Terrorist Attack : ਫੌਜ ਵੱਲੋਂ ਅੱਤਵਾਦੀਆਂ ਦੇ ਸਾਰੇ ਸ਼ੱਕੀ ਟਿਕਾਣਿਆਂ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ….
ਪੰਜਾਬ ਨੈੱਟਵਰਕ, ਨਵੀਂ ਦਿੱਲੀ:
Terrorist Attack : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ‘ਚ ਸੋਮਵਾਰ ਨੂੰ ਅੱਤਵਾਦੀਆਂ ਅਤੇ ਫੌਜ ਦੇ ਜਵਾਨਾਂ ਵਿਚਾਲੇ ਭਿਆਨਕ ਮੁਕਾਬਲਾ ਹੋਇਆ। ਇਸ ਘਟਨਾ ‘ਚ ਫੌਜ ਦੇ 4 ਜਵਾਨ ਸ਼ਹੀਦ ਹੋ ਗਏ ਅਤੇ 6 ਹੋਰ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦਾ ਕਠੂਆ ਜ਼ਿਲ੍ਹਾ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਨਾਲ ਲੱਗਦਾ ਹੈ।
ਇਸ ਪੂਰੀ ਘਟਨਾ ‘ਤੇ ਫੌਜ ਦੇ ਸੂਤਰਾਂ ਨੇ ਕਿਹਾ ਹੈ ਕਿ ਪਹਿਲਾਂ ਹਮਲਾ ਅੱਤਵਾਦੀਆਂ ਵਲੋਂ ਕੀਤਾ ਗਿਆ ਅਤੇ ਜਵਾਨਾਂ ਵਲੋਂ ਜਵਾਬੀ ਕਾਰਵਾਈ ਕੀਤੀ ਗਈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਕਠੂਆ ਸ਼ਹਿਰ ਤੋਂ 150 ਕਿਲੋਮੀਟਰ ਦੂਰ ਲੋਹਾਈ ਮਲਹਾਰ ਦੇ ਬਦਨੋਟਾ ਪਿੰਡ ‘ਚ ਉਸ ਸਮੇਂ ਵਾਪਰੀ, ਜਦੋਂ ਫੌਜ ਦੇ ਕੁਝ ਵਾਹਨ ਖੇਤਰ ‘ਚ ਰੁਟੀਨ ਗਸ਼ਤ ‘ਤੇ ਸਨ।
ਸ਼ੁਰੂਆਤੀ ਹਮਲੇ ਤੋਂ ਬਾਅਦ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗ੍ਰੇਨੇਡ ਸੁੱਟਿਆ ਅਤੇ ਫਿਰ ਗੋਲੀਬਾਰੀ ਕੀਤੀ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ, ਪਰ ਅੱਤਵਾਦੀ ਨੇੜਲੇ ਜੰਗਲ ਵਿੱਚ ਭੱਜ ਗਏ।
ਅੱਤਵਾਦੀ ਹਮਲੇ ਤੋਂ ਬਾਅਦ ਫੌਜ ਵੱਲੋਂ ਪੂਰੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਫੌਜ ਵੱਲੋਂ ਅੱਤਵਾਦੀਆਂ ਦੇ ਸਾਰੇ ਸ਼ੱਕੀ ਟਿਕਾਣਿਆਂ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਜੰਮੂ ਦੇ ਕਠੂਆ ਅਤੇ ਆਸਪਾਸ ਦੇ ਇਲਾਕਿਆਂ ‘ਚ ਹਾਲ ਹੀ ਦੇ ਸਮੇਂ ‘ਚ ਅੱਤਵਾਦੀਆਂ ਵਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।