Home Opinion New Criminal Law: ਸਰਕਾਰੀ ਜ਼ਬਰ ਨੂੰ ਕਾਨੂੰਨੀ ਢੋਈ ਦਾ ਕੱਚ-ਸੱਚ

New Criminal Law: ਸਰਕਾਰੀ ਜ਼ਬਰ ਨੂੰ ਕਾਨੂੰਨੀ ਢੋਈ ਦਾ ਕੱਚ-ਸੱਚ

0
New Criminal Law: ਸਰਕਾਰੀ ਜ਼ਬਰ ਨੂੰ ਕਾਨੂੰਨੀ ਢੋਈ ਦਾ ਕੱਚ-ਸੱਚ

 

New Criminal Law: ਕਨੂੰਨ, ਮੁਲਕ ਦਾ ਸ਼ੀਸ਼ਾ ਹੁੰਦੈ। ਦੇਖੋ ਤਾਂ ਦਿਖਾ ਦਿੰਦੈ, ਰਾਜਾ ਤੇ ਪਰਜਾ ਦੇ ਸਬੰਧਾਂ ਦਾ ਇੰਨ ਬਿੰਨ। ਰਾਜ ਦੇ ਚਲਣ ਦਾ ਅਸਲ। ਸਰਕਾਰ ਦੇ ਝੁਕਾਅ ਦਾ ਸੱਚ।ਆਓ ਦੇਖੀਏ, ਇੱਥੇ ਆਪਣੇ, ਜੋਕਾਂ ਤੇ ਲੋਕਾਂ ਵਿੱਚ ਵੱਡਾ ਪਾੜਾ। ਜੋਕਾਂ ਲੋਕਾਂ ਦੇ ਖ਼ੂਨ ‘ਤੇ ਪਲਣ। ਸਰਮਾਏਦਾਰ, ਜਗੀਰਦਾਰ ਤੇ ਸਾਮਰਾਜ, ਕੁੱਲ ਕਲਾਵਾਂ ‘ਤੇ ਕਾਬਜ਼।ਰਾਜ ਭਾਗ ਦੀ ਚਾਬੀ ਇਹਨਾਂ ਹੱਥ।ਗਿਣਤੀ ‘ਚ, ਮੁੱਠੀ ਭਰ। ਆਜ਼ਾਦੀ ਤੇ ਜਮਹੂਰੀਅਤ,ਬਰਾਇ ਨਾਮ।ਦੂਜੇ ਪਾਸੇ,ਕਰੋੜਾਂ ਕਰੋੜ ਲੋਕੀਂ, ਗਰੀਬੀ ਦੀ ਚੱਕੀ ਪਿਸਣ।ਹਰ ਥਾਂ ਧੱਕਾ ਝੱਲਣ।ਪਲੇ ਪਲੇ ਲੁੱਟੇ ਜਾਣ।ਦਾਬਾ-ਵਿਤਕਰਾ ਹੱਡੀਂ ਹੰਢਾਉਣ। ਬਦਲਾਅ ਲਈ ਅਹੁਲਣ, ਭਿੜਨ।

ਸਰਕਾਰ ਸਦਾ ਜੋਕਾਂ ਦੀ ਸੇਵਾਦਾਰ। ਨੀਤੀਆਂ ਕਨੂੰਨ ਫੈਸਲੇ ਸਭ ਜੋਕ ਹਿਤੂ।ਨਵੇਂ ਫੌਜਦਾਰੀ ਕਨੂੰਨ ਇੱਕ ਜੁਲਾਈ ਤੋਂ ਲਾਗੂ। ਨਾ ਸੰਸਦ ਵਿਚ ਬਹਿਸ ਵਿਚਾਰ। ਨਾ ਜਨਤਾ ਦੀ ਰਾਇ ਸਲਾਹ।ਮਨਮਤੀਆ ਧੱਕਾ।ਆਪੇ ਘੜੇ, ਆਪੇ ਮੜੇ।ਲੋਕਾਂ ਵੱਲੋਂ ਵਿਰੋਧ।ਲੋਕ ਏਕਤਾ ਦਾ ਹੜ੍ਹ ਸੜਕਾਂ ‘ਤੇ। ਕਨੂੰਨਾਂ ਦੀ ਕਾਪੀ, ਅਗਨਭੇਂਟ।

ਸ਼ੀਸ਼ਾ ਬੋਲੇ : ਸਰਕਾਰ ਚਾਹਵੇ, ਜੋ ਮਨ ਆਏ, ਕਰਾਂ। ਮੂਹਰੋਂ ਕੋਈ ਟੋਕੇ ਨਾ।ਸਤਿ ਬਚਨ ਕਹਿ ਮੰਨੇ। ਜਨਤਾ ਜੀ ਹਜ਼ੂਰੀਏ ਬਣ,ਸਿਰ ਝੁਕਾਏ।ਅੰਧ ਭਗਤ ਬਣ, ਮਨ ਕੀ ਬਾਤ ਸੁਣੇ। ਜੋ ਕਹਾਂ, ਅਮਲ ਕਰੇ।ਬੋਲੇ ਕੁਝ ਨਾ।

ਸ਼ੀਸ਼ਾ ਦਿਖਾਵੇ: ਲੋਕਾਂ ਵਿੱਚ ਬਦਲਾਅ। ਬੁੜਬੁੜ ਬੋਲ ਬਣੇ।ਸੋਝੀ ਵਧੀ,ਕੱਠੇ ਹੋਣ ਦੀ, ਸੁਆਲ ਕਰਨ ਦੀ।ਮੰਗਾਂ ਦੇ ਨਾਹਰੇ ਗੂੰਜਣ ਲੱਗੇ। ਸੰਘਰਸ਼ ਮੋਰਚੇ ਭਖੇ। ਸਰਕਾਰ ਦਾ ਜਲੂਸ। ਹਰ ਪਾਸੇ ਤੋਇ ਤੋਇ। ਲੋਕਾਂ ‘ਚ ਪੜਤ ਖ਼ਰਾਬ। ਸਿਆਸੀ ਹਰਜਾ। ਸਰਕਾਰ ਨੂੰ ਕਦੋਂ ਪੁੱਗਦਾ? ਇੱਕ ਚੜੇ, ਇੱਕ ਉੱਤਰੇ। ਖਵੀਆਂ ਖਾਵੇ। ਤਿਕੜਮਾਂ ਲੜਾਵੇ।ਲਾਲਸਾ ਪਾਲ਼ੇ, ਜੋਕਾਂ ਦਾ ਮਿਹਰ ਭਰਿਆ ਹੱਥ।ਗੱਦੀ ਦੀ ਸਲਾਮਤੀ। ਉਹਨਾਂ ਦਾ ਪਾਣੀ ਭਰੂ। ਖ਼ੁਸ਼ ਕਰੂ। ਜਲ ਜੰਗਲ ਜ਼ਮੀਨਾਂ ਪਰੋਸੂ। ਫੇਰ ਹੋਣਗੀਆਂ ਮੁਰਾਦਾਂ ਪੂਰੀਆਂ।

ਮੌਜੂਦਾ ਸਰਕਾਰ ਦੇ ਏਹੀ ਲੱਛਣ।ਮੁਲਕ ਦੇ ਕੁੱਲ ਵਸੀਲੇ ਉਹਨਾਂ ਹਵਾਲੇ।ਕਾਹਲੀ ਪਹਿਲੀਆਂ ਸਰਕਾਰਾਂ ਨਾਲੋਂ ਕਿਤੇ ਵੱਧ। ਨਾਲ ‘ਸੁਧਾਰਾਂ’ ਦਾ ਢੋਲ ਵੀ, ‘ਵਿਕਾਸ’ ਦੀ ਡੁਗਡੁਗੀ ਵੀ।ਅੰਦਰੂਨੀ ਖ਼ਤਰੇ ਦੀ ਬੂ ਪਾਹਰਿਆ ਵੀ। ਸਿਆਸੀ ਕਸਾਰਾ ਲੋੜ ਬਣਾਉਂਦਾ ਹੋਰ ਵਧੇਰੇ ਚਾਕਰੀ ਦੀ।ਠੋਸ ਫੈਸਲਿਆਂ ਦੀ। ਨੀਤੀਆਂ ਕਨੂੰਨਾਂ ਦੀ। ਸੋਧਾਂ ਬਹਾਨੇ ਸਾਣ ‘ਤੇ ਲਾਉਣ ਦੀ। ਪਿਛਲੇ ਸਾਲਾਂ ਦਾ ਚਲਣ ਇਹੀ। ਲੋਕਾਂ ਤੋਂ ਡਰੇ ਵੀ, ਵੱਡਾ ਲੋਕ ਤੂਫ਼ਾਨ ਨਾ ਉਠ ਖੜੇ। ਤਖ਼ਤ ਹੀ ਨਾ ਮੂਧਾ ਵੱਜਜੇ। ਮੁਕੰਮਲ ਐਮਰਜੈਂਸੀ ਲਾਉਣ ਤੋਂ ਝਕੇ।ਅੰਦਰੇ ਅੰਦਰ ਵਿਹੁ ਘੋਲੀ।ਬਣਤ ਬਣਾਤੀ। ਪੁਲਸੀਆ ਦਹਿਸ਼ਤ ਨੂੰ ਖੁੱਲ।ਸਰਕਾਰੀ ਜ਼ਬਰ ਨੂੰ ਕਨੂੰਨੀ ਢੋਈ।

ਸ਼ੀਸ਼ਾ ਦੱਸੇ,ਇਹ ਨਵੇਂ ਕਨੂੰਨ, ਪਹਿਲੇ ਕਨੂੰਨਾਂ ਵਿੱਚ ਸੋਧਾਂ। ਉਦੋਂ ਅੰਗਰੇਜ਼ਾਂ ਦਾ ਰਾਜ ਸੀ। ਲੁੱਟ ਤੇ ਜ਼ਬਰ ਦਾ ਰਾਜ।ਅੰਗਰੇਜ਼ਾਂ ਦਾ ਸਿੱਧਾ ਕਬਜ਼ਾ।ਉਹਨਾਂ ਨੇ ਬਣਾਏ ਸੀ ਇਹ ਫੌਜਦਾਰੀ ਕਨੂੰਨ। ਆਜ਼ਾਦੀ ਦੀ ਆਵਾਜ਼ ਦਾ ਗਲ਼ਾ ਘੁੱਟਣ ਲਈ।ਲੋਕਾਂ ਦੇ ਸੰਘਰਸ਼ ਨੂੰ ਕੁਚਲਣ ਲਈ।ਸਦਾ ਸਦਾ ਵਾਸਤੇ ਗ਼ੁਲਾਮ ਬਣਾ ਕੇ ਰੱਖਣ ਲਈ।ਸਰਕਾਰ ਦਾ ਦਾਅਵਾ, ਇਹਨਾਂ ਨੂੰ ਸੋਧ ਦਿੱਤੈ, ਸਾਮਰਾਜੀ ਗੁਲਾਮੀ ਦਾ ਜੂਲਾ ਲਾਹ ਸੁੱਟਿਆ।

ਸ਼ੀਸ਼ਾ ਮੂੰਹ ਫੱਟ: ਸਰਕਾਰ ਦਾ ਦਾਅਵਾ, ਰੱਦ।ਕਨੂੰਨਾਂ ਨੂੰ ਸੋਧਿਆ ਨਹੀਂ। ਜੜ੍ਹ-ਤੱਤ ਉਹੀ, ਦੰਦ ਤਿੱਖੇ। ਉਪਰ ‘”ਨਿਆਂ” ਦਾ ਸੋਨ-ਪੱਤਰਾ।ਪੁਲਸ ਨੂੰ ਪੂਰੀ ਖੁੱਲ੍ਹ ਦੇਤੀ।ਸਭ ਰੋਕਾਂ ਟੋਕਾਂ ਤੋਂ ਮੁਕਤ। ਕਿਸੇ ਪੁਲਸੀਏ ਦਾ ਕਿਹਾ ਹੀ ਕਨੂੰਨ ਬਣਿਆ। ਅਵੱਗਿਆ ਕਰਨ ਵਾਲਾ ਸਜ਼ਾ ਦਾ ਭਾਗੀ।ਪੁਲਸ ਰਿਮਾਂਡ ਦੇ ਸਮੇਂ ਵਿੱਚ ਵਾਧਾ। ਪੰਦਰਾਂ ਤੋਂ ਨੱਬੇ ਦਿਨ।ਕਿਸੇ ਦੀ ਜ਼ੁਬਾਨਬੰਦੀ ਕਰਨੀ, ਝੂਠੇ ਕੇਸ ਨੂੰ ਸੱਚਾ ਬਣਾਉਣਾ, ਨਾ ਕੀਤਾ ਵੀ ਮੰਨਵਾਉਣਾ, ਪੁਲਸ ਹੱਥ।ਮੰਨਾਉਣ ਵਾਲੇ ਤੌਰ ਤਰੀਕਿਆਂ ਨੂੰ ਵੀਡੀਓਗਰਾਫੀ ਦੀ ਮਨਾਹੀ।ਕਈ ਕੇਸਾਂ ਵਿੱਚ ਹੋਈ ਸਜ਼ਾ ‘ਤੇ ਅਪੀਲ ਦਾ ਹੱਕ ਖ਼ਤਮ।ਜਾਬਰ ਯੂ ਏ ਪੀ ਏ ਇਹਨਾਂ ਕਨੂੰਨਾਂ ‘ਚ ਜੋੜਿਆ।ਮੁਕਤੀ ਖਾਤਰ ਜੂਝਦੀਆਂ ਕੌਮਾਂ, ਜਿਉਣ ਹਾਲਤਾਂ ਦੇ ਸੁਧਾਰ ਲਈ ਸੰਘਰਸ਼ ਕਰਦੇ ਲੋਕਾਂ ਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਕੁਚਲਣ ਦਾ ਲਸੰਸ।ਸਰਕਾਰੀ ਨੀਤੀਆਂ ਦੇ ਵਿਰੋਧੀ ਨੂੰ ਦੇਸ਼ ਧ੍ਰੋਹੀ ਕਹਿਕੇ ਜੇਲ੍ਹ ਡੱਕਣ ਦੀ ਮਰਜ਼ੀ।

ਸ਼ੀਸ਼ਾ ਚੁਗਲਖੋਰ: ਦਾਅਵੇ ਹੋਰ, ਅਸਲ ਹੋਰ।ਪੂਰੇ ਟਕਰਾਵੇਂ, ਇੱਕ ਸੌ ਅੱਸੀ ਦਰਜੇ।ਸਾਮਰਾਜੀ ਗੁਲਾਮੀ ਹੁਣ ਸਿੱਧੀ ਨਹੀਂ।ਸੰਨ ਸੰਤਾਲੀ ਤੋਂ ਪਹਿਲਾਂ ਵਾਂਗੂੰ।ਹੁਣ ਗੁਲਾਮੀ ਲੁਕਵੀਂ।ਇਹ ਕਿਹੜਾ ਕੱਲੇ ਇਹਨਾਂ ਕਨੂੰਨਾਂ ਵਿੱਚ ਈ ਆ।ਸਾਰੇ ਨੀਤੀਆਂ ਕਨੂੰਨਾਂ ਵਿੱਚ ਪਰੋਈ ਪਈ ਆ। ਰਜ਼ਾਈ ਦੇ ਨਗੰਦਿਆਂ ਦੀ ਤਰ੍ਹਾਂ।ਸੱਚ ਤਾਂ ਇਹ ਆ,ਮੁਲਕ ਦੇ ਸਮੁੱਚੇ ਕਨੂੰਨ ਬਣੇ ਹੀ ਉਹਨਾਂ ਦੀ ਦੇਖ ਰੇਖ ਹੇਠ ਆ। ਉਹਨਾਂ ਨੂੰ ਪੁੱਗਦੇ।ਹਿੱਤ ਪੂਰਦੇ।ਸਿਰ ਨਰੜ ਕਰੀ ਰੱਖਣ ਵਾਲੇ।ਆਹ ਸੋਧਾਂ ਵੀ ਉਹਨਾਂ ਦੀ ਸੇਵਾ ਵਿੱਚ।ਸਹਿਮਤੀ ਨਾਲ।ਆਰਥਿਕ ਤੇ ਫੌਜੀ ਸੰਧੀਆਂ ਸਮਝੌਤਿਆਂ ਦੀਆਂ ਫਾਇਲਾਂ ਦਾ ਢੇਰ। ਹਰ ਖੇਤਰ ਅੰਦਰ ਸਾਮਰਾਜੀ ਨੇਸਾਂ। ਖੇਤੀ, ਸਨਅਤ, ਸਿਖਿਆ, ਸੇਹਤ ਬਿਜਲੀ ਪਾਣੀ ਆਵਾਜਾਈ ਸਭ ਉਹਨਾਂ ਦੀ ਸੇਵਾ ਵਿੱਚ।

ਸ਼ੀਸ਼ਾ ਕਹੇ: ਆਹ ਕਨੂੰਨ, ਨੰਗਾ ਚਿੱਟਾ ਪੁਲਸ ਰਾਜ। ਜੰਗਲ ਰਾਜ।ਜਮਹੂਰੀ ਹੱਕ ਖ਼ਤਮ। ਅਣਐਲਾਨੀ ਐਮਰਜੈਂਸੀ।ਇਹਦਾ ਵਿਰੋਧ ਹੋਣਾ ਚਾਹੀਦਾ।

ਲੇਖਕ – ਜਗਮੇਲ ਸਿੰਘ