ਆਂਗਣਵਾੜੀ ਸੈਂਟਰਾਂ ਲਈ ਖਰੀਦੇ ਫੋਨ ਰੂਰਲ ਡਿਪਾਰਟਮੈਂਟ ਨੂੰ ਦੇਣ ਦਾ ਵਿਰੋਧ

 

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਂਗਣਵਾੜੀ ਸੈਂਟਰਾਂ ਲਈ ਖਰੀਦੇ ਫੋਨ ਰੂਰਲ ਡਿਪਾਰਟਮੈਂਟ ਨੂੰ ਦੇਣ ਦਾ ਵਿਰੋਧ

ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਵਿੱਚ ਆਂਗਣਵਾੜੀ ਵਰਕਰ ਤਾਂ ਹੀ ਡਾਟਾ ਆਨਲਾਈਨ ਕਰਨਗੀਆਂ ਜੇਕਰ ਸਰਕਾਰ ਸਮਾਰਟ ਫੋਨ ਦੇਵੇਗੀ: ਹਰਗੋਬਿੰਦ ਕੌਰ ‌

ਦਲਜੀਤ ਕੌਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਪ੍ਰੈਲ, 2026: ਅੱਜ ਇਥੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਮਨਜੀਤ ਕੌਰ ਬਰਿਆਲੀ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਨੂੰ ਸੰਬੋਧਨ ਕਰਨ ਲਈ ਹਰਗੋਬਿੰਦ ਕੌਰ ਕੌਮੀ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਨੇ ਜੋ ਸਮਾਰਟ ਫੋਨ ਆਂਗਣਵਾੜੀ ਪੋਸ਼ਣ ਅਭਿਆਨ ਦੇ ਅਧੀਨ ਆਂਗਣਵਾੜੀ ਸੈਂਟਰਾਂ ਵਿੱਚ ਦੇਣ ਲਈ ਖਰੀਦੇ ਸਨ ਉਹ ਫੋਨ ਹੁਣ ਸਰਵੇ ਕਰਨ ਲਈ ਰੂਰਲ ਡਿਵੈਲਪਮੈਂਟ ਮਹਿਕਮੇ ਨੂੰ ਦਿੱਤੇ ਜਾ ਰਹੇ ਹਨ।

ਉਹਨਾਂ ਨੇ ਕਿਹਾ ਕਿ ਸਰਕਾਰ 13 ਅਪ੍ਰੈਲ ਨੂੰ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਸ਼ੁਰੂ ਕਰ ਰਹੀ ਹੈ, ਉਸ ਵਿੱਚ ਜੋ ਫਾਰਮ ਆਂਗਣਵਾੜੀ ਵਰਕਰਾਂ ਨੂੰ ਆਪਣੇ ਫੋਨਾਂ ਤੋਂ ਭਰਨ ਲਈ ਕਿਹਾ ਜਾ ਰਿਹਾ ਹੈ, ਉਹ ਆਂਗਣਵਾੜੀ ਵਰਕਰ ਆਪਣੇ ਪਰਸਨਲ ਫੋਨਾਂ ਤੋਂ ਨਹੀਂ ਭਰਨਗੀਆਂ, ਜੇਕਰ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦੇਵੇਗੀ ਜੋ ਪੋਸ਼ਨ ਅਭਿਆਨ ਦੇ ਅੰਡਰ ਉਹਨਾਂ ਲਈ ਖਰੀਦੇ ਗਏ ਹਨ, ਤਾਂ ਹੀ ਇਹ ਯੋਜਨਾ ਦੇ ਫਾਰਮ ਭਰੇ ਜਾਣਗੇ‌।

ਉਹਨਾਂ ਨੇ ਮੰਗ ਕੀਤੀ ਕਿ ਇਹਨਾਂ ਫਾਰਮਾਂ ਨੂੰ ਅਪਲੋਡ ਕਰਨ ਲਈ ਘੱਟੋ ਘੱਟ 100 ਰੁਪਏ ਪ੍ਰਤੀ ਫਾਰਮ ਆਗਣਵਾੜੀ ਵਰਕਰ ਨੂੰ ਦਿੱਤਾ ਜਾਵੇ। ਸਰਕਾਰ ਨੇ ਮਾਣ ਭੱਤਾ ਦੁਗਣਾ ਕਰਨ ਦਾ ਵਾਅਦਾ ਕਰਿਆ ਸੀ, ਉਹ ਵਾਅਦਾ ਵੀ ਸਰਕਾਰ ਪੂਰਾ ਕਰੇ, ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਮਾਣ ਭੱਤਾ ਸਮੇਂ ਸਿਰ ਦਿੱਤਾ ਜਾਵੇ, ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕੀਤੇ ਗਏ ਬੱਚੇ ਵਾਪਸ ਆਗਣਵਾੜੀਆਂ ਵਿੱਚ ਭੇਜੇ ਜਾਣ।

ਮੀਟਿੰਗ ਦੌਰਾਨ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਮੁੱਦਾ ਚੁੱਕਿਆ ਕਿ ਆਂਗਣਵਾੜੀ ਕੇਂਦਰਾਂ ਦੇ ਵਿੱਚ ਰਾਸ਼ਨ ਬੇਹਦ ਘਟੀਆ ਕੁਆਲਿਟੀ ਦਾ ਅਤੇ ਬਹੁਤ ਜਿਆਦਾ ਮਾਤਰਾ ਵਿੱਚ ਆ ਰਿਹਾ ਹੈ ਜੋ ਸੈਂਟਰਾਂ ਦੇ ਵਿੱਚ ਲਾਭਪਾਤਰੀਆਂ ਦੀ ਹੱਦ ਤੋਂ ਕਿਤੇ ਜਿਆਦਾ ਹੈ ਅਤੇ ਖਤਮ ਨਹੀਂ ਹੁੰਦਾ, ਪਏ ਪਏ ਰਾਸ਼ਨ ਦੀ ਡੇਟ ਐਕਸਪਾਇਰ ਹੋ ਜਾਂਦੀ ਹੈ, ਉੱਤੋਂ ਰਾਸ਼ਨ ਹੋਰ ਆ ਜਾਂਦਾ ਹੈ, ਇਸੇ ਤਰਹਾਂ ਆਗਣਵਾੜੀ ਕੇਂਦਰਾਂ ਦੇ ਵਿੱਚ ਸੈਂਟਰੀ ਪੈਡ ਆਏ ਨਹੀਂ ਹੁੰਦੇ ਉਹਨਾਂ ਨੂੰ ਪਹਿਲਾਂ ਹੀ ਆਨਲਾਈਨ ਕਰਨ ਵਾਸਤੇ ਆਖ ਦਿੱਤਾ ਜਾਂਦਾ ਹੈ।

ਜਦੋਂ ਉਹ ਸੈਂਨਟਰੀ ਪੈਡ ਆਉਂਦੇ ਹਨ ਤਾਂ ਉਹ ਬੇਹੱਦ ਘਟੀਆ ਕੁਆਲਿਟੀ ਦੇ ਹੁੰਦੇ ਹਨ, ਜਿਨਾਂ ਨੂੰ ਲੋਕ ਲੈਣ ਤੋਂ ਇਨਕਾਰੀ ਹਨ, ਰਾਸ਼ਨ ਵੀ ਲੋਕ ਨਹੀਂ ਲੈਣਾ ਚਾਹੁੰਦੇ ਅਤੇ ਸੈਂਟਰੀ ਪੈਡ ਵੀ ਨਹੀਂ ਲੈਣਾ ਚਾਹੁੰਦੇ, ਪਰੰਤੂ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਮਜਬੂਰ ਕਰਦੀ ਹੈ ਕਿ ਤੁਸੀਂ ਕਾਗਜਾਂ ਦੇ ਵਿੱਚ ਰਾਸ਼ਨ ਅਤੇ ਸੈਂਟਰੀ ਪੈਡ ਭਰੋ।

ਇਸ ਮੀਟਿੰਗ ਵਿੱਚ ਹਰਬੰਸ ਕੌਰ ਪ੍ਰਧਾਨ ਮਰਿੰਡਾ, ਮਨਜੀਤ ਕੌਰ ਛੱਜੂ ਮਾਜਰਾ ਪ੍ਰਧਾਨ ਖਰੜ-2 , ਕਮਲਜੀਤ ਕੌਰ ਮਡੌਲੀ ਸਵਾਰਨਜੀਤ ਕੌਰ, ਮਨਪ੍ਰੀਤ ਕੌਰ ਕਮਲਜੀਤ ਕੌਰ, ਦੇਸੂ ਮਾਜਰਾ, ਪਿਰਤਪਾਲ ਕੌਰ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਕੁਲਜੀਤ ਕੌਰ ਆਦਿ ਆਗੂ ਹਾਜ਼ਰ ਸਨ।