Teacher’s Day ਮੌਕੇ ਗੱਟੀ ਰਾਜੋ ਕੇ ਸਕੂਲ ‘ਚ 26 ਅਧਿਆਪਕ ਸਨਮਾਨਿਤ

162

 

  • ਹੜ ਪ੍ਰਭਾਵਿਤ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਦਾ ਖਰਚ ਚੁਕਣਗੇ ਸਕੂਲ ਅਧਿਆਪਕ
  • ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਅਧਿਆਪਕ ਦਾ ਵੱਡਮੁੱਲਾ ਯੋਗਦਾਨ : ਡਾ. ਸਤਿੰਦਰ ਸਿੰਘ 

ਪੰਜਾਬ ਨੈੱਟਵਰਕ, ਫਿਰੋਜ਼ਪੁਰ

ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਰਾਸ਼ਟਰੀ ਅਧਿਆਪਕ ਦਿਵਸ 2023 ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੀ ਅਗਵਾਈ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਹਰ ਅਧਿਆਪਕ ਨੇ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਹੜ ਤੋਂ ਪ੍ਰਭਾਵਿਤ ਲੋੜਵੰਦ 1-2 ਵਿਦਿਆਰਥੀਆਂ ਦੀ ਇਸ ਵਿਦਿਅਕ ਸੈਸ਼ਨ ਲਈ ਪੜ੍ਹਾਈ ਦਾ ਖਰਚਾ ਆਪਣੇ ਕੋਲੋਂ ਕਰਨ ਦੀ ਪਹਿਲ ਇਸ ਦਿਵਸ ਤੇ ਕੀਤੀ। ਇਸ ਮੌਕੇ ਸਕੂਲ ਦੇ 26 ਮਿਹਨਤੀ ਅਧਿਆਪਕ, ਜਿਨ੍ਹਾਂ ਨੇ ਸਰਹੱਦੀ ਖੇਤਰ ਦੀ ਸਿੱਖਿਆ ਦੇ ਵਿਕਾਸ ਲਈ ਵਿਸ਼ੇਸ਼ ਯਤਨ ਕੀਤੇ ਅਤੇ ਹੜ੍ਹਾਂ ਕਾਰਨ ਸਕੂਲ ਦੇ ਹੋਏ ਭਾਰੀ ਨੁਕਸਾਨ ਨੂੰ ਇੱਕ ਹਫਤੇ ਵਿੱਚ ਹੀ ਪੂਰਾ ਕਰਕੇ ਦੁਬਾਰਾ ਸਕੂਲ ਪਹਿਲਾ ਦੀ ਤਰ੍ਹਾਂ ਚਾਲੂ ਕਰਨ ਲਈ ਕੀਤੇ ਨਿਵੇਕਲੇ ਯਤਨ ਲਈ ਸਨਮਾਨ ਵਜੋਂ ਵਿਸ਼ੇਸ਼ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਡਾ. ਸਤਿੰਦਰ ਸਿੰਘ ਨੇ ਅਧਿਆਪਕ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਭਾਰਤ ਦੇ ਗੌਰਵਮਈ ਇਤਿਹਾਸ ਵਿੱਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਰਿਹਾ ਹੈ। ਗੁਰੂ ਅਤੇ ਚੇਲੇ ਦਾ ਰਿਸ਼ਤਾ ਬੜਾ ਪਵਿੱਤਰ ਹੈ ।ਚੰਗੇ ਅਧਿਆਪਕ ਦਾ ਕੰਮ ਸਿਰਫ਼ ਸਾਖਰਤਾ ਦਰ ਵਧਾਉਣਾ ਜਾਂ ਕਿਤਾਬੀ ਗਿਆਨ ਦੇਣਾ ਹੀ ਨਾ ਹੋ ਕੇ ਬਲਕਿ ਇੱਕ ਮਿੱਤਰ, ਦਾਰਸ਼ਨਿਕ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਵਿਦਿਆਰਥੀ ਦਾ ਸਰੀਰਕ, ਮਾਨਸਿਕ , ਸਮਾਜਿਕ ਅਤੇ ਭਾਵਨਾਤਮਿਕ ਵਿਕਾਸ ਕਰਕੇ ਉਸ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਮੱਦਦ ਕਰਨਾਂ ਹੁੰਦਾ ਹੈ। ਅਧਿਆਪਕ ਬੱਚੇ ਦਾ ਚਰਿੱਤਰ ਨਿਰਮਾਣ ਕਰਕੇ ਉਸ ਨੂੰ ਚੰਗਾ ਇਨਸਾਨ ਬਣਾਉਣ ਅਤੇ ਉਸ ਦੇ ਉਜਵਲ ਭਵਿੱਖ ਵਿੱਚ ਵੱਡਮੁੱਲਾ ਯੋਗਦਾਨ ਪਾਉਂਦਾ ਹੈ।

ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਅਧਿਆਪਕ ਦਿਵਸ ਦੀ ਮਹੱਤਤਾ ਨੂੰ ਦਰਸਾਉਂਦਾ ਪ੍ਰਭਾਵਸ਼ਾਲੀ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਅਧਿਆਪਕਾਂ ਦੇ ਸਨਮਾਨ ਵਿੱਚ ਖੁਦ ਬਨਾ ਕੇ ਦਿਲ ਖਿੱਚਵੇਂ ਗ੍ਰੀਟਿੰਗ ਕਾਰਡ ਅਤੇ ਪੋਸਟਰ ਅਧਿਆਪਕਾਂ ਨੂੰ ਭੇਟ ਕੀਤੇ। ਸਮਾਗਮ ਦੇ ਪ੍ਰਬੰਧਕ ਸ਼ਹੀਦ ਭਗਤ ਸਿੰਘ ਹਾਉਸ ਇੰਚਾਰਜ ਪ੍ਰਿੰਅਕਾ ਜੋਸ਼ੀ ਅਤੇ ਵਿਸ਼ਾਲ ਗੁਪਤਾ ਨੇ ਕਿਹਾ ਕਿ ਰਾਸ਼ਟਰੀ ਅਧਿਆਪਕ ਦਿਵਸ ਦੀ ਮਹੱਤਤਾ ਉੱਪਰ ਵਿਸਥਾਰ ਸਹਿਤ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਅਧਿਆਪਕਾਂ ਨੂੰ ਸਕੂਲ ਪੱਧਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਤੋਂ ਮਿਲਦੇ ਸਨਮਾਨ ਜਿੱਥੇ ਖੁਸ਼ੀ ਪ੍ਰਦਾਨ ਕਰਦੇ ਹਨ, ਉੱਥੇ ਅਧਿਆਪਕ ਵਰਗ ਉੱਪਰ ਸਮਾਜ ਦੀ ਬਿਹਤਰੀ ਅਤੇ ਸਿੱਖਿਆ ਦੇ ਗੁਣਾਤਮਕ ਸੁਧਾਰ ਲਈ ਹੋਰ ਬਿਹਤਰ ਕਰਨ ਦੀ ਜ਼ਿੰਮੇਵਾਰੀ ਵੀ ਵਧਾਉਂਦੇ ਹਨ।

ਮੰਚ ਸੰਚਾਲਨ ਦੀ ਜ਼ਿੰਮੇਵਾਰੀ ਅਧਿਆਪਕਾਂ ਅਮਰਜੀਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਸਮਾਗਮ ਵਿੱਚ ਸਕੂਲ ਸਟਾਫ ਤੇਜਿੰਦਰ ਸਿੰਘ ਲੈਕਚਰਾਰ,ਸ੍ਰੀਮਤੀ ਗੁਰਪ੍ਰੀਤ ਕੌਰ, ਪ੍ਰਿਯੰਕਾ ਜੋਸ਼ੀ , ਬਲਵਿੰਦਰ ਕੌਰ ਲੈਕਚਰਾਰ ,ਗੀਤਾ,ਮਹਿਮਾ ਕਸ਼ਅਪ, ਵਿਜੈ ਭਾਰਤੀ, ਪ੍ਰਿਤਪਾਲ ਸਿੰਘ ,ਸੰਦੀਪ ਕੁਮਾਰ ਮਨਦੀਪ ਸਿੰਘ ,ਵਿਸ਼ਾਲ ਗੁਪਤਾ, ਅਰੁਣ ਕੁਮਾਰ ,ਅਮਰਜੀਤ ਕੌਰ, ਦਵਿੰਦਰ ਕੁਮਾਰ ,ਪ੍ਰਵੀਨ ਬਾਲਾ, ਸਰੂਚੀ ਮਹਿਤਾ ,ਸੂਚੀ ਜੈਨ, ਸ਼ਵੇਤਾ ਅਰੋਡ਼ਾ, ਬਲਜੀਤ ਕੌਰ,ਮਿਸ ਨੈਨਸੀ, ਸ੍ਰੀਮਤੀ ਕੰਚਨ ਬਾਲਾ,ਨੇਹਾ ਕਾਮਰਾ , ਜਸਪਾਲ ਸਿੰਘ ਅਤੇ ਰਜਨੀ ਨੂੰ ਵਿਸ਼ੇਸ਼ ਤੌਰ ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।