ਉਗਰਾਹਾਂ ਜਥੇਬੰਦੀ ‘ਤੇ ਜਬਰ ਬਰਦਾਸ਼ਤ ਨਹੀਂ, ਡਟ ਕੇ ਕਰਾਂਗੇ ਮਦਦ- ਭਾਕਿਯੂ ਏਕਤਾ ਡਕੌਂਦਾ ਦਾ ਐਲਾਨ

 

ਭਾਕਿਯੂ ਏਕਤਾ ਡਕੌਂਦਾ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰਾਂ ਅਤੇ ਆਗੂਆਂ ਤੇ ਜਬਰ ਦੀ ਨਿਖੇਧੀ

ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਦਾ ਬੁਨਿਆਦੀ ਹੱਕ ਖੋਹ ਰਹੀ ਹੈ ਪੰਜਾਬ ਸਰਕਾਰ – ਮਨਜੀਤ ਧਨੇਰ

ਪੰਜਾਬ ਸਰਕਾਰ ਗ੍ਰਿਫਤਾਰ ਕਿਸਾਨਾਂ ਨੂੰ ਰਿਹਾਅ ਕਰਕੇ ਉਹਨਾਂ ਦੀਆਂ ਮੰਗਾਂ ਮੰਨੇ – ਗੁਰਦੀਪ ਰਾਮਪੁਰਾ

ਬਠਿੰਡਾ 6 ਜਨਵਰੀ – ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ ਉਗਰਾਹਾਂ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਉੱਤੇ ਪੰਜਾਬ ਸਰਕਾਰ ਵੱਲੋਂ ਕੀਤੇ ਜ਼ਬਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਚਾਓਕੇ ਸਕੂਲ ਦੇ ਮਸਲੇ ਵਿੱਚ ਉਗਰਾਹਾਂ ਜਥੇਬੰਦੀ ਦੇ ਆਗੂਆਂ ਨੂੰ ਕਈ ਮਹੀਨਿਆਂ ਤੋਂ ਨਜਾਇਜ਼ ਤੌਰ ਤੇ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ।

ਉਗਰਾਹਾਂ ਜਥੇਬੰਦੀ ਵੱਲੋਂ ਉਹਨਾਂ ਦੀ ਰਿਹਾਈ ਵਾਸਤੇ ਪੱਕੇ ਮੋਰਚੇ ਦਾ ਐਲਾਨ ਕੀਤਾ ਗਿਆ ਸੀ ਜਿਸ ਕਾਰਨ ਰਾਤ ਨੂੰ ਹੀ ਉਨਾਂ ਦੇ ਬਹੁਤ ਸਾਰੇ ਆਗੂ ਗ੍ਰਿਫ਼ਤਾਰ ਕਰ ਲਏ ਹਨ। ਅੱਜ ਵੱਖ-ਵੱਖ ਥਾਵਾਂ ਤੋਂ ਬਠਿੰਡਾ ਵੱਲ ਵੱਧ ਰਹੇ ਕਿਸਾਨ ਕਾਫਲਿਆਂ ਤੇ ਲਾਠੀ ਚਾਰਜ ਕਰਕੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਅਤੇ ਉਨਾਂ ਨੂੰ ਸੜਕਾਂ ਤੇ ਘੇਰ ਕੇ ਬਠਿੰਡਾ ਪਹੁੰਚਣ ਤੋਂ ਰੋਕਿਆ ਗਿਆ ਹੈ ਜਿਸ ਨਾਲ ਸੜਕਾਂ ਤੇ ਜਾਮ ਵਰਗੀ ਸਥਿਤੀ ਬਣ ਗਈ ਹੈ।

ਸੂਬਾ ਕਮੇਟੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਸੰਘਰਸ਼ ਕਰਨ ਦਾ ਜਮਹੂਰੀ ਹੱਕ ਖੋਹ ਰਹੀ ਹੈ ਅਤੇ ਕਿਸਾਨਾਂ ਨੂੰ ਸੜਕਾਂ ਤੇ ਘੇਰ ਕੇ ਆਮ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਰਹੀ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਿਸੇ ਵੀ ਕਿਸਾਨ ਜਥੇਬੰਦੀ ਨੂੰ ਇਕੱਲੀ ਨਾ ਸਮਝੇ। ਜੇਕਰ ਕਿਸਾਨਾਂ ਤੇ ਜਬਰ ਬੰਦ ਕਰਕੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੂਰੀ ਤਾਕਤ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮਦਦ ਕਰੇਗੀ।