ਕਿਸਾਨਾਂ ‘ਤੇ ਲਾਠੀਚਾਰਜ ਅਤੇ ਗ੍ਰਿਫ਼ਤਾਰੀਆਂ ਦੇ ਰੋਸ ‘ਚ ਗਰਜੀਆਂ ਜਥੇਬੰਦੀਆਂ; ਭਗਵੰਤ ਮਾਨ, ਮੋਦੀ ਅਤੇ ਟਰੰਪ ਖ਼ਿਲਾਫ਼ ਨਾਅਰੇਬਾਜ਼ੀ

 

ਬੀਕੇਯੂ ਏਕਤਾ ਡਕੌਂਦਾ ਅਤੇ ਸੰਘਰਸ਼ਸੀਲ ਜਥੇਬੰਦੀਆਂ ਨੇ ਫੂਕੇ ਡੋਨਾਲਡ ਟਰੰਪ, ਨਰਿੰਦਰ ਮੋਦੀ ਅਤੇ ਭਗਵੰਤ ਮਾਨ ਦੇ ਪੁਤਲੇ

ਮੁਕਤ ਵਪਾਰ ਸਮਝੌਤੇ ਵਿੱਚੋਂ ਖੇਤੀ, ਡੈਅਰੀ ਅਤੇ ਪੋਲਟਰੀ ਖੇਤਰ ਨੂੰ ਬਾਹਰ ਰੱਖਣ ਦੀ ਕੀਤੀ ਮੰਗ

ਉਗਰਾਹਾਂ ਜਥੇਬੰਦੀ ਦੇ ਆਗੂਆਂ ਅਤੇ ਹੋਰ ਕਿਸਾਨਾਂ ਤੇ ਜਬਰ ਦੀ ਕੀਤੀ ਸਖਤ ਨਿਖੇਧੀ

ਮੋਹਾਲੀ 08 ਫਰਵਰੀ 2026- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਟੈਕਨੀਕਲ ਸਰਵਿਸ ਯੂਨੀਅਨ ਭੰਗਲ, ਪੈਨਸ਼ਨਰਜ਼ ਯੂਨੀਅਨ, ਪਾਵਰਕਾਮ ਐਂਡ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਮੋਹਾਲੀ ,ਨੌਜਵਾਨ ਭਾਰਤ ਸਭਾ, ਅਤੇ ਵਰਗ ਚੇਤਨਾ ਮੰਚ ਵੱਲੋਂ ਅੱਜ ਮੋਹਾਲੀ ਵਿਖੇ ਡੀਸੀ ਦਫ਼ਤਰ ਅੱਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕੇ ਗਏ।

ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਜਿਲ੍ਹਾ ਮੋਹਾਲੀ ਦੇ ਕਨਵੀਨਰ ਪ੍ਰਦੀਪ ਮੁਸਾਹਿਬ ਨੇ ਕਿਹਾ ਕਿ ਅਮਰੀਕਾ ਸਰਕਾਰ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੇ ਲਿਖਿਆ ਹੈ ਭਾਰਤ, ਅਮਰੀਕਾ ਦੇ ਭੋਜਨ ਅਤੇ ਖੇਤੀਬਾੜੀ ਪੈਦਾਵਾਰ ਦੀ ਵਿਸ਼ਾਲ ਸ਼੍ਰੇਣੀ ਤੋਂ ਇਲਾਵਾ ਡਰਾਈਡ ਡਿਸਟਿਲਰਜ਼ ਗ੍ਰੇਨਜ਼ ( ਮੱਕੀ ਤੋਂ ਇਥਾਨੋਲ ਬਣਾਉਣ ਸਮੇਂ ਸੁਨਹਿਰੀ ਪੀਲੇ ਰੰਗ ਦਾ ਬਚਿਆ ਹੋਇਆ ਪਦਾਰਥ, ਜੋ ਕਿ ਪਸ਼ੂਆਂ ਦੀ ਫੀਡ ਵਾਸਤੇ ਵਰਤਿਆ ਜਾਂਦਾ ਹੈ ), ਪਸ਼ੂ ਚਾਰੇ ਲਈ ਲਾਲ ਜਵਾਰ, ਦਰੱਖਤੀ ਸੁੱਕੇ ਫਲ ( ਜਿਵੇਂ ਅਖਰੋਟ, ਬਦਾਮ ਅਤੇ ਕਾਜੂ ਵਗੈਰਾ), ਤਾਜ਼ੇ ਅਤੇ ਸੁੱਕੇ ਜਾਂ ਡੱਬਾਬੰਦ ਫਲ, ਸੋਇਆਬੀਨ ਤੇਲ, ਸ਼ਰਾਬ ਅਤੇ ਹੋਰ ਉਤਪਾਦਾਂ ਤੇ ਟੈਕਸ ਖਤਮ ਕਰੇਗਾ।

ਸੰਯੁਕਤ ਕਿਸਾਨ ਮੋਰਚਾ ਪੂਰੇ ਭਾਰਤ ਵਿੱਚ ਡੋਨਲਡ ਟਰੰਪ ਅਤੇ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਆਪਣੇ ਵਿਰੋਧ ਦਾ ਪ੍ਰਗਟਾਵਾ ਕਰਦਿਆਂ ਭਾਰਤ ਸਰਕਾਰ ਤੋਂ ਮੰਗ ਕਰਦਾ ਹੈ ਕਿ ਖੇਤੀ ਵਸਤਾਂ ਨਾਲ ਸੰਬੰਧਿਤ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ।

ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਸਾੜਿਆ ਗਿਆ ਕਿਉਂਕਿ ਪਿਛਲੇ ਦਿਨੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰਾਂ ਨੂੰ ਆਪਣੇ ਨਜਾਇਜ਼ ਤੌਰ ਤੇ ਗ੍ਰਿਫਤਾਰ ਕੀਤੇ ਸਾਥੀਆਂ ਦੀ ਰਿਹਾਈ ਲਈ ਧਰਨਾ ਪ੍ਰਦਰਸ਼ਨ ਕਰਨ ਤੋਂ ਰੋਕਣ ਵਾਸਤੇ ਉਹਨਾਂ ਤੇ ਲਾਠੀਚਾਰਜ ਕੀਤਾ ਗਿਆ, ਗਿਰਫਤਾਰੀਆਂ ਕੀਤੀਆਂ ਗਈਆਂ ਅਤੇ ਥਾਂ ਥਾਂ ਸੜਕਾਂ ਤੇ ਘੇਰਿਆ ਗਿਆ। ਆਗੂਆਂ ਨੇ ਮੰਗ ਕੀਤੀ ਕਿ ਉਗਰਾਹਾਂ ਜਥੇਬੰਦੀ ਦੇ ਗਿਰਫਤਾਰ ਕੀਤੇ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਹਨਾਂ ਦੀਆਂ ਬਾਕੀ ਮੰਗਾਂ ਵੀ ਮੰਨੀਆਂ ਜਾਣ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਨੌਜਵਾਨ ਭਾਰਤ ਸਭਾ ਤੋਂ ਪੁਸ਼ਪਿੰਦਰ ਤੇ ਹਰਸ਼, ਪੈਨਸ਼ਨ ਐਸੋਸੀਏਸ਼ਨ ਸਰਕਲ ਮੋਹਾਲੀ ਤੋਂ ਰਾਜਿੰਦਰ ਕੁਮਾਰ, ਪਾਵਰਕਾਮ ਐਂਡ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਮੋਹਾਲੀ ਤੋਂ ਏਕਮ ਸਿੰਧੂ ਅਤੇ ਜੋਰਾਵਰ ਸਿੰਘ, ਵਰਗ ਚੇਤਨਾ ਮੰਚ ਤੋਂ ਯਸ਼ਪਾਲ, ਟੀਐੱਸਯੂ ਭੰਗਲ ਤੋਂ ਗੁਰਬਖਸ਼ ਸਿੰਘ ਅਤੇ ਲੱਖਾ ਸਿੰਘ , ਲਖਵੀਰ ਸਿੰਘ, ਸੰਜੀਵ ਕੁਮਾਰ, ਫਤਹਿ ਸਿੰਘ, ਹਰਦੀਪ ਖਾਨ, ਵਕੀਲ ਮੁਹੰਮਦ, ਅਮਨਿੰਦਰ ਸਿੰਘ , ਅਮਨਪ੍ਰੀਤ ਸਿੰਘ ,ਅਮਨਿੰਦਰ ਸਿੰਘ,ਰਵੀ ਸਿੰਘ, ਖੁਸ਼ਪ੍ਰੀਤ ਸੋਏ ਮਾਜਰਾ, ਟੁਨਟੁਨ ਸ਼ਰਮਾਂ ਲਾਇਨਮੈਨ ਵੀ ਹਾਜ਼ਰ ਸਨ।