Tuesday, March 5, 2024
No menu items!
HomeOpinionਨਜ਼ਮ: ਅਰਾਧਨਾ

ਨਜ਼ਮ: ਅਰਾਧਨਾ

ਅਰਾਧਨਾ

ਹੇ ਪ੍ਰਭੂ ਰਾਮ!
ਕਿੰਨਾ ਸੁਭਾਗ ਹੈ ਕਿ
ਮੈਂ ਜਨਮ ਲਿਆ ਹੈ
ਇਸ ਪਵਿੱਤਰ ਧਰਤੀ ‘ਤੇ
ਜਿੱਥੇ ਵਾਸ ਹੈ ਪ੍ਰਭੂ ਦਾ
ਕਣ ਕਣ ਅੰਦਰ

ਜਿੱਥੇ
ਭੁੱਖੀ,ਪਿਆਸੀ,ਬੇਘਰ
ਹੋਵੇ ਲਾਚਾਰ ਪਰਜਾ
ਭੁੱਖ ਨਾਲ ਤੜਫਦੇ
ਇਲਾਜ਼ ਲਈ ਭਟਕਦੇ
ਹੋਣ ਮਾਸੂਮ ਬੱਚੇ
ਬਹੂ-ਬੇਟੀਆਂ ਦੀ
ਇੱਜਤ ‘ਤੇ ਝਪਟਦੇ
ਹੋਣ ਖੂੰਖਾਰ ਭੇੜੀਏ

ਜਿੱਥੇ
ਨੰਗੇ-ਪੈਰੀਂ
ਬਿਨਾਂ ਕੋਈ ਸ਼ਿਕਨ ਕਰੇ
ਆਪਣੇ ਭਾਗਾਂ ਨੂੰ ਕੋਸਦੇ
ਪਿੰਡਾਂ ਨੂੰ ਚਾਲੇ ਪਾ ਦੇਣ
ਬੇਵੱਸ, ਬੇਘਰ ਕਾਮੇ

ਮੈਂ ਜਨਮ ਲਿਆ ਹੈ
ਉਸ ਧਰਤੀ ‘ਤੇ

ਹੇ ਪ੍ਭੂ ਰਾਮ!
ਕਿੰਨਾ ਭਾਗਸ਼ਾਲੀ ਹਾਂ ਮੈਂ
ਗੁਣਾਂ ਨਾਲ ਭਰ ਦਿੱਤੀ ਹੈ
ਮੇਰੀ ਗੋਦ

ਦੇਖ ਕੇ ਮੇਰੀ ਅਦਾਕਾਰੀ
ਅਸ਼-ਅਸ਼ ਕਰ ਉਠਦੇ ਨੇ
ਵੱਡੇ-ਵੱਡੇ ਅਦਾਕਾਰ
ਦੇਖ ਕੇ ਬਦਲਦੇ ਰੰਗ
ਮੇਰੇ ਚਿਹਰੇ ਦੇ ਹਾਵ-ਭਾਵ
ਗਿਰਗਿਟ ਵੀ ਖਾਣ ਖਾਰ

ਭਗਤ-ਜਨ ਗਾਉਂਦੇ ਨੇ
ਉਸਤਤੀ ਦੇ ਗਾਣ
ਕਰਦੇ ਨੇ ਡੰਡੌਤ ਵੰਦਨਾ
ਚਾਪਲੂਸ ਹੁੰਦੇ ਨੇ
ਨਤ-ਮਸਤਕ
‘ਵਿਪਕਸ਼’ ਕਰ ਦਿੱਤਾ ਹੈ
ਸਾਹ-ਸੱਤ ਹੀਣ

ਪ੍ਰਭੂ!
ਨਿਆਰੇ ਹਨ
ਇਸ ਦੇਵ-ਭੂਮੀ ਦੇ ਲੋਕ
ਨਿਆਰੀਆਂ ਨੇ
ਇੰਨ੍ਹਾਂ ਦੀਆਂ ਬੋਲੀਆਂ
ਖੜ੍ਹੀਆਂ ਕਰ ਦਿੱਤੀਆਂ ਨੇ
ਧਰਮ ਦੀਆਂ ਦੀਵਾਰਾਂ
ਪੂਜਾ ਘਰਾਂ ‘ਤੇ
ਚਲਦੀਆਂ ਨੇ ਤਲਵਾਰਾਂ
ਨਤਮਸਤਕ ਹੁੰਦੇ ਨੇ
ਭੋਲੇ-ਭਾਲੇ ਲੋਕ
ਆਪਣੇ ਧਰਮ ਗੁਰੂ ਦੇ
ਚਰਨਾਂ ‘ਚ
ਮਰ ਮਿਟ ਜਾਂਦੇ ਨੇ
ਕੱਟ ਦਿੰਦੇ ਨੇ ਗਲ
ਆਪਣੇ ਹੀ ਭਾਈਆਂ ਦੇ
ਪਾ ਦਿੰਦੇ ਨੇ ਗਲਾਂ ‘ਚ
ਬਲਦੇ ਟਾਇਰ
ਲਾ ਦਿੰਦੇ ਨੇ
ਬਸਤੀਆਂ ਨੂੰ ਲਾਂਬੂ

ਸੱਚ ਕਹਾਂ,ਪ੍ਰਭੂ!
ਬਹੁਤ ਸਕੂਨ ਮਿਲਦਾ ਹੈ
ਬਲਦੀ ਬਸਤੀ ਨੂੰ ਦੇਖ ਕੇ

ਫੈਲ ਗਿਆ ਹੈ
ਦੇਸ-ਵਿਦੇਸ਼ ਅੰਦਰ
ਸੇਵਕ ਦਾ
ਸਭ ਪਾਸੇ ਜਾਲ
ਬੱਸ ਇਸ਼ਾਰਾ ਹੀ ਕਾਫ਼ੀ ਹੈ
ਕਦੇ ਲੋਕ
ਥਾਲੀਆਂ ਖੜਕਾਉਂਦੇ ਨੇ
ਕਦੇ ਦੀਵੇ ਜਗਾਉਂਦੇ ਨੇ

ਜਦ ਘੇਰ ਲੈਂਦੀਆਂ ਨੇ
ਕਿਤੇ ਸਮੱਸਿਆਵਾਂ
ਸਿਰ ਚੁੱਕਦੀ ਹੈ
ਕੋਈ ਆਫ਼ਤ
ਤੁਸੀਂ ਵਰਦਾਨ ਬਣ ਕੇ
ਆਉਂਦੇ ਹੋ ਪ੍ਰਭੂ!

ਬਸ ਕਦੇ ਕਦੇ
ਡਰ ਵੀ ਸਤਾਉਂਦਾ ਹੈ
ਕਿਤੇ
ਪਰਜਾ ਜਾਗ ਨਾ ਜਾਏ
ਉਠ ਨਾ ਖੜ੍ਹੇ ਕੋਈ
ਲੋਕ ਉਭਾਰ

ਕਿਰਪਾ ਨਿਦਾਨ ਪ੍ਰਭੂ!
ਕਿਰਪਾ ਬਣਾਈ ਰੱਖਣਾ

ਪ੍ਰਭੂ ਰਾਮ!
ਮੈਂ ਕਿੰਨਾ ਭਾਗਸ਼ਾਲੀ ਹਾਂ

ਮੂਲ ਰਚਨਾ – ਜੋਗਿੰਦਰ ਆਜਾਦ(ਹਿੰਦੀ)
ਅਨੁਵਾਦ- ਯਸ਼ਪਾਲ 

 

RELATED ARTICLES
- Advertisment -

Most Popular

Recent Comments