ਮਾਈਨਿੰਗ ਵਿਭਾਗ ਵਲੋਂ ਕਿਸਾਨਾਂ ਨੂੰ ਆਪਣੇ ਖੇਤ ‘ਚੋਂ ਰੇਤਾ ਕੱਢਣ ਲਈ ਸਿਰਫ 48 ਘੰਟਿਆਂ ਦਾ ਸਮਾਂ! ਕਿਸਾਨਾਂ ਨੂੰ ਤਬਾਹ ਕਰਨ ਲਈ ਸਾਰੀਆਂ ਹੱਦਾਂ ਪਾਰ ਚੁੱਕੀ ਹੈ ਸਰਕਾਰ: ਅਵਤਾਰ ਮਹਿਮਾ

72

 

ਪੰਜਾਬ ਨੈੱਟਵਰਕ, ਫਿਰੋਜ਼ਪੁਰ

ਪਿਛਲੇ ਦਿਨੀਂ ਪੰਜਾਬ ਦੇ ਦਰਿਆਵਾਂ ਵਿੱਚ ਆਏ ਹੜਾ ਕਾਰਨ ਹਜਾਰਾਂ ਕਿਸਾਨਾਂ ਦੀਆਂ ਜਮੀਨਾਂ ਵਿੱਚ ਰੇਤਾ ਭਰ ਗਈ ਹੈ| ਜਿਸ ਨਾਲ ਨਾ ਸਿਰਫ ਫਸਲ ਖਰਾਬ ਹੋਈ ਸਗੋਂ ਜਮੀਨ ਵੀ ਖੇਤੀ ਯੋਗ ਨਹੀਂ ਰਹੀ| ਇਸ ਲਈ ਕਿਸਾਨਾਂ ਵਲੋਂ ਲਗਾਤਾਰ ਸਰਕਾਰ ਤੋੰ ਆਪਣੇ ਹੀ ਖੇਤਾਂ ਵਿਚੋਂ ਰੇਤਾ ਕੱਢ ਕੇ ਜਮੀਨ ਨੂੰ ਸਾਫ ਕਰਨ ਦੀ ਮੰਗ ਕੀਤੀ ਜਾਂ ਰਹੀ ਹੈ| ਪਰ ਹਮੇਸ਼ਾ ਦੀ ਤਰਾਂ ਸਰਕਾਰ ਨੇ ਇਕ ਵਾਰ ਫਿਰ ਕਿਸਾਨਾਂ ਨਾਲ ਭਦਾ ਮਜਾਕ ਕੀਤਾ ਹੈ ਅਤੇ 3 ਅਕਤੂਬਰ ਨੂੰ ਜਾਰੀ ਕੀਤੇ ਪੱਤਰ ਵਿੱਚ ਕਿਸਾਨਾਂ ਨੂੰ 48 ਘੰਟਿਆ ਦਾ ਸਮਾਂ ਦਿੱਤਾ ਹੈ ਕਿ ਕਿਸਾਨ ਰੇਤਾ ਕੱਢ ਸਕਣ|

ਇਸ ‘ਤੇ ਸਖ਼ਤ ਰੋਸ ਜਾਹਰ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਮੂਰਖਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ|

ਉਹਨਾਂ ਕਿਹਾ ਕਿ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਸਰਕਾਰ ਦੇ ਬੁਲਾਰੇ ਨੇ ਕੋਈ ਜਨਤਕ ਬਿਆਨ ਨਹੀਂ ਦਿੱਤਾ ਨਾ ਹੀ ਕਿਸੇ ਪੰਚਾਇਤ ਜਾਂ ਮੀਡੀਆ ਅਦਾਰੇ ਰਾਹੀਂ ਸੂਚਿਤ ਨਹੀਂ ਕੀਤਾ ਗਿਆ ਹੈ| ਇੰਨੇ ਸਮੇ ਵਿੱਚ ਕਿਵੇਂ ਇਸ ਹੁਕਮ ਦੀ ਮਨਿਆਦੀ ਹੋਵੇਗੀ ਅਤੇ ਕਿਵੇਂ ਪਹਿਲਾਂ ਤੋੰ ਹੀ ਆਰਥਿਕ ਤੌਰ ਤੇ ਕੰਗਾਲ ਹੋ ਚੁੱਕੇ ਕਿਸਾਨ ਏਨੀ ਜਲਦੀ ਸੰਦ ਸਦੇਹੜਿਆ ਦਾ ਅਤੇ ਡੀਜਲ ਦਾ ਪ੍ਰਬੰਧ ਕਰ ਸਕਣਗੇ|

ਉਹਨਾਂ ਕਿਹਾ ਕਿ ਸਰਕਾਰ ਅਤੇ ਵਿਭਾਗ ਸਿਰਫ ਖਾਨਾ ਪੂਰਤੀ ਕਰਕੇ ਕਾਗਜਾਂ ਦਾ ਢਿੱਡ ਭਰ ਰਿਹਾ, ਪਰ ਏਦਾਂ ਕਰਨ ਨਾਲ ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਢਿੱਡ ਭੁੱਖੇ ਰਹਿਣਗੇ|

ਉਹਨਾਂ ਕਿਹਾ ਕਿ ਕੁਦਰਤ ਅਤੇ ਸਰਕਾਰਾਂ ਦੀ ਮਾਰ ਝੱਲ ਰਹੇ ਅੰਨਦਾਤੇ ਨੂੰ ਆਪਣੀ ਹੀ ਜਮੀਨ ਸੰਵਾਰਨ ਲਈ ਗ਼ੈਰ ਕਾਨੂੰਨੀ ਕੰਮ ਕਹਿ ਕੇ ਦੋਸ਼ੀ ਗਰਦਾਨ ਦਿੱਤਾ ਜਾਵੇਗਾ ਜਦਕਿ ਸਾਰੇ ਕਾਸੇ ਲਈ ਦੋਸ਼ੀ ਸਰਕਾਰ ਹੈ| ਉਹਨਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਘੱਟੋ ਘੱਟ ਇਕ ਮਹੀਨੇ ਦਾ ਸਮਾਂ ਅਤੇ ਆਰਥਿਕ ਮਦਦ ਦਿੱਤੀ ਜਾਵੇ ਤਾਂ ਜੋ ਉਹ ਆਪਣੀਆਂ ਜਮੀਨਾਂ ਸੰਵਾਰ ਸਕਣ|