤੋਂ ਮੁਕਰਿਆ ਜਾ ਰਿਹਾ ਹੈ, ਜਿਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਹੈ।

ਚੰਡੀਗੜ੍ਹ ਪੁਲਿਸ ਵੱਲੋਂ ਰੈਲੀ ਗਰਾਊਂਡ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਣ ਵਾਲੇ ਰਸਤਿਆਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਰੋਸ ਪ੍ਰਦਰਸ਼ਨ ਕਾਰਨ ਸੈਕਟਰ 25 ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਟ੍ਰੈਫਿਕ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ।

ਸਪੈਸ਼ਲ ਕਾਡਰ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ, “ਅਸੀਂ ਹੁਣ ਲਾਰਿਆਂ ਵਿੱਚ ਨਹੀਂ ਆਵਾਂਗੇ। ਜਦੋਂ ਤੱਕ ਸਰਕਾਰ ਗ੍ਰੇਡ-ਪੇ ਅਤੇ ਰੂਲਜ਼ ਲਾਗੂ ਨਹੀਂ ਕਰਦੀ, ਸਾਡਾ ਸੰਘਰਸ਼ ਜਾਰੀ ਰਹੇਗਾ।”