ਪੰਜਾਬ ‘ਚ ਸਕੂਲੀ ਖੇਡਾਂ ਅਤੇ ਹੋਰਨਾਂ ਕੰਮਾਂ ਲਈ ਅਧਿਆਪਕਾਂ ਤੋਂ ਟੇਡੇ ਢੰਗ ਨਾਲ ਪੈਸੇ ਇਕੱਠੇ ਕਰਨ ਦਾ, ਅਧਿਆਪਕ ਜਥੇਬੰਦੀਆਂ ਵੱਲੋਂ ਵਿਰੋਧ

592

 

  • ਬੀ.ਪੀ.ਈ.ਓ. ਚੀਮਾ ਦੇ ਦਫਤਰ ਵਿਖੇ ਕੀਤਾ ਰੋਸ ਮੁਜਾਹਰਾ

ਪੰਜਾਬ ਨੈੱਟਵਰਕ, ਚੀਮਾ

ਅਧਿਆਪਕ ਜਥੇਬੰਦੀਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਅਤੇ 6505 ਅਧਿਆਪਕ ਜਥੇਬੰਦੀ ਦੀਆਂ ਬਲਾਕ ਚੀਮਾ ਇਕਾਈਆਂ ਵੱਲੋਂ ਪ੍ਰਧਾਨ ਜਸਬੀਰ ਨਮੋਲ ਅਤੇ ਸੰਸਾਰ ਸਿੰਘ ਦੀ ਸੰਯੁਕਤ ਅਗਵਾਈ ਬੀ.ਪੀ.ਈ.ਓ. ਦਫ਼ਤਰ ਚੀਮਾ ਵਿਖੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ।

ਜਾਣਕਾਰੀ ਦਿੰਦਿਆਂ ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਅਧਿਕਾਰੀਆਂ ਰਾਹੀਂ ਸਕੂਲੀ ਖੇਡਾਂ ਦੇ ਨਾਮ ਉੱਤੇ ਟੇਢੇ ਵਿੰਗੇ ਢੰਗ ਨਾਲ ਅਧਿਆਪਕਾਂ ਤੋਂ ਉਗਰਾਹੀ ਕਰਕੇ ਬੁੱਤਾ ਸਾਰ ਰਹੀ ਹੈ ਅਤੇ ਸਮਾਜ ਵਿੱਚ ਪ੍ਰਚਾਰਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਸਕੂਲ ਖੇਡਾਂ ‘ਤੇ ਸਰਕਾਰ ਵੱਲੋਂ ਵੱਡੇ ਫੰਡ ਖਰਚ ਕੀਤੇ ਜਾ ਰਹੇ ਹਨ।

ਆਗੂਆਂ ਨੇ ਅੱਗੇ ਦੱਸਿਆ ਕਿ ਬਲਾਕ ਵਿੱਚ ਅਧਿਆਪਕਾਂ ਤੋਂ ਆਮਦਨ ਕਰ ਦੇ ਫਾਰਮ-16 ਦੇ ਬਦਲੇ ਅਤੇ ਹਰ ਘਰ ਤਿਰੰਗਾ ਮੁਹਿੰਮ ਅਧੀਨ ਤਿਰੰਗੇ ਝੰਡਿਆਂ ਲਈ ਬਲਾਕ ਚੀਮਾ ਦੇ ਦਫਤਰ ਵੱਲੋਂ ਪੈਸੇ ਇਕੱਠੇ ਕਰਨ ਦੀਆਂ ਖਬਰਾਂ ਫੀਲਡ ਵਿੱਚੋਂ ਉਹਨਾਂ ਤੱਕ ਪਹੁੰਚ ਰਹੀਆਂ ਜੋ ਕਿ ਬਿਲਕੁਲ ਨਾਕਾਬਲੇ ਬਰਦਾਸ਼ਤ ਹਨ।

ਉਨ੍ਹਾਂ ਨੇ ਦੱਸਿਆ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਦਫਤਰ ਵੱਲੋਂ ਸੈਂਟਰ ਹੈੱਡ ਟੀਚਰਾਂ ਰਾਹੀਂ ਬਲਾਕ ਦੇ ਅਧਿਆਪਕਾਂ ਤੋਂ ਫਾਰਮ 16 ਲਈ 100 ਰੁਪਏ ਪ੍ਰਤੀ ਅਧਿਆਪਕ,ਬਲਾਕ ਪੱਧਰੀ ਖੇਡਾਂ ਲਈ 8000 ਰੁਪਏ ਪ੍ਰਤੀ ਕਲਸਟਰ ਅਤੇ ਤਿਰੰਗੇ ਝੰਡਿਆਂ ਲਈ 390 ਰੁਪਏ ਪ੍ਰਤੀ ਸਕੂਲ ਮੰਗੇ ਜਾ ਰਹੇ। ਜਿਹਨਾਂ ਸਕੂਲਾਂ ਨੇ ਝੰਡੇ ਨਹੀਂ ਵੀ ਲਏ ਉਹਨਾਂ ਤੋਂ ਵੀ 390 ਰੁਪਏ ਮੰਗੇ ਜਾਣ ਦੀਆਂ ਖਬਰਾਂ ਹਨ।

ਜਥੇਬੰਦੀਆਂ ਨੇ ਉਕਤ ਬਲਾਕ ਅਫਸਰ ਨੂੰ ਚੇਤਾਵਨੀ ਪੱਤਰ ਰਾਹੀਂ ਕਿਹਾ ਕਿ ਕਿ ਅਗਰ ਉਕਤ ਅਧਿਆਪਕ ਵਿਰੋਧੀ ਅਤੇ ਗੈਰ-ਕਾਨੂੰਨੀ ਕਾਰਵਾਈ ਨੂੰ ਤੁਰੰਤ ਨਹੀਂ ਰੋਕਿਆ ਜਾਂਦਾ ਤਾਂ ਜਥੇਬੰਦੀਆਂ ਸੰਘਰਸ਼ ਨੂੰ ਅੱਗੇ ਵਧਾਉਣਗੀਆਂ ਅਤੇ ਇਸ ਦੇ ਜਿੰਮੇਵਾਰ ਉਕਤ ਬਲਾਕ ਅਫਸਰ ਹੋਵੇਗਾ।

ਇਸ ਸਮੇਂ ਸੂਬਾਈ ਆਗੂ ਬਲਵੀਰ ਲੌਂਗੋਵਾਲ,ਜਸਵੀਰ ਨਮੋਲ,ਸੰਸਾਰ ਸਿੰਘ, ਰਣਵੀਰ ਜਖੇਪਲ,ਚੰਦਰ ਸ਼ੇਖਰ,ਜਗਤਾਰ ਲੌਂਗੋਵਾਲ ਹਰਜੀਤ ਚੀਮਾ, ਚਮਕੌਰ ਸਿੰਘ, ਭਿੰਦਰ ਸਿੰਘ,ਬਲਜੀਤ ਸਿੰਘ,ਹਰਪ੍ਰੀਤ ਸਿੰਘ,ਬਲਜੀਤ ਸਿੰਘ,ਬਲਵਿੰਦਰ ਸਿਘ ਅਧਿਆਪਕ ਆਗੂਆਂ ਨੇ ਉਕਤ ਪ੍ਰੋਗਰਾਮ ਵਿੱਚ ਹਿੱਸਾ ਲਿਆ।