ਸ਼ੁੱਕਰਵਾਰ, ਜੂਨ 14, 2024
No menu items!
HomeOpinionਰੁਜ਼ਗਾਰ ਮੰਗਣ 'ਤੇ ਦੇਸ਼ ਧ੍ਰੋਹ ਦਾ ਮੁਕੱਦਮਾ! ਬੇਰੁਜ਼ਗਾਰਾਂ ਨਾਲ ਦੂਹਰਾ ਧੱਕਾ

ਰੁਜ਼ਗਾਰ ਮੰਗਣ ‘ਤੇ ਦੇਸ਼ ਧ੍ਰੋਹ ਦਾ ਮੁਕੱਦਮਾ! ਬੇਰੁਜ਼ਗਾਰਾਂ ਨਾਲ ਦੂਹਰਾ ਧੱਕਾ

 

“ਸੁਧਾਰਾਂ” ਦੀ ਚਕਰੀ ਤੇਜ਼। ਸੋਧੇ ਵੀ ਵੱਡੇ। ਸਪੀਡ ਵੀ ਸਲੋਅ ਨਹੀਂ, ਫੁੱਲ ਐ। ਇਹ ਭਾਜਪਾ ਸਰਕਾਰ ਐ। ਦਿਨ ਨੀਂ ਚੜ੍ਹਨ ਦਿੰਦੀ, ਨਿੱਤ ਨਵੇਂ ਕਾਨੂੰਨ। ਕਾਹਲੀ ਐਨੀ, ਕਈ ਮੇਜ਼ਾਂ ਦੀ ਥੱਪ ਥੱਪ ਤੋਂ ਬਾਹਰ ਹੀ ਪਾਸ। ਦਲੀਲਾਂ ਫੋਕੜ, ਢੋਈ ਕੁਫ਼ਰ ਦੀ। ਮੋਮੋਠਗਣੀਆਂ ਵਿੱਚ ਵੀ ਵਾਧੂ। ਵਾਅਦੇ ਭਲੇ ਤੇ ਵਿਕਾਸ ਦੇ। ਦਾਅਵੇ ਤਰੱਕੀ ਤੇ ਖੁਸ਼ਹਾਲੀ ਦੇ। ਪਰ ਹਾਲਤ ਉਲਟੇ ਪੁਲਟੇ। ਬੇਰੁਜ਼ਗਾਰਾਂ ਦੀ ਯੋਗਤਾ ਸਮਰੱਥਾ ਰੋਲੇ। ਲੋਕਾਂ ਦੀ ਕਿਰਤ, ਕਮਾਈ ਲੁੱਟੇ। ਤੇ ਝੋਲੀ ਭਰੇ, ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਦੀ।

ਸੰਸਦ ਵਿੱਚ ਗਏ ਨੌਜਵਾਨ,ਮੰਗ ਉਠਾਈ, “ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਓ”। ਰੁਜ਼ਗਾਰ ਮੰਗਿਆ ਤਾਂ ਸਿੱਧਾ ਦੇਸ਼ ਧ੍ਰੋਹ ਦਾ ਮੁਕੱਦਮਾ ਤੇ ਜੇਲ੍ਹ। ਸਰਕਾਰੀ ਬਿਆਨ ‘ਤੇ ਦਸਖਤਾਂ ਲਈ ਬਿਜਲੀ ਦੇ ਕਰੰਟ। ਬੇਰੁਜ਼ਗਾਰਾਂ ਨਾਲ ਦੂਹਰਾ ਧੱਕਾ। ਪਹਿਲਾ, ਸਾਲਾਂ ਬੱਧੀ ਬੇਰੁਜ਼ਗਾਰ ਰੱਖ ਕੇ। ਦੂਜਾ, ਰੁਜ਼ਗਾਰ ਮੰਗਣ ‘ਤੇ ਜ਼ਬਰ ਢਾਹ ਕੇ। ਕੋਈ ਕਹੇ ਤਾਂ ਕਹੇ ਕੀਹਨੂੰ? ਸਰਕਾਰ ਨੂੰ? ਸਰਕਾਰ ਕਿੱਥੇ ਸੁਣਦੀ ਆ। ਸੁਣੀ ਤਾਂ ਇਹਨੇ ਆਵਦੇ ਸਕਿਆਂ ਦੀ ਨੀਂ। ਸਿੱਧਾ ਸਸਪੈਂਸ਼ਨ ਦਾ ਕੁਹਾੜਾ। ਲੋਕ ਤਾਂ ਏਹਨਾਂ ਦੇ ਏਜੰਡੇ ਵਿੱਚ ਹੀ ਹੈਨੀਂ।

ਲੋਕ-ਮਸਲੇ ਸੁਣਦਿਆਂ ਹੀ ਕਚੀਚੀਆਂ, ਫਿਰਕੂ ਨਫ਼ਰਤੀ ਪ੍ਰਚਾਰ ਤੇ ਪੁਲਸੀ ਹਮਲਾ। (ਖੇਤੀ ਕਨੂੰਨਾਂ ਵੇਲੇ ਵੀ ਸਾਹਮਣੇ ਆਇਆ।) ਚੱਤੋ ਪਹਿਰ ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਦੀ ਸੇਵਾ ‘ਚ। ਮੁੱਠੀ ਭਰ ਕਾਰਪੋਰੇਟਾਂ ਦੇ ਵਿਕਾਸ ਨੂੰ ਕਹੇ ਮੁਲਕ ਦਾ ਵਿਕਾਸ। ਨਿੱਜੀਕਰਨ ਤੇ ਸੰਸਾਰੀਕਰਨ ਦੀਆਂ ਨੀਤੀਆਂ ਮੁਲਕ ਸਿਰ ਮੜ੍ਹਨ ਵਿੱਚ ਗੁਲਤਾਨ।ਸੰਘਰਸ਼ ਵਾਲਿਆਂ ਲਈ ਅੰਦੋਲਨ ਜੀਵੀ ਦੀ ਫਤਵੇਬਾਜ਼ੀ। ਕਨੂੰਨ ਦੇ ਡੰਡੇ ਦੇ ਨਾਲੋਂ ਨਾਲ ਫਿਰਕੂ ਜ਼ਹਿਰ ਪਸਾਰਾ। ਆਪਦੀ ਪਾਰਟੀ ਦੇ ਸੰਗੀਨ ਜੁਰਮ ਕਰਨ ਵਾਲੇ ਵਿਧਾਇਕਾਂ, ਸਾਂਸਦਾਂ, ਮੰਤਰੀਆਂ ਨੂੰ ਸਰਕਾਰੀ ਛੱਤਰੀ। ਫਿਰਕੂ ਦੰਗਾਈਆਂ, ਬਲਾਤਕਾਰੀਆਂ ਤੇ ਕਾਤਲਾਂ ਦੀ ਪਿੱਠ ਥਾਪੜੇ।

ਨੌਜਵਾਨਾਂ ਵੱਲੋਂ ਰੁਜ਼ਗਾਰ ਦੀ ਮੰਗ ਕਰਨਾ, ਸਹੀ। ਰੁਜ਼ਗਾਰ, ਜਿਉਣ ਹਾਲਤਾਂ ਦੀ ਬੇਹਤਰੀ ਦਾ ਸਾਧਨ, ਸਮਾਜਿਕ ਸੁਰੱਖਿਆ ਦਾ ਸਰੋਤ, ਲੋਕ-ਤਰੱਕੀ ਖੁਸ਼ਹਾਲੀ ਦਾ ਆਧਾਰ ਤੇ ਸਮਾਜਿਕ ਵਿਕਾਸ ਦੀ ਚੂਲ। ਮੁਲਕ ਦੀ ਵਸੋਂ ਦੇ ਅੱਧ ਨੇੜੇ ਬੇਰੁਜ਼ਗਾਰ। ਬੇਰੁਜ਼ਗਾਰ,ਅਰਧ ਬੇਰੁਜ਼ਗਾਰ ਤੇ ਨਿਗੂਣੀ ਉਜਰਤ ਉੱਤੇ ਠੇਕਾ ਰੁਜ਼ਗਾਰ। ਸਰਕਾਰੀ ਅੰਕੜੇ,ਬੇਰੁਜ਼ਗਾਰੀ ਵਿੱਚ ਰਿਕਾਰਡ ਤੋੜ ਵਾਧਾ। ਪੰਜਤਾਲੀ ਸਾਲਾਂ ਦਾ ਰਿਕਾਰਡ ਟੁੱਟਿਆ। ਬੇਰੁਜ਼ਗਾਰ ਯੋਗਤਾ, ਸਮਰੱਥਾ ਨਾਲ ਭਰਪੂਰ।ਹਰ ਯੋਗਤਾ,ਸਮਰੱਥਾ ਨੂੰ ਰੁਜ਼ਗਾਰ ਮਿਲੇ। ਮਿਲ ਸਕਦਾ।

ਨਿੱਜੀਕਰਨ ਦੀ ਨੀਤੀ ਰੱਦ ਹੋਵੇ। ਭਰਤੀਆਂ ‘ਤੇ ਲਾਈ ਪਾਬੰਦੀ ਵਾਪਸ ਹੋਵੇ।ਜਨਤਕ ਖੇਤਰ ‘ਚ ਸਨਅਤਾਂ ਲੱਗਣ। ਖੇਤੀ ਖੇਤਰ ਵਿੱਚ ਇਨਕਲਾਬੀ ਸੁਧਾਰ ਹੋਣ। ਸਰਕਾਰੀ ਵਿਭਾਗਾਂ ਦੀਆਂ ਖਾਲੀ ਆਸਾਮੀਆਂ ‘ਤੇ ਭਰਤੀ ਹੋਵੇ। ਲੋੜ ਮੂਜਬ ਹੋਰ ਆਸਾਮੀਆਂ ਬਣਨ।ਇਉਂ ਰੁਜ਼ਗਾਰ ਦੇ ਸੋਮੇ ਵਾਧੂ। ਸਰਕਾਰ ਦੀ ਨੀਤੀ, ਰੁਜ਼ਗਾਰ ਵਿਰੋਧੀ। ਪਹਿਲਾ ਰੁਜ਼ਗਾਰ ਛਾਂਗਣਾ ਤੇ ਨਵਾਂ ਦੇਣਾ ਨੀਂ।

ਸਰਕਾਰ ਦਾ ਪ੍ਰਚਾਰ ਤੰਤਰ, ਝੂਠ ਦਾ ਧੁਤੂ। ਤੁਹਮਤੀ ਪ੍ਰਚਾਰ। “ਨੌਜਵਾਨ ਕੰਮ ਤੋਂ ਟਲਦੇ ਨੇ।” “ਡੱਕਾ ਦੂਹਰਾ ਨੀਂ ਕਰਦੇ।” “ਵੇਹਲੀਆਂ ਛਕਦੇ ਐ।” ਤੱਥ ਮੂੰਹੋਂ ਬੋਲੇ, ਦਰਜਾ ਚਾਰ ਪੋਸਟ ਲਈ ਪੋਸਟ-ਗ੍ਰੈਜੂਏਟਾਂ ਦੀਆਂ ਅਰਜ਼ੀਆਂ ਆਉਂਦੀਆਂ। ਸਰਕਾਰ ਚਤੁਰਾਈ ਖੇਡੇ।

ਕੌਮੀ ਸੁਰੱਖਿਆ ਦਾ ਸ਼ੋਰ ਮਚਾ ਕੇ ਰੁਜ਼ਗਾਰ ਦੀ ਮੰਗ ਰੋਲੇ। ਹੁਣ ਨੌਜਵਾਨਾਂ ਨੇ ਕੰਮ ਮੰਗਿਆ ਤਾਂ ਯੂ.ਏ. ਪੀ.ਏ. ਅਧੀਨ ਜੇਲ੍ਹੀਂ ਡੱਕੇ। ਨੌਜਵਾਨਾਂ ਨੇ ਜਾਨ ਜੋਖ਼ਮ ਵਿੱਚ ਪਾਈ। ਸੰਸਦ ਅੰਦਰ ਗਏ। ਜਾਨੀ ਮਾਲੀ ਨੁਕਸਾਨ ਕੋਈ ਨਹੀਂ। ਮੰਗਾਂ ਮਸਲੇ ਉਠਾਏ। ਨੌਜਵਾਨਾਂ ਨੇ ਰੁਜ਼ਗਾਰ ਦੀ ਮੰਗ ਕੀਤੀ। ਹੋਰ ਕਈ ਮਸਲੇ ਵੀ ਉਠਾਏ। ਨੌਜਵਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਵਿਰਾਸਤ ‘ਤੇ ਪਹਿਰਾ। ਸਰਕਾਰ ਨਿਭਾਏ, ਅੰਗਰੇਜ਼ਾਂ ਦੀ ਵਿਰਾਸਤ। ਸ਼ਹੀਦ ਭਗਤ ਸਿੰਘ ਵਾਂਗਰਾਂ, ਨੌਜਵਾਨਾਂ ਨੂੰ ਦੇਸ਼ ਧ੍ਰੋਹੀ ਐਲਾਨਿਆ। ਪਰਚੇ ਪਾਏ ਤੇ ਜੇਲ੍ਹੀਂ ਬੰਦ ਕੀਤਾ।

ਸੰਸਦ,ਅਖੇ ਰਾਜ ਭਾਗ ਦਾ ਵੱਡਾ ਥੰਮ। ਦੁਨੀਆਂ ਦੀ ਵੱਡੀ ਜਮਹੂਰੀਅਤ। ਅਮਲ, ਰੁਜ਼ਗਾਰ ਮੰਗਣ ‘ਤੇ ਦੇਸ਼ ਧ੍ਰੋਹ ਦਾ ਕੇਸ। ਲੋਕਾਂ ਦੀ ਮਿਹਨਤ ਲੁੱਟਣ ਦੇ ਕਨੂੰਨਾਂ ਦਾ ਘਾੜਾ। ਖੇਤੀ ਕਨੂੰਨ, ਕਿਰਤ ਕੋਡ, ਜੰਗਲ ਕਨੂੰਨ, ਸਾਰੇ ਵਿਭਾਗਾਂ ਦੇ ਕਨੂੰਨਾਂ ਤੋਂ ਅਗਨੀਪਥ ਤੱਕ,ਸਭ ਦਾ ਇਹੀ ਤੱਤ। ਜਾਬਰ ਕਾਨੂੰਨ ਹੋਰ ਜਾਬਰ। ਨਵੇਂ ਨਵੇਂ ਸ਼ਬਦ ਤੇ ਨਵੇਂ ਅਰਥ।ਸਰਕਾਰ ਦਾ ਵਿਰੋਧ, ਅਖੇ ਦੇਸ਼ ਦਾ ਵਿਰੋਧ। ਕੌਮੀ ਸੁਰੱਖਿਆ ਨੂੰ ਖ਼ਤਰਾ। ਸਰਕਾਰ ਤੋਂ ਅਸਹਿਮਤਿਆਂ ਦੀ ਜਸੂਸੀ।

ਦਰਜਨਾਂ,ਕਵੀ, ਬੁੱਧੀਜੀਵੀ,ਕਲਾਕਾਰ, ਪੱਤਰਕਾਰ,ਜੇਲ੍ਹਾਂ ‘ਚ ਬੰਦ।ਹਰ ਵੱਖਰੇ ਵਿਚਾਰ ‘ਤੇ ਦੇਸ਼ ਧ੍ਰੋਹ ਦਾ ਦੋਸ਼। ਆਹ ਨੌਜਵਾਨਾਂ ‘ਤੇ ਮੜੇ ਕਨੂੰਨ, ਉਤੇ ਏਸੇ ਦੀ ਮੋਹਰ ਐ। ਰਾਜ ਵੱਡਿਆਂ ਦਾ,ਪੈਸੇ ਵਾਲਿਆਂ ਦਾ ਤੇ ਵੱਡੀਆਂ ਜ਼ਮੀਨਾਂ ਵਾਲਿਆਂ ਦਾ। ਸਾਂਸਦ ਇਹਨਾਂ ਵੱਡਿਆਂ ਦੇ ਪ੍ਰਤੀਨਿਧ। ਕਾਰਪੋਰੇਟ ਜਿਵੇਂ ਚਾਹੁਣ,ਇਹ ਉਵੇਂ ਕਰੀ ਜਾਣ। ਖੁਦ ਕਰੋੜਪਤੀ ਤੋਂ ਅਰਬਪਤੀ ਬਣਨ ਦੀ ਦੌੜ ‘ਚ। ਕੁਝ ਸੰਗੀਨ ਦੋਸ਼ੀਆਂ ਦੀ ਕਤਾਰ ‘ਚ। ਨੌਜਵਾਨ ਜੇਲ੍ਹ ‘ਚ ਬੰਦ, ਸਰਕਾਰ ਦਾ ਹੀਜ ਪਿਆਜ ਜੱਗ ਜ਼ਾਹਰ।

ਰੁਜ਼ਗਾਰ ਜਿਹਨਾਂ ਦੀ ਲੋੜ, ਉਹਨਾਂ ਦੇ ਅੱਗੇ ਆਉਣ ਨਾਲ ਈ ਗੱਲ ਬਣੂ। ਇੱਕਜੁੱਟ ਆਵਾਜ਼ ਉੱਠੇ। ਗ੍ਰਿਫਤਾਰ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰੋ। ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰੋ। ਨਿੱਜੀਕਰਨ ਦੀ ਨੀਤੀ ਰੱਦ ਕਰੋ। ਗਲ ਘੋਟੂ ਕਾਲੇ ਕਨੂੰਨ ਰੱਦ ਕਰੋ। ਨਾਲ ਮਿਲੇ ਪ੍ਰੀਵਾਰਾਂ, ਰਿਸ਼ਤੇਦਾਰਾਂ ਤੇ ਮਿੱਤਰਾਂ ਦੋਸਤਾਂ ਦੀ ਆਵਾਜ਼। ਸੰਘਰਸ਼ਸ਼ੀਲ ਹਿੱਸੇ ਵੀ ਨਾਲ ਰਲਣ। ਸਾਂਝਾ ਜੁੱਟ ਬਣੇ। ਇਹੀ ਸਵੱਲੜਾ ਰਾਹ। ਜਿਹਨਾਂ ਨੇ ਸਰਕਾਰਾਂ ਤੋਂ ਕੁਝ ਹਾਸਲ ਕੀਤਾ, ਉਹ ਏਸੇ ਰਾਹ ਤੁਰੇ।ਖੇਤੀ ਕਨੂੰਨਾਂ ਖਿਲਾਫ਼ ਕਿਸਾਨ ਘੋਲ ਉਤਸ਼ਾਹੀ ਉਦਾਹਰਣ ਹੈ।

ਜਗਮੇਲ ਸਿੰਘ
9417224822

ਨੋਟ- ਇਹ ਵਿਚਾਰ ਲੇਖਕ ਦੇ ਨਿੱਜੀ ਹਨ।

 

RELATED ARTICLES

Most Popular

Recent Comments