No paper has been leaked in Punjab in the last four years: CM Mann’s big statement
ਪੰਜਾਬ ‘ਚ ਕੋਈ ਪੇਪਰ ਲੀਕ ਨਹੀਂ ਹੋਇਆ ਪਿਛਲੇ ਚਾਰ ਸਾਲਾਂ ਦੌਰਾਨ: CM ਮਾਨ ਦਾ ਵੱਡਾ ਬਿਆਨ
ਪੰਜਾਬ ‘ਚ ਸਿੱਖਿਆ ਕ੍ਰਾਂਤੀ ਦਾ ਨਵਾਂ ਦੌਰ: ਪੇਪਰ ਲੀਕ ਮੁਕਤ ਸਿਸਟਮ ਅਤੇ ਵਿਸ਼ਵ ਪੱਧਰੀ ਅਧਿਆਪਕ ਸਿਖਲਾਈ ਬਣੀ ਮਿਸਾਲ- ਭਗਵੰਤ ਮਾਨ
ਚੰਡੀਗੜ੍ਹ, 30 ਮਾਰਚ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਸਿੱਖਿਆ ਢਾਂਚੇ ਵਿੱਚ ਹੋਏ ਵੱਡੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਹੁਣ ਦੇਸ਼ ਭਰ ਵਿੱਚ ਇੱਕ ‘ਰੋਲ ਮਾਡਲ’ ਵਜੋਂ ਉੱਭਰਿਆ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਜੋ ਬਦਲਾਅ ਆਏ ਹਨ, ਉਹ ਸੂਬੇ ਦੇ ਉਜਵਲ ਭਵਿੱਖ ਦਾ ਸੰਕੇਤ ਹਨ।
ਮੁੱਖ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਿੱਥੇ ਗੁਆਂਢੀ ਰਾਜਾਂ ਵਿੱਚ ਪੇਪਰ ਲੀਕ ਦੀਆਂ ਘਟਨਾਵਾਂ ਆਮ ਹਨ, ਉੱਥੇ ਪੰਜਾਬ ਵਿੱਚ ਪਿਛਲੇ ਚਾਰ ਸਾਲਾਂ ਦੌਰਾਨ ਪੇਪਰ ਲੀਕ ਦੀ ਕੋਈ ਇੱਕ ਵੀ ਘਟਨਾ ਸਾਹਮਣੇ ਨਹੀਂ ਆਈ।
ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਦੀ ਪਵਿੱਤਰਤਾ ਬਣਾਈ ਰੱਖਣ ਲਈ ਸਰਕਾਰ ਨੇ ਬੇਹੱਦ ਸਖ਼ਤ ਅਤੇ ਪਾਰਦਰਸ਼ੀ ਪ੍ਰਬੰਧ ਕੀਤੇ ਹਨ, ਜਿਸ ਨਾਲ ਵਿਦਿਆਰਥੀਆਂ ਦਾ ਸਿਸਟਮ ‘ਤੇ ਭਰੋਸਾ ਵਧਿਆ ਹੈ।
ਸਿੱਖਿਆ ਖੇਤਰ ਵਿੱਚ ਕੀਤੇ ਗਏ ਨਿਵੇਸ਼ ਦੇ ਨਤੀਜੇ ਹੁਣ ਅਕਾਦਮਿਕ ਰਿਪੋਰਟਾਂ ਵਿੱਚ ਸਾਫ਼ ਦਿਖਾਈ ਦੇ ਰਹੇ ਹਨ। ਪੰਜਾਬ ਨੇ ਰਾਸ਼ਟਰੀ ਮੁਲਾਂਕਣ ਸਰਵੇਖਣਾਂ ਵਿੱਚ ਕੇਰਲਾ ਵਰਗੇ ਸਿੱਖਿਆ ਦੇ ਗੜ੍ਹ ਮੰਨੇ ਜਾਣ ਵਾਲੇ ਸੂਬਿਆਂ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਸਰਕਾਰੀ ਸਕੂਲਾਂ ਦੇ ਹਜ਼ਾਰਾਂ ਵਿਦਿਆਰਥੀ ਹੁਣ ਦੇਸ਼ ਦੀਆਂ ਉੱਚ ਪੱਧਰੀ ਇੰਜੀਨੀਅਰਿੰਗ ਅਤੇ ਮੈਡੀਕਲ ਪ੍ਰੀਖਿਆਵਾਂ ਪਾਸ ਕਰਕੇ ਆਪਣਾ ਲੋਹਾ ਮਨਵਾ ਰਹੇ ਹਨ।
ਮੁੱਖ ਮੰਤਰੀ ਨੇ ਅਧਿਆਪਕਾਂ ਦੀ ਕਾਬਲੀਅਤ ਵਧਾਉਣ ਲਈ ਚੁੱਕੇ ਗਏ ਕਦਮਾਂ ਨੂੰ ਲਾਮਿਸਾਲ ਦੱਸਿਆ, ਪੰਜਾਬ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੇ ਕਈ ਬੈਚਾਂ ਨੂੰ ਸਿੰਗਾਪੁਰ ਅਤੇ ਫਿਨਲੈਂਡ ਵਰਗੇ ਦੇਸ਼ਾਂ ਵਿੱਚ ਵਿਸ਼ਵ ਪੱਧਰੀ ਅਧਿਆਪਨ ਤਰੀਕੇ ਸਿੱਖਣ ਲਈ ਭੇਜਿਆ ਗਿਆ ਹੈ।
ਦੇਸ਼ ਦੇ ਨਾਮੀ ਸੰਸਥਾਨਾਂ ਜਿਵੇਂ IIM ਅਹਿਮਦਾਬਾਦ ਵਿੱਚ ਵੀ ਅਧਿਆਪਕਾਂ ਨੂੰ ਲੀਡਰਸ਼ਿਪ ਦੀ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਉਹ ਸਕੂਲਾਂ ਨੂੰ ਆਧੁਨਿਕ ਲੀਹਾਂ ‘ਤੇ ਚਲਾ ਸਕਣ।
ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਨੂੰ ਸਿਆਸੀ ਕੰਮਾਂ ਤੋਂ ਮੁਕਤ ਕਰਕੇ ਸਿਰਫ਼ ਪੜ੍ਹਾਈ ਵੱਲ ਧਿਆਨ ਦੇਣ ਦਾ ਮਾਹੌਲ ਸਿਰਜਿਆ ਗਿਆ ਹੈ।
ਉਨ੍ਹਾਂ ਮੁਤਾਬਕ, ਇਹ ਸਾਰੇ ਸੁਧਾਰ ਇਸ ਗੱਲ ਦਾ ਪ੍ਰਮਾਣ ਹਨ ਕਿ ਪੰਜਾਬ ਦੀ ਸਿੱਖਿਆ ਹੁਣ ਸਿਰਫ਼ “ਮਿਡ-ਡੇ-ਮੀਲ” ਤੱਕ ਸੀਮਿਤ ਨਹੀਂ ਰਹੀ, ਸਗੋਂ ਵਿਦਿਆਰਥੀਆਂ ਦੇ ਕਰੀਅਰ ਅਤੇ ਉੱਦਮੀ ਸੋਚ (Entrepreneurship) ਨੂੰ ਨਵੀਂ ਦਿਸ਼ਾ ਦੇ ਰਹੀ ਹੈ।






