Big News: LPG ਦੀ ਕਿੱਲਤ ‘ਤੇ ਘਿਰੀ ਮੋਦੀ ਸਰਕਾਰ; ਕਾਮਰੇਡਾਂ ਨੇ ਪ੍ਰਧਾਨ ਮੰਤਰੀ ਨੂੰ ਬਹਿਸ ਲਈ ਵੰਗਾਰਿਆ

 

LPG ਦੀ ਕਿੱਲਤ ‘ਤੇ ਘਿਰੀ ਮੋਦੀ ਸਰਕਾਰ; ਕਾਮਰੇਡਾਂ ਨੇ ਪ੍ਰਧਾਨ ਮੰਤਰੀ ਨੂੰ ਬਹਿਸ ਲਈ ਵੰਗਾਰਿਆ

ਸੀ.ਪੀ.ਆਈ. ਆਗੂ ਡੀ. ਰਾਜਾ ਦਾ ਪੀਐਮ ਮੋਦੀ ਨੂੰ ਚੈਲੇਂਜ: “ਸਾਨੂੰ ਝੂਠਾ ਕਹਿਣ ਦੀ ਬਜਾਏ ਬਹਿਸ ਕਰਨ ਪ੍ਰਧਾਨ ਮੰਤਰੀ”

“ਵਿਰੋਧੀ ਧਿਰਾਂ ਜ਼ਿੰਮੇਵਾਰ ਹਨ, ਅਸੀਂ ਲੋਕਾਂ ਦੀ ਰੋਜ਼ੀ-ਰੋਟੀ ਲਈ ਲੜਦੇ ਹਾਂ” — ਡੀ. ਰਾਜਾ

ਨਵੀਂ ਦਿੱਲੀ 14 ਮਾਰਚ 2026: ਦੇਸ਼ ਭਰ ਵਿੱਚ ਰਸੋਈ ਗੈਸ (LPG) ਦੀ ਕਿੱਲਤ ਦੀਆਂ ਰਿਪੋਰਟਾਂ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਭਾਰਤੀ ਕਮਿਊਨਿਸਟ ਪਾਰਟੀ (CPI) ਦੇ ਜਨਰਲ ਸਕੱਤਰ ਡੀ. ਰਾਜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ਇਸ ਮੁੱਦੇ ‘ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ।

ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਰਾਜਾ ਨੇ ਕਿਹਾ, “ਪੀਐਮ ਮੋਦੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਵਿਰੋਧੀ ਪਾਰਟੀਆਂ ਜ਼ਿੰਮੇਵਾਰ ਸੰਸਥਾਵਾਂ ਹਨ। ਮੈਂ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਬੋਲ ਰਿਹਾ ਹਾਂ, ਜੋ ਇੱਕ ਬਹੁਤ ਹੀ ਜ਼ਿੰਮੇਵਾਰ ਪਾਰਟੀ ਹੈ।” ਉਨ੍ਹਾਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਭਾਰਤ ਦੇ ਲੋਕਾਂ ਦੀ ਰੋਜ਼ੀ-ਰੋਟੀ ਲਈ ਲਗਾਤਾਰ ਸੰਘਰਸ਼ ਕਰਦੀ ਹੈ ਅਤੇ ਦੇਸ਼ ਦੇ ਨਾਗਰਿਕਾਂ ਨਾਲ ਜੁੜੇ ਮੁੱਦਿਆਂ ਨੂੰ ਹਮੇਸ਼ਾ ਜ਼ੋਰ-ਸ਼ੋਰ ਨਾਲ ਉਠਾਉਂਦੀ ਹੈ।

ਡੀ. ਰਾਜਾ ਨੇ ਕਿਹਾ, “ਕੀ ਉਹ (ਪ੍ਰਧਾਨ ਮੰਤਰੀ) ਮੇਰੀ ਭਾਰਤੀ ਕਮਿਊਨਿਸਟ ਪਾਰਟੀ ‘ਤੇ ਝੂਠ ਫੈਲਾਉਣ ਦਾ ਦੋਸ਼ ਲਗਾ ਸਕਦੇ ਹਨ? ਡੀ. ਰਾਜਾ ਨੇ ਪੱਤਰਕਾਰਾਂ ਨੂੰ ਕਿਹਾ ਕਿ, ਤੁਸੀਂ ਮੋਦੀ ਨੂੰ ਕਹੋ ਕਿ ਉਹ ਸਾਡੇ ਨਾਲ ਬਹਿਸ ਕਰਨ, ਅਸੀਂ ਬਹਿਸ ਲਈ ਤਿਆਰ ਹਾਂ।”

ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਕਈ ਹਿੱਸਿਆਂ ਵਿੱਚ LPG ਸਿਲੰਡਰਾਂ ਦੀ ਸਪਲਾਈ ਵਿੱਚ ਕਮੀ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਵਿਰੋਧੀ ਧਿਰ ਇਸ ਨੂੰ ਸਰਕਾਰੀ ਪ੍ਰਬੰਧਾਂ ਦੀ ਨਾਕਾਮੀ ਦੱਸ ਰਹੀ ਹੈ, ਉੱਥੇ ਹੀ ਸਰਕਾਰ ਵੱਲੋਂ ਇਨ੍ਹਾਂ ਰਿਪੋਰਟਾਂ ਨੂੰ ਗ਼ਲਤ ਪ੍ਰਚਾਰ ਦੱਸਿਆ ਜਾ ਰਿਹਾ ਹੈ।