“ਕੈਂਸਰ ਸਰਵਾਈਵਰਜ਼ ਡੇ” ਦੇ ਮੌਕੇ ‘ਤੇ MP ਅਰੋੜਾ ਨੇ ਕਿਹਾ “ਕੈਂਸਰ” ਸ਼ਬਦ ਤੋਂ ਨਾ ਡਰੋ

164

 

ਪੰਜਾਬ ਨੈੱਟਵਰਕ, ਲੁਧਿਆਣਾ

ਸ਼ਨੀਵਾਰ ਨੂੰ ਸਥਾਨਕ ਹਸਪਤਾਲਾਂ ਵਿੱਚ ਰਾਸ਼ਟਰੀ ਕੈਂਸਰ ਸਰਵਾਈਵਰਜ਼ ਦਿਵਸ ਮਨਾਇਆ ਗਿਆ ਅਤੇ ‘ਆਪ’ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਇਨ੍ਹਾਂ ਵਿੱਚੋਂ ਡੀਐਮਸੀਐਚ ਸਹਿਤ ਦੋ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਇਨ੍ਹਾਂ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਕੈਂਸਰ ਦੇ ਮਰੀਜ਼ਾਂ ਦੀ ਬਿਮਾਰੀ ਵਿਰੁੱਧ ਲੜਾਈ ਜਿੱਤਣ ਦਾ ਸੰਕਲਪ ਸਭ ਤੋਂ ਮਜ਼ਬੂਤ ਹਥਿਆਰ ਹੈ।

ਇੱਥੇ ਡੀਐਮਸੀਐਚ ਵਿਖੇ ਕੈਂਸਰ ਸਰਵਾਈਵਰਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਕਿਹਾ ਕਿ ਸਾਨੂੰ ਕੈਂਸਰ ਸਰਵਾਈਵਰਜ਼ ਦੇ ਹੌਂਸਲੇ ਨੂੰ ਸਲਾਮ ਕਰਨਾ ਚਾਹੀਦਾ ਹੈ, ਇਸ ਤੋਂ ਬਿਨਾਂ ਉਨ੍ਹਾਂ ਲਈ ਇਸ ਬਿਮਾਰੀ ਨਾਲ ਲੜਨਾ ਸੰਭਵ ਨਹੀਂ ਸੀ, ਜਿਸ ਨੂੰ ਸੰਸਾਰ ਭਰ ਵਿੱਚ ਭਿਆਨਕ ਬਿਮਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਸਮਾਗਮ ਦਾ ਆਯੋਜਨ ਡੀਐਮਸੀਐਚ ਕੈਂਸਰ ਕੇਅਰ ਸੈਂਟਰ ਲੁਧਿਆਣਾ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਮੈਨੇਜਿੰਗ ਸੋਸਾਇਟੀ ਦੀ ਇਕਾਈ ਦੁਆਰਾ ਅਮਰੀਕਨ ਓਨਕੋਲੋਜੀ ਇੰਸਟੀਚਿਊਟ ਦੇ ਸਹਿਯੋਗ ਨਾਲ ਕੀਤਾ ਗਿਆ ਸੀ।

ਅਰੋੜਾ ਜੋ ਕਿ ਡੀਐਮਸੀਐਚ ਮੈਨੇਜਿੰਗ ਸੁਸਾਇਟੀ, ਲੁਧਿਆਣਾ ਦੇ ਉਪ ਪ੍ਰਧਾਨ ਵੀ ਹਨ, ਨੇ ਕਿਹਾ ਕਿ ਬਿਨਾਂ ਸ਼ੱਕ ਡਾਕਟਰ ਯੋਧੇ ਹਨ ਪਰ ਕੈਂਸਰ ਸਰਵਾਈਵਰ ਅਸਲ ਯੋਧੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਕੈਂਸਰ ਸਰਵਾਈਵਰ ਹੀ ਇਲਾਜ ਲਈ ਅਸਲ ਬ੍ਰਾਂਡ ਅੰਬੈਸਡਰ ਹਨ ਅਤੇ ਉਹ ਇਹ ਸੰਦੇਸ਼ ਫੈਲਾ ਸਕਦੇ ਹਨ ਕਿ ਜੇਕਰ ਇਸ ਬਿਮਾਰੀ ਦਾ ਸ਼ੁਰੂਆਤੀ ਪੜਾਅ ‘ਤੇ ਪਤਾ ਲੱਗ ਜਾਵੇ ਤਾਂ ਹੁਣ ਇਹ ਇਲਾਜਯੋਗ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਸਥਿਤੀ ਸਮੇਂ ਦੇ ਨਾਲ ਬਦਲ ਗਈ ਹੈ ਕਿਉਂਕਿ ਪਹਿਲਾਂ ਕੈਂਸਰ ਨੂੰ ਇੱਕ ਨਾ-ਇਲਾਜ ਘਾਤਕ ਬਿਮਾਰੀ ਮੰਨਿਆ ਜਾਂਦਾ ਸੀ ਪਰ ਹੁਣ ਸਮੇਂ ਸਿਰ ਪਤਾ ਲਗਾਉਣ ਅਤੇ ਇਲਾਜ ਨਾਲ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਲੋਕਾਂ ਨੂੰ ਆਪਣੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਚਿੰਤਾਜਨਕ ਸਥਿਤੀ ਤੋਂ ਪਹਿਲਾਂ ਪਤਾ ਲੱਗਣ ‘ਤੇ ਬਿਮਾਰੀ ਦਾ ਸਫਲਤਾਪੂਰਵਕ ਇਲਾਜ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਹ ਗਲਤ ਧਾਰਨਾ ਹੈ ਕਿ ਪੰਜਾਬ ਖਾਸ ਕਰਕੇ ਬਠਿੰਡਾ ਪੱਟੀ ਕੈਂਸਰ ਨਾਲ ਪੀੜਤ ਹੈ ਜਦਕਿ ਅਸਲੀਅਤ ਇਹ ਹੈ ਕਿ ਇਹ ਬਿਮਾਰੀ ਦੇਸ਼ ਭਰ ਵਿੱਚ ਹਰ ਥਾਂ ਮੌਜੂਦ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਹਾਲ ਹੀ ਵਿੱਚ ਦੱਖਣ ਗਏ ਸਨ ਤਾਂ ਉਨ੍ਹਾਂ ਦੇਖਿਆ ਕਿ ਲਗਭਗ ਹਰ ਵੱਡੇ ਸ਼ਹਿਰ ਵਿੱਚ ਕੈਂਸਰ ਹਸਪਤਾਲ ਉਪਲਬਧ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕੈਂਸਰ ਦਾ ਸਹੀ ਕਾਰਨ ਨਹੀਂ ਪਤਾ ਹੈ ਪਰ ਕੈਂਸਰ ਦੇ ਮਰੀਜ਼ ਸਮੇਂ ਸਿਰ ਇਲਾਜ ਅਤੇ ਦੇਸ਼ ਵਿੱਚ ਉਪਲਬਧ ਨਵੀਨਤਮ ਤਕਨਾਲੋਜੀ ਤੋਂ ਬਾਅਦ ਨਵੀਂ ਜ਼ਿੰਦਗੀ ਪ੍ਰਾਪਤ ਕਰ ਰਹੇ ਹਨ।

ਅਰੋੜਾ ਜੋ ਕਿ ਸਿਹਤ ਬਾਰੇ ਸੰਸਦੀ ਕਮੇਟੀ ਦੇ ਮੈਂਬਰ ਵੀ ਹਨ, ਨੇ ਕਿਹਾ ਕਿ ਕੈਂਸਰ ਦੇ ਇਲਾਜ ਅਤੇ ਦਵਾਈਆਂ ਨੂੰ ਕਿਫਾਇਤੀ ਬਣਾਉਣ ਲਈ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਖੋਜਾਂ ਚੱਲ ਰਹੀਆਂ ਹਨ, ਨਾਲ ਹੀ ਵਿਕਲਪਕ ਦਵਾਈਆਂ ਲੱਭਣ ਲਈ ਵੀ ਯਤਨ ਜਾਰੀ ਹਨ ਜੋ ਕਿ ਸਸਤੀਆਂ ਦਰਾਂ ‘ਤੇ ਉਪਲਬਧ ਕਰਵਾਈਆਂ ਜਾ ਸਕਦੀਆਂ ਹਨ। ਇਸ ਮੌਕੇ ਡੀਐਮਸੀਐਚ ਦੇ ਪ੍ਰਿੰਸੀਪਲ ਡਾ: ਸੰਦੀਪ ਪੁਰੀ, ਡਾ: ਜੀਐਸ ਬਰਾੜ ਅਤੇ ਡੀਐਮਸੀਐਚ ਮੈਨੇਜਿੰਗ ਸੁਸਾਇਟੀ ਦੇ ਖਜ਼ਾਨਚੀ ਮੁਕੇਸ਼ ਕੁਮਾਰ ਹਾਜ਼ਰ ਸਨ।

ਇਸ ਦੌਰਾਨ, ਅੱਜ ਵਿਸ਼ਵ ਕੈਂਸਰ ਸਰਵਾਈਵਰਜ਼ ਦਿਵਸ ਮਨਾਉਣ ਲਈ ਸਥਾਨਕ ਹੋਟਲ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਸੰਸਦ ਮੈਂਬਰ ਸੰਜੀਵ ਅਰੋੜਾ ਦੀ ਮੌਜੂਦਗੀ ਵਿੱਚ ਕੈਂਸਰ ਸਰਵਾਈਵਰਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਖੁਸ਼ੀ ਦੇ ਮੂਡ ਵਿੱਚ ਕੇਕ ਕੱਟਿਆ। ਇਹ ਸਮਾਗਮ ਫੋਰਟਿਸ ਹਸਪਤਾਲ ਰਿਸਰਚ ਇੰਸਟੀਚਿਊਟ ਲੁਧਿਆਣਾ ਦੇ ਓਨਕੋਲੋਜੀ ਵਿਭਾਗ ਵੱਲੋਂ ਕਰਵਾਇਆ ਗਿਆ। ਇਸ ਸਮਾਗਮ ਵਿੱਚ 100 ਤੋਂ ਵੱਧ ਕੈਂਸਰ ਪੀੜਤਾਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੀ ਹਾਜ਼ਰ ਸਨ।

ਅਰੋੜਾ ਨੇ ਕਿਹਾ ਕਿ ਕੈਂਸਰ ਸਰਵਾਈਵਰਜ਼ ਦੀ ਮੌਜੂਦਗੀ ਇਸ ਤੱਥ ਦਾ ਸਬੂਤ ਹੈ ਕਿ ਕੈਂਸਰ ਦੀ ਬਿਮਾਰੀ ਇਲਾਜਯੋਗ ਹੈ ਅਤੇ ਪੁਰਾਣੀ ਮਿੱਥ ਕਿ ਕੈਂਸਰ ਦਾ ਮਤਲਬ ਜੀਵਨ ਦਾ ਅੰਤ ਹੈ ਹੁਣ ਮੌਜੂਦ ਨਹੀਂ ਹੈ। ਉਨ੍ਹਾਂ ਨੇ ਕੈਂਸਰ ਤੋਂ ਬਚੇ ਹੋਏ ਕੁਝ ਇਕ ਰੋਗੀਆਂ ਦੇ ਪਰਿਵਾਰਕ ਮੈਂਬਰਾਂ ਦੀਆਂ ਭਾਵਨਾਤਮਕ ਕਹਾਣੀਆਂ ਵੀ ਸੁਣੀਆਂ। ਡਾ: ਦਵਿੰਦਰ ਪਾਲ ਨੇ ਅਰੋੜਾ ਦੇ ਪਰਿਵਾਰ ਵੱਲੋਂ ਚਲਾਏ ਜਾ ਰਹੇ ਕ੍ਰਿਸ਼ਨ ਪ੍ਰਾਣ ਕੈਂਸਰ ਚੈਰੀਟੇਬਲ ਟਰੱਸਟ ਰਾਹੀਂ ਕੈਂਸਰ ਤੋਂ ਪੀੜਤ ਗਰੀਬ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਵਾਉਣ ਲਈ ਕੀਤੇ ਜਾ ਰਹੇ ਕਾਰਜਾਂ ਲਈ ਅਰੋੜਾ ਦੀ ਸ਼ਲਾਘਾ ਕੀਤੀ|

ਇਸ ਮੌਕੇ ਡਾ: ਦਵਿੰਦਰ ਪਾਲ, ਮੁਖੀ, ਮੈਡੀਕਲ ਓਨਕੋਲੋਜੀ ਵਿਭਾਗ, ਫੋਰਟਿਸ ਹਸਪਤਾਲ, ਲੁਧਿਆਣਾ, ਡਾ: ਵਿਸ਼ਵਦੀਪ ਗੋਇਲ, ਜ਼ੋਨਲ ਡਾਇਰੈਕਟਰ, ਫੋਰਟਿਸ ਹਸਪਤਾਲ, ਲੁਧਿਆਣਾ, ਅਤੇ ਡਾ: ਹਰੀਸ਼ ਮੱਟਾ, ਸਰਜੀਕਲ ਓਨਕੋਲੋਜਿਸਟ, ਫੋਰਟਿਸ ਹਸਪਤਾਲ, ਲੁਧਿਆਣਾ ਨੇ ਵੀ ਸੰਬੋਧਨ ਕੀਤਾ।