- ਸਰਕਾਰਾਂ ਦੀ ਥਾਂ ਅਧਿਆਪਕ ਜੱਥੇਬੰਦੀ ਨੇ ਫੜੀ ਬਾਂਹ, ਇਕ ਲੱਖ ਤੋ ਉਪਰ ਰਾਸੀ ਸੇਵਾ ਮੁਕਤ ਅਧਿਆਪਕਾਂ ਨੂੰ ਕੀਤੀ ਪਿਆਰ ਸਹਿਤ ਭੇਂਟ
- ਸਨਮਾਨ ਸਮਾਰੋਹ ਸਰਕਾਰ ਨੂੰ ਫਿੱਟਕਾਰ ਸਮਾਗਮ ਹੋ ਨਿਬੜਿਆ, ਅਧਿਆਪਕਾਂ ਨੇ ਮਾਰਿਆ ਹਾਅ ਦਾ ਨਾਅਰਾ
- ਹਰਾ ਪੈੱਨ ਚਲਾਉਣ ਵਾਲੀ ਸਰਕਾਰ ਚੁੱਪ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪਿਛਲੇ ਲੰਬੇ ਸਮੇਂ ਤੋਂ ਸਿਰਫ਼ ਛੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਲੈ ਕੇ ਸਿੱਖਿਆ ਵਿਭਾਗ ਚ ਕੰਮ ਕਰ ਰਹੇ ਕਈ ਸਿੱਖਿਆ ਵਲੰਟੀਅਰ ਹੁਣ ਰਿਟਾਇਰਮੈਂਟ ਵਾਲੀ ਉਮਰ ਤੱਕ ਵੀ ਆ ਪੁੱਜੇ ਹਨ। ਸਿਰਫ਼ ਛੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਨਿਭਾਈ ਸੇਵਾ ਬਦਲੇ ਨਾ ਕੋਈ ਪੈਨਸ਼ਨ ਨਾ ਹੀ ਕਿਸੇ ਤਰ੍ਹਾਂ ਦਾ ਹੋਰ ਫੰਡ ਇਨ੍ਹਾਂ ਨੂੰ ਮਿਲੇਗਾ। ਬੱਸ ਖਾਲੀ ਹੱਥ ਘਰ ਜਾਣ ਲਈ ਮਜਬੂਰ ਹੋ ਰਹੇ ਹਨ। ਅਜਿਹੇ ਸਮੇਂ ਅਧਿਆਪਕ ਜੱਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਜਗਰਾਉਂ ਨੇ ਅਹਿਮ ਫੈਸਲਾ ਲੈਂਦਿਆਂ ਇਨ੍ਹਾਂ ਰਿਟਾਇਰ ਹੋ ਰਹੇ ਅਧਿਆਪਕਾਂ ਨੂੰ ਸਨਮਾਨਯੋਗ ਵਿਦਾਇਗੀ ਦੇਣ ਦਾ ਫੈਸਲਾ ਕੀਤਾ।
ਇਸੇ ਤਹਿਤ ਬਲਾਕ ਜਗਰਾਉਂ ਦੇ ਦੋ ਵਲੰਟੀਅਰ ਅਧਿਆਪਕਾਂ ਸ੍ਰੀਮਤੀ ਬਬਲੀ ਦੇਵੀ ਅਤੇ ਸ੍ਰੀਮਤੀ ਜਸਵੀਰ ਕੌਰ ਨੂੰ ਯਾਦਗਾਰੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਸਮਾਰੋਹ ਨੂੰ ਬਲਾਕ ਦੇ ਸਮੂਹ ਅਧਿਆਪਕਾਂ ਦੀ ਸਹਾਇਤਾ ਰਾਸ਼ੀ ਨਾਲ ਸੰਪੰਨ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ਤੇ ਡੀ.ਟੀ.ਐੱਫ਼. ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਰਜੀਤ ਸਿੰਘ ਸੁਧਾਰ ਅਤੇ ਸਿੱਧਵਾਂ ਬੇਟ ਦੇ ਪ੍ਰਧਾਨ ਸੁਖਦੇਵ ਸਿੰਘ ਹਠੂਰ ਤੋ ਇਲਾਵਾ ਕਿਸਾਨ ਆਗੂ ਰਾਮਸ਼ਰਨ ਅਤੇ ਮਜ਼ਦੂਰ ਆਗੂ ਬਲਦੇਵ ਸਿੰਘ ਅਤੇ ਸੀਨੀਅਰ ਟੀਚਰਜ਼ ਫੋਰਮ ਵੱਲੋਂ ਜੋਗਿੰਦਰ ਆਜ਼ਾਦ ਨੇ ਸੰਬੋਧਨ ਕੀਤਾ। ਬੁ
ਲਾਰਿਆਂ ਨੇ ਵਲੰਟੀਅਰ ਅਧਿਆਪਕਾਂ ਵੱਲੋਂ ਸਕੂਲਾਂ ਚ ਨਿਭਾਏ ਸ਼ਾਨਦਾਰ ਰੋਲ ਲਈ ਧੰਨਵਾਦ ਕੀਤਾ ਉੱਥੇ ਹੀ ਸਰਕਾਰ ਤੇ ਵੀ ਰੋਸ ਪ੍ਰਗਟ ਕੀਤਾ ਕਿ ਲੰਬਾ ਸਮਾਂ ਲੰਘ ਜਾਣ ਦੇ ਬਾਵਜੂਦ ਇਨ੍ਹਾਂ ਅਧਿਆਪਕਾਂ ਨੂੰ ਪੱਕੇ ਨਹੀਂ ਕੀਤਾ ਗਿਆ। ਕਿਸਾਨ ਆਗੂ ਰਾਮਸ਼ਰਨ ਨੇ ਵੀ ਅਧਿਆਪਕਾਂ ਨੂੰ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਸੰਘਰਸ਼ ਦਾ ਰਾਹ ਫੜਨ ਦਾ ਸੱਦਾ ਦਿੱਤਾ। ਸੀਨੀਅਰ ਟੀਚਰਜ਼ ਫੋਰਮ ਵੱਲੋਂ ਬੋਲਦਿਆਂ ਜੋਗਿੰਦਰ ਆਜ਼ਾਦ ਨੇ ਕਿਹਾ ਕਿ ਇਹ ਸਨਮਾਨ ਸਮਾਰੋਹ ਸਰਕਾਰ ਅਤੇ ਅਫਸਰਸ਼ਾਹੀ ਦੇ ਮੁੰਹ ਤੇ ਚਪੇੜ ਵੀ ਹੈ। ਬੀਤੇ ਸਮੇਂ ਚ ਕੀਤੇ ਘੋਲਾਂ ਤੋਂ ਸਿੱਖਿਆ ਲੈਣ ਦਾ ਸੁਨੇਹਾ ਦਿੱਤਾ ਅਤੇ ਕਿਹਾ ਕਿ ਵਲੰਟੀਅਰ ਅਧਿਆਪਕਾਂ ਦੀਆਂ ਜੱਥੇਬੰਦੀਆਂ ਨੂੰ ਇੱਕਜੁਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ।
ਜਨਰਲ ਸਕੱਤਰ ਹਰਜੀਤ ਸਿੰਘ ਸੁਧਾਰ ਨੇ ਇਸ ਮੌਕੇ ਅਧਿਆਪਕਾਂ ਨੂੰ ਇਕੱਠੇ ਹੋ ਕੇ ਸਰਕਾਰ ਦੇ ਹਮਲਿਆਂ ਦਾ ਸਾਹਮਣਾ ਕਰਨ ਦੀ ਗੱਲ ਕਹੀ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਚੁੱਕਾ ਹੈ ਕਿ ਔਰਤ ਅਧਿਆਪਕਾਂ ਨੂੰ ਵੀ ਸੰਘਰਸ਼ ਦੇ ਮੈਦਾਨ ਚ ਅੱਗੇ ਆਉਣਾ ਚਾਹੀਦਾ ਹੈ। ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਨੇ ਇਸ ਮੌਕੇ ਭਾਵਪੂਰਤ ਭਾਸ਼ਣ ਚ ਅਧਿਆਪਕਾਂ ਨੂੰ ਸਰਕਾਰ ਦੀਆਂ ਨੀਤੀਆਂ ਵਿਰੁੱਧ ਡਟਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜੋ ਸਕੂਲ ਆਫ ਐਮੀਨੈਂਸ ਅਤੇ ਪੀ.ਐੱਮ ਸ੍ਰੀ ਰਾਹੀਂ ਸਕੂਲਾਂ ਚ ਨਵੀਆਂ ਨੀਤੀਆਂ ਲਾਗੂ ਕਰ ਰਹੀ ਹੈ ਉਹ ਕਿਸੇ ਤਰ੍ਹਾਂ ਵੀ ਵਿਦਿਆਰਥੀਆਂ ਅਤੇ ਸਮਾਜ ਦੇ ਹੱਕ ਵਿੱਚ ਨਹੀਂ। ਸਿੱਖਿਆ ਨੀਤੀ 2020 ਨਾਲ ਵੀ ਭਗਵਾਂਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਵਲੰਟੀਅਰ ਅਧਿਆਪਕਾਂ ਨੂੰ ਛੇਤੀ ਪੱਕੇ ਕੀਤਾ ਜਾਵੇ ਨਹੀਂ ਤਾਂ ਪੰਜਾਬ ਪੱਧਰ ਤੇ ਇਸ ਸਬੰਧੀ ਰਾਜਪੱਧਰੀ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਬਲਾਕ ਪ੍ਰਧਾਨ ਅਤੇ ਸੀਨੀਅਰ ਜਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਨੇ ਲਗਪਗ ਵੀਹ ਸਾਲਾਂ ਤੋਂ ਸਕੂਲਾਂ ਚ ਕੰਮ ਕਰ ਰਹੇ ਇਨ੍ਹਾਂ ਵਲੰਟੀਅਰ ਅਧਿਆਪਕਾਂ ਦੇ ਦੁੱਖ ਤਕਲੀਫ਼ਾਂ ਦਾ ਜ਼ਿਕਰ ਕੀਤਾ। ਤਾਂ ਹਾਜਰੀਨ ਦੀਆਂ ਅੱਖਾਂ ਭਰ ਗਈਆ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਵੀ ਇਨ੍ਹਾਂ ਅਧਿਆਪਕਾਂ ਨਾਲ ਭੱਦਾ ਮਜ਼ਾਕ ਹੀ ਕੀਤਾ ਹੈ, ਕਿਉਂਕਿ ਮੌਜੂਦਾ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਸਰਕਾਰ ਬਣਦਿਆਂ ਸਭ ਤੋਂ ਪਹਿਲਾ ਕੰਮ ਇਨ੍ਹਾਂ ਅਧਿਆਪਕਾਂ ਅਤੇ ਹੋਰ ਠੇਕੇ ਤੇ ਲੱਗੇ ਕਰਮਚਾਰੀਆਂ ਨੂੰ ਪੱਕਿਆਂ ਕਰਨਾ ਹੋਵੇਗਾ।
ਪਰ ਸਰਕਾਰ ਬਣਿਆ ਨੂੰ ਇੱਕ ਸਾਲ ਲੰਘ ਚੁੱਕਾ ਹੈ ਪਰ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਕੀਤਾ। ਹੁਣ ਤਾਂ ਇਹ ਅਧਿਆਪਕ ਰਿਟਾਇਰ ਹੋਣ ਵਾਲੀ ਉਮਰ ਵੱਲ ਵੀ ਚੱਲ ਪਏ ਹਨ। ਇਨ੍ਹਾਂ ਅਧਿਆਪਕਾਂ ਨੂੰ ਆਪਣੀ ਜ਼ਿੰਦਗੀ ਚਲਾਉਣ ਲਈ ਹੁਣ ਸਕੂਲ ਚ ਕੀਤੇ ਕੰਮ ਤੋਂ ਬਿਨ੍ਹਾਂ ਖਾਲੀ ਸਮੇਂ ਚ ਮਜ਼ਦੂਰੀ ਵੀ ਕਰਨੀ ਪੈ ਰਹੀ ਹੈ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਵੀ ਅਧਿਆਪਕਾਂ ਨੂੰ ਇੱਕਮੁੱਠ ਹੋ ਕੇ ਸਰਕਾਰ ਵਿਰੁੱਧ ਲੜਨ ਦਾ ਸੱਦਾ ਦਿੱਤਾ। ਅੱਜ ਦੇ ਇਸ ਸਮਾਗਮ ਵਿੱਚ ਕਈ ਵਾਰੀ ਮਹੌਲ ਬਹੁਤ ਗਮਗੀਨ ਹੋਇਆ ਜਦੋਂ ਵਲੰਟੀਅਰ ਅਧਿਆਪਕਾਂ ਮੈਡਮ ਰਜਨੀ, ਮੈਡਮ ਸੁਖਵਿੰਦਰ ਕੌਰ, ਮੈਡਮ ਕਰਮਜੀਤ ਕੌਰ ਨੇ ਸਿਰਫ਼ ਛੇ ਹਜ਼ਾਰ ਰੁਪਏ ਤਨਖਾਹ ਹੋਣ ਕਰਕੇ ਸਹਿ ਰਹੇ ਦੁੱਖਾਂ ਦਾ ਵਰਨਣ ਕੀਤਾ।
ਇੱਕ ਮਜ਼ਦੂਰ ਵੀ ਹੁਣ ਦਿਹਾੜੀ ਦਾ ਮੁੱਲ ਘੱਟੋ-ਘੱਟ 500 ਰੁਪਏ ਲੈਂਦਾ ਹੈ ਅਤੇ ਇਹ ਅਧਿਆਪਕ ਸਿਰਫ਼ ਦੋ ਸੌ ਰੁਪਏ ਦਿਹਾੜੀ ਤੇ ਕੰਮ ਕਰ ਰਹੇ ਹਨ। ਹਾਲਾਂਕਿ ਇਨ੍ਹਾਂ ਕੋਲ ਹਰ ਤਰ੍ਹਾਂ ਦੀ ਡਿਗਰੀ ਮੌਜੂਦ ਹੈ। ਅੱਜ ਦੇ ਇਸ ਸਮਾਰੋਹ ਵਿੱਚ ਇੱਕ ਵਲੰਟੀਅਰ ਅਧਿਆਪਕ ਇਸ ਕਰਕੇ ਹਾਜ਼ਰ ਨਹੀਂ ਹੋ ਸਕਿਆ ਕਿਉਂਕਿ ਉਸਨੇ ਇੱਕ ਜਗ੍ਹਾ ਮਜ਼ਦੂਰੀ ਕਰਨ ਜਾਣਾ ਸੀ। ਜੇਕਰ ਸਮਾਜ ਨੂੰ ਸੇਧ ਦੇਣ ਵਾਲੇ ਕੌਮ ਦੇ ਨਿਰਮਾਤਾ ਦਾ ਇਹ ਹਾਲ ਹੈ ਤਾਂ ਇਸ ਦੇਸ ਦਾ ਕੀ ਭਵਿੱਖ ਹੋਵੇਗਾ ਇਹ ਸੋਚਿਆ ਜਾ ਸਕਦਾ ਹੈ। ਇੰਨੇ ਦੁੱਖ ਤਕਲੀਫ਼ਾਂ ਸਹਿਣ ਦੇ ਬਾਵਜੂਦ ਵੀ ਇਹ ਅਧਿਆਪਕ ਹਿੰਮਤ ਨਹੀਂ ਹਾਰ ਰਹੇ ਸਗੋਂ ਹੋਰ ਵੀ ਮਿਹਨਤ ਕਰਕੇ ਜੋ ਬੱਚੇ ਉਨ੍ਹਾਂ ਕੋਲ ਆਉਂਦੇ ਹਨ ਉਨ੍ਹਾਂ ਦਾ ਭਵਿੱਖ ਸੰਵਾਰਨ ਦੀ ਕੋਸ਼ਿਸ਼ ਕਰਦੇ ਹਨ।
ਰਿਟਾਇਰ ਹੋ ਰਹੇ ਦੋਨੋਂ ਅਧਿਆਪਕਾਂ ਦੇ ਆਪਣੇ ਬੱਚੇ ਵੀ ਬਹੁਤ ਲਾਇਕ ਹਨ। ਇਨ੍ਹਾਂ ਨੇ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪ੍ਰੋਫੈਸਰ, ਵਕੀਲ ਬਣਾਇਆ ਹੈ। ਰਿਟਾਇਰ ਹੋਏ ਦੋਨਾਂ ਅਧਿਆਪਕਾਂ ਨੇ ਡੀ.ਟੀ.ਐੱਫ਼. ਜੱਥੇਬੰਦੀ ਅਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ ਕਿ ਸਰਕਾਰ ਨੇ ਤਾਂ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਪਰ ਜੱਥੇਬੰਦੀ ਨੇ ਆਪਣੇ ਅਧਿਆਪਕਾਂ ਦਾ ਬਹੁਤ ਸੋਹਣਾ ਸਾਥ ਦਿੱਤਾ ਹੈ ਅਤੇ ਇਸ ਸਨਮਾਨਯੋਗ ਵਿਦਾਇਗੀ ਕਰਨ ਲਈ ਜੱਥੇਬੰਦੀ ਦਾ ਧੰਨਵਾਦ ਕੀਤਾ। ਇਸ ਮੌਕੇ ਇਨ੍ਹਾਂ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ, ਤੋਹਫੇ ਅਤੇ ਇਕਵੰਜਾ ਹਜ਼ਾਰ ×2 (ਭਾਵ ਇਕ ਲੱਖ ਤੋ ਉਪਰ ਰੁਪਏ) ਦੋਨਾਂ ਅਧਿਆਪਕਾਂ ਨੂੰ ਭੇਂਟ ਕੀਤੇ ਗਏ।
ਸਟੇਜ ਸਕੱਤਰ ਵਜੋਂ ਸੁਧੀਰ ਝਾਂਜੀ ਨੇ ਭੂਮਿਕਾ ਨਿਭਾਈ। ਇਸ ਮੌਕੇ ਹੋਰਨਾਂ ਤੋਂ ਬਿਨ੍ਹਾਂ ਰਾਣਾ ਆਲਮਦੀਪ, ਤੁਲਸੀ ਦਾਸ, ਸਤਨਾਮ ਸਿੰਘ , ਹਰਦੀਪ ਸਿੰਘ ਕਾਉੰਕੇ, ਸਰਬਜੀਤ ਸਿੰਘ ਤੂਰ, ਹਰਦੀਪ ਸਿੰਘ ਸਿੱਧਵਾਂ ਬੇਟ, ਮੈਡਮ ਸ਼ੈਲੀ, ਸੋਨੀਆ, ਰੇਖਾ, ਅਨੀਤਾ, ਭਜਨ ਸਿੰਘ , ਗੋਲਡੀ ਗਾਲਿਬ, ਸੰਦੀਪ ਸਿੰਘ, ਗੁਰਮੀਤ ਸਿੰਘ, ਰਮਨਦੀਪ ਕੌਰ, ਸੁਮਨ ਬਾਲਾ, ਨੇਹਾ ਅਰੋੜਾ, ਕੁਸਮ ਸ਼ਰਮਾ ਸਮੇਤ ਵੱਡੀ ਗਿਣਤੀ ਚ ਅਧਿਆਪਕਾਂ ਨੇ ਹਾਜ਼ਰੀ ਲਗਾਈ।