- ਹਕੂਮਤਾਂ ਦੀਆਂ ਮੁਨਾਫ਼ਾਖੋਰ ਕਾਰਪੋਰੇਟ ਪੱਖੀ ਅਤੇ ਕੁਦਰਤ ਵਿਰੋਧੀ ਨੀਤੀਆਂ ਜ਼ਿੰਮੇਵਾਰ
- ਅੰਧਵਿਸ਼ਵਾਸੀ ਉੱਚ ਤਕਨੀਕੀ ਅਦਾਰੇ ਦੇ ਮੁਖੀ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ
ਰਾਕੇਸ ਨਈਅਰ, ਚੋਹਲਾ ਸਾਹਿਬ/ਤਰਨਤਾਰਨ-
ਤਰਕਸ਼ੀਲ ਸੁਸਾਇਟੀ ਪੰਜਾਬ ਮਾਝਾ ਜੋਨ ਨੇ ਆਈ. ਆਈ. ਟੀ. ਮੰਡੀ (ਹਿਮਾਚਲ ਪ੍ਰਦੇਸ਼) ਦੇ ਨਿਰਦੇਸ਼ਕ ਲਕਸ਼ਮੀਧਰ ਬਹੇੜਾ ਵਲੋਂ ਪਿਛਲੇ ਮਹੀਨੇ ਹਿਮਾਚਲ ਪ੍ਰਦੇਸ਼ ਵਿਚ ਬੱਦਲ ਫਟਣ, ਜ਼ਮੀਨ ਖਿਸਕਣ ਅਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਨੂੰ ਜਾਨਵਰਾਂ ਦੇ ਮਾਸ ਖਾਣ ਨਾਲ ਜੋੜ ਕੇ ਦਿੱਤੇ ਅੰਧ ਵਿਸ਼ਵਾਸੀ ਅਤੇ ਗੁੰਮਰਾਹਕੁੰਨ ਬਿਆਨ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਤੋਂ ਅਜਿਹੇ ਅੰਧ ਵਿਸ਼ਵਾਸ਼ੀ ਨਿਰਦੇਸ਼ਕ ਨੂੰ ਅਹੁਦੇ ਤੋਂ ਤੁਰੰਤ ਬਰਖ਼ਾਸਤ ਕਰਨ ਦੀ ਜੋਰਦਾਰ ਮੰਗ ਕੀਤੀ ਹੈ। ਇਸਦੇ ਨਾਲ ਹੀ ਸੁਸਾਇਟੀ ਨੇ ਲੋਕਾਂ ਨੂੰ ਅਜਿਹੇ ਅੰਧਵਿਸ਼ਵਾਸ਼ਾਂ ਦਾ ਡਟਵਾਂ ਵਿਰੋਧ ਕਰਨ ਅਤੇ ਜਿੰਦਗੀ ਵਿੱਚ ਵਿਗਿਆਨਕ ਸੋਚ ਅਪਣਾਉਣ ਦੀ ਅਪੀਲ ਵੀ ਕੀਤੀ ਹੈ।
ਇਸ ਤਰਕਹੀਣ ਬਿਆਨ ਸਬੰਧੀ ਪ੍ਰਤੀਕਰਮ ਦਿੰਦਿਆਂ ਤਰਕਸ਼ੀਲ਼ ਸੁਸਾਇਟੀ ਪੰਜਾਬ ਮਾਝਾ ਜੋਨ ਦੇ ਜਥੇਬੰਦਕ ਮੁਖੀ ਰਜਵੰਤ ਬਾਗੜੀਆਂ, ਮੁਖਤਾਰ ਗੋਪਾਲਪੁਰ, ਸੰਦੀਪ ਧਾਰੀਵਾਲ ਭੋਜਾ, ਰਣਜੀਤ ਕੌਰ ਗੱਗੋਮਾਹਲ, ਸੁਮੀਤ ਸਿੰਘ ਅੰਮ੍ਰਿਤਸਰ ਨੇ ਕਿਹਾ ਕਿ ਇਕ ਉੱਚ ਪੱਧਰੀ ਤਕਨੀਕੀ ਅਦਾਰੇ ਦੇ ਮੁਖੀ ਵਲੋਂ ਆਪਣੇ ਭਾਸ਼ਣ ਰਾਹੀਂ ਵਿਗਿਆਨਕ ਸੇਧ ਦੇਣ ਦੀ ਬਜਾਏ ਵਿਦਿਆਰਥੀਆਂ ਵਿੱਚ ਘੋਰ ਅੰਧ ਵਿਸ਼ਵਾਸ ਫੈਲਾਉਣ ਵਾਲੀ ਗੁੰਮਰਾਹਕੁੰਨ ਬਿਆਨਬਾਜੀ ਕਰਕੇ ਅਤੇ ਉਨ੍ਹਾਂ ਨੂੰ ਮਾਸ ਨਾ ਖਾਣ ਦੀ ਜ਼ਬਰਦਸਤੀ ਸੰਹੁ ਖਵਾ ਕੇ ਭਾਜਪਾ-ਸੰਘ ਦੀ ਫ਼ਿਰਕੂ ਅਤੇ ਰੂੜੀਵਾਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਗਿਆ ਹੈ ਜੋ ਕਿ ਵਿਦਿਆਰਥੀਆਂ ਦੇ ਮੌਲਿਕ ਅਧਿਕਾਰਾਂ ਅਤੇ ਮਾਨਸਿਕਤਾ ਉਤੇ ਵੱਡਾ ਹਮਲਾ ਹੈ।
ਤਰਕਸ਼ੀਲ਼ ਆਗੂਆਂ ਨੇ ਮੋਦੀ ਸਰਕਾਰ ਵਲੋਂ ਹਿੰਦੂਤਵ ਦੇ ਫ਼ਿਰਕੂ ਏਜੰਡੇ ਹੇਠ ਸਿੱਖਿਆ ਦਾ ਭਗਵਾਂਕਰਨ ਅਤੇ ਵਪਾਰੀਕਰਨ ਕੀਤੇ ਜਾਣ ਦਾ ਡਟਵਾਂ ਵਿਰੋਧ ਕਰਦਿਆਂ ਕਿਹਾ ਕਿ ਅਜਿਹਾ ਗੈਰ ਵਿਗਿਆਨਕ ਅਤੇ ਤੁਗਲਕੀ ਬਿਆਨ ਦੇ ਕੇ ਉੱਚ ਤਕਨੀਕੀ ਅਦਾਰੇ ਦੇ ਮੁਖੀ ਵਲੋਂ ਨਾ ਸਿਰਫ ਆਧੁਨਿਕ ਵਿਗਿਆਨ ਅਤੇ ਵਿਗਿਆਨੀਆਂ ਦਾ ਘੋਰ ਅਪਮਾਨ ਕੀਤਾ ਗਿਆ ਹੈ ਬਲਕਿ ਭਾਰਤੀ ਸੰਵਿਧਾਨ ਦੀ ਧਾਰਾ 51- ਏ (ਐੱਚ) ਤਹਿਤ ਲੋੜੀਂਦੇ ਵਿਗਿਆਨਕ ਵਿਚਾਰਧਾਰਾ ਦੇ ਫ਼ਰਜ਼ ਦੀਆਂ ਵੀ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਹਨ। ਜਿਸ ਲਈ ਉਸਦੇ ਖਿਲਾਫ ਸਖਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਤਰਕਸ਼ੀਲ਼ ਆਗੂਆਂ ਨਰਿੰਦਰ ਸੇਖਚੱਕ, ਜਸਪਾਲ ਬਾਸਰਕੇ, ਹਰਪ੍ਰੀਤ ਮੀਆਂਵਿੰਡ, ਦੀਵਾਨ ਧਾਰੀਵਾਲ ਭੋਜਾ, ਕੈਪਟਨ ਮਾਨਾਂਵਾਲਾ, ਅਵਤਾਰ ਸਿੰਘ ਚੋਹਲਾ,ਸੇਵਾ ਸਿੰਘ, ਤਰਲੋਚਨ ਸਿੰਘ ਗੁਰਦਾਸਪੁਰ, ਮਾਸਟਰ ਤਸਵੀਰ ਸਿੰਘ, ਸ਼ਿੰਗਾਰਾ ਸਿੰਘ, ਕੁਲਵੰਤ ਸਿੰਘ, ਜੁਗਿੰਦਰ ਸਿੰਘ, ਡਾਕਟਰ ਸੁਖਦੇਵ ਸਿੰਘ ਲਹੁਕਾ, ਸੰਜੀਵ ਬਾਗੜੀਆਂ, ਮਾਸਟਰ ਕਰਮ ਸਿੰਘ, ਹਰਨੰਦ ਸਿੰਘ ਬੱਲਿਆਂਵਾਲਾ,ਗੁਰਬਾਜ ਸਿੰਘ,ਜਸਵੰਤ ਸਿੰਘ ਪੱਧਰੀ, ਸਤਰਪਾਲ ਸਿੰਘਪੁਰਾ, ਗੁਰਬਖਸ਼ ਸਿੰਘ, ਗੁਰਪ੍ਰੀਤ ਗੰਡੀਵਿੰਡ ਨੇ ਸਪੱਸ਼ਟ ਕੀਤਾ ਕਿ ਪਿਛਲੇ ਮਹੀਨੇ ਹਿਮਾਚਲ ਵਿਚ ਜ਼ਮੀਨ ਖਿਸਕਣ ਅਤੇ ਢਿੱਗਾਂ ਡਿੱਗਣ ਕਾਰਨ ਹੋਈਆਂ ਮੌਤਾਂ ਲਈ ਸਿਰਫ ਤੇ ਸਿਰਫ ਹਕੂਮਤਾਂ ਦੀਆਂ ਮੁਨਾਫ਼ਾਖੋਰ ਕਾਰਪੋਰੇਟ ਘਰਾਣਿਆਂ ਪੱਖੀ ਤੇ ਕੁਦਰਤ ਵਿਰੋਧੀ ਨੀਤੀਆਂ ਹੇਠ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ, ਪਹਾੜਾਂ ਦੀ ਗੈਰ ਕਾਨੂੰਨੀ ਕੱਟ ਵੱਢ, ਇਮਾਰਤਾਂ ਅਤੇ ਸੜਕਾਂ ਦਾ ਅੰਨ੍ਹੇਵਾਹ ਤੇ ਅਨ ਅਧਿਕਾਰਤ ਨਿਰਮਾਣ, ਭਾਰੀ ਬਾਰਿਸ਼ਾਂ ਅਤੇ ਜਲਵਾਯੂ ਤਬਦੀਲੀ ਆਦਿ ਕਾਰਣ ਮੁੱਖ ਤੌਰ ‘ਤੇ ਜ਼ਿੰਮੇਵਾਰ ਹਨ ਅਤੇ ਇਸ ਤਰਾਸਦੀ ਪਿੱਛੇ ਲੋਕਾਂ ਵਲੋਂ ਜਾਨਵਰ ਦਾ ਮਾਸ ਖਾਣ ਨਾਲ ਕੋਈ ਸੰਬੰਧ ਨਹੀਂ ਹੈ।
ਤਰਕਸ਼ੀਲ਼ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਵਿਚ ਜੰਤਰ ਮੰਤਰ, ਭੂਤ ਪ੍ਰੇਤ, ਬੁਰੀਆਂ ਆਤਮਾਵਾਂ, ਧਾਗੇ ਤਵੀਤ, ਜਨਮ ਟੇਵਿਆਂ, ਰਾਸ਼ੀ ਫਲ, ਸਵਰਗ ਨਰਕ ਆਦਿ ਦਾ ਘੋਰ ਅੰਧ ਵਿਸ਼ਵਾਸ਼ ਫੈਲਾਉਣ ਵਾਲੇ ਅਤੇ ਉਨ੍ਹਾਂ ਦੇ ਆਜ਼ਾਦਾਨਾ ਖਾਣ ਪੀਣ, ਪਹਿਨਣ ਅਤੇ ਵਿਗਿਆਨਕ ਵਿਚਾਰਾਂ ਉਤੇ ਪਾਬੰਦੀ ਲਾਉਣ ਵਾਲੇ ਅਜਿਹੇ ਮੁਖੀਆਂ ਅਤੇ ਵਿਦਿਅਕ ਅਦਾਰਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।