ਪਾਣੀ ਦਾ ਸੰਕਟ; ਵਿਸ਼ਵ ਬੈਂਕ, ਫਿਰਕੂ ਹਕੂਮਤ ਤੇ ਅਵਾਮ

254

 

ਸੰਕਟ ਪਹਿਲਾਂ ਬਥੇਰੇ। ਉੱਪਰੋਂ ਪਾਣੀ ਦਾ ਸੰਕਟ। ਲੋਕਾਂ ਦੀ ਜਾਨ ਦਾ ਖੌਅ। “ਪਾਣੀ ਡੂੰਘਾ ਹੋ ਗਿਐ।” “ਪਾਣੀ ਜ਼ਹਿਰੀ ਹੋ ਗਿਐ।” “ਪੀਣ ਯੋਗ ਨਹੀਂ ਰਿਹਾ।” ਸਰਕਾਰੀ ਪ੍ਰਚਾਰ, ਮਗਰਮੱਛੀ ਹੰਝੂ। ਹੱਲ, ਕੋਈ ਕਦਮ ਨੀਂ, ਹਊਆ ਹੀ ਹਊਆ।ਸਦਮੇਬਾਜ਼ੀ ਦਾ ਫੰਡਾ।ਪਾਣੀ ਵੇਚਣ ਦੀ ਬਣਤ।ਲੋਕਾਂ ਲਈ ਫਜੀਹਤ, ਵਪਾਰੀਆਂ ਲਈ ਗ਼ਨੀਮਤ। ਸੰਕਟ ਸਪੱਸ਼ਟ ਐ।ਪਾਣੀ ਡੂੰਘਾ ਹੋਇਆ, ਪਾਣੀ ਕੱਢਣ ਨਾਲ।ਸਿੰਚਾਈ ਦਾ ਮੁੱਖ ਸਰੋਤ। ਖੇਤੀ ਨੂੰ ਨਹਿਰੀ ਪਾਣੀ ਨਾ ਮਾਤਰ। ਮਸਾਂ ਸਤਾਈ ਪਰਸੈਂਟ।ਬੋਰ ਸਾਢੇ ਸੋਲਾਂ ਲੱਖ।

ਝੋਨਾ, ਸਫੈਦਾ ਮਾਰਨ ਸੜ੍ਹਾਕੇ। ਪਾਣੀ ਜ਼ਹਿਰੀ ਹੋਇਆ, ਸੀਵਰੇਜ ਤੇ ਸਨਅਤਾਂ ਦੀ ਗੰਦਗੀ ਨਾਲ।ਧਰਤੀ ਵਿੱਚ ਸਿੱਧਿਆਂ ਵੀ ਤੇ ਨਹਿਰਾਂ, ਨਦੀਆਂ ਵਿੱਚ ਖੁੱਲਾ ਵੀ।ਕੋਈ ਡਰ ਡੁੱਕਰ ਨਹੀਂ। ਨਾ ਪ੍ਰਦੂਸ਼ਣ ਕੰਟਰੋਲ ਬੋਰਡ ਦਾ।ਨਾ ਗਰੀਨ ਟ੍ਰਿਬਿਊਨਲ ਦਾ।ਮੇਲ-ਮਿਲਾਪ ਵੀ, ਤਕੜੇ ਦਾ ਸੱਤੀਂ ਵੀਂਹੀਂ ਸੌ ਵੀ।

ਸਿਆਪਾ ਸੱਠਵਿਆਂ ਦਾ। ਅਨਾਜ ਦੀ ਤੋਟ। ਪੂਰਤੀ ਬਣੀ ਬਹਾਨਾ। ਸੰਸਾਰ ਬੈਂਕ, “ਅਲੀ ਬਾਬਾ,ਚਾਲੀ ਚੋਰ।”ਮਦਦ ਦੇ ਨਾਂ ਹੇਠ ਸ਼ਰਤਾਂ। ਹਕੂਮਤਾਂ ਦੀਆਂ ਸਿਫਾਰਸ਼ਾਂ। ਮਹਿਕਮੇ ਦਾ ਪ੍ਰਚਾਰ। ਖੇਤੀ ‘ਚ ‘ਇਨਕਲਾਬ’, ‘ਹਰਾ ਇਨਕਲਾਬ’। ਪਾਣੀ ਚੂਸ ਫਸਲਾਂ (ਝੋਨਾ,ਸਫੈਦਾ ਵਗੈਰਾ)। ਘੋੜੀ ਮਗਰ ਵਛੇਰਾ। ਬੀਅ ਮਗਰ ਨਦੀਨ-ਸੁੰਡੀਆਂ। ਰੇਹਾਂ-ਸਪਰੇਆਂ। ਮੋਟਰਾਂ ਤੇ ਮਸ਼ੀਨਰੀ। ਖੇਤੀ ਮਾਡਲ ਬਦਲਿਆ। ਸਾਮਰਾਜੀ ਮਾਡਲ ਮੜਿਆ।ਫਸਲਾਂ ਬਦਲੀਆਂ। ਢੰਗ ਤਰੀਕੇ ਬਦਲੇ। ਮੰਤਵ ਬਦਲੇ। ਲੁੱਟ ਹੀ ਲੁੱਟ। ਹਾਥੀ ਦੇ ਦੰਦ, ਦਿਖਾਉਣ ਨੂੰ ਹੋਰ,ਖਾਣ ਨੂੰ ਹੋਰ।

ਦੇਸੀ-ਵਿਦੇਸ਼ੀ ਕਾਰਪੋਰੇਟਾਂ ਨੇ ਬੀਅ ਵੇਚੇ।ਮਸ਼ੀਨਰੀ ਵੇਚੀ। ਜ਼ਹਿਰਾਂ ਵੇਚੀਆਂ।ਪ੍ਰਦੂਸ਼ਣ ਕੀਤਾ।ਬੀਮਾਰੀਆਂ ਫੈਲਾਈਆਂ।ਤੇ ਇਥੋਂ ਲੁੱਟੀਆਂ ਫਸਲਾਂ।ਫਸਲਾਂ ‘ਤੇ ਲੱਗੀ ਕਿਰਤ। ਫਸਲਾਂ ‘ਤੇ ਲੱਗਿਆ ਪਾਣੀ।ਕਿਸਾਨੀ ਕੀਤੀ ਖੁੰਘਲ।ਕਿਸਾਨਾਂ ਸਿਰ ਖਰਚਾ ਵਧਿਆ।ਕਰਜ਼ਾ ਵਧਿਆ। ਬੀਮਾਰੀਆਂ ਫੁੱਟੀਆਂ। ਖ਼ੁਦਕੁਸ਼ੀਆਂ ਉੱਗੀਆਂ।ਖੁਦ ਭਰੀਆਂ ਤਿਜੌਰੀਆਂ। ਮਣਾਂ ਮੂੰਹੀਂ।

ਇਹੀ ਹਾਲ ਸਨਅਤਾਂ ਦਾ। ਵੱਡਿਆਂ ਦੀਆਂ ਵੱਡੀਆਂ ਸਨਅਤਾਂ। ਮੁਨਾਫ਼ੇ ਦੇ ਚਿੱਚੜ। ਗੰਦ ਮੰਦ ਪਾਉਣ ਧਰਤੀ ‘ਚ। ਕੱਸੀਆਂ, ਨਹਿਰਾਂ ਨਦੀਆਂ ‘ਚ। ਪ੍ਰਦੂਸ਼ਣ ਰੋਕੂ ਕਾਨੂੰਨ ਰੋਲੇ। ਪਾਣੀ ਕੀਤਾ ਜ਼ਹਿਰੀ।ਨਾ ਖੇਤੀ ਯੋਗ,ਨਾ ਪੀਣ ਯੋਗ। ਵਪਾਰੀਆਂ ਹੱਥ ਲੱਡੂ ਹੀ ਲੱਡੂ।

ਮੁਲਕ ਦਾ ਪ੍ਰਬੰਧ, ਕਾਰਪੋਰੇਟਾਂ ਦੀ ਮੁੱਠੀ ‘ਚ।ਸਾਮਰਾਜੀਆਂ ਦਾ ਮੁਥਾਜ। ਆਰਥਿਕਤਾ ਇਹਨਾਂ ਦੇ ਰਹਿਮੋ ਕਰਮ ‘ਤੇ। ਹਕੂਮਤਾਂ ਇਹਨਾਂ ਦੀ ਸੇਵਾ ‘ਚ ਤੇ ਅੱਗੋਂ ਸਭ ਇਹਨਾਂ ਦੇ ਹੱਥ। ਖੇਤੀ ਤੇ ਸਨਅਤ ਦੀ ਪੈਦਾਵਾਰ। ਪੈਦਾਵਾਰ ਦੇ ਢੰਗ ਤਰੀਕੇ। ਪੈਦਾਵਾਰ ਦੀ ਖਰੀਦ।ਪੈਦਾਵਾਰ ਦਾ ਮੰਤਵ।ਮੰਤਵ ਨੰਗਾ ਚਿੱਟਾ, ਮੁਨਾਫ਼ੇ ਮੁੱਛਣਾ। ਲੋਕਾਂ ਹੱਥ ਕੁਝ ਨਹੀਂ।

ਕੱਲਾ ਕਹਿਰਾ ਤਾਂ ਚਾਹ ਕੇ ਵੀ ਕੁਝ ਕਰਨ ਦੀ ਹਾਲਤ ‘ਚ ਨਹੀਂ। ਪ੍ਰਬੰਧ ਦੀ ਸਪੋਰਟ ਕਹੋ ਜਾਂ ਸਰਪ੍ਰਸਤੀ। ਪਾਣੀ ‘ਚ ਗੰਦਗੀ ਪਾਉਂਦੀਆਂ ਸਨਅਤਾਂ। ਕੀਟਨਾਸ਼ਕਾਂ ਦੇ ਵਪਾਰੀ, ਸਾਮਰਾਜੀ ਕੰਪਨੀਆਂ।ਸੰਸਾਰ ਬੈਂਕ।ਅੱਖਾਂ ਮੀਚੀ ਬੈਠੀਆਂ ਹਕੂਮਤਾਂ। ਸਭ ਮੁਜਰਮ। ਸਜ਼ਾ ਲੋਕਾਂ ਨੂੰ।ਕਰੇ ਕੋਈ, ਭਰੇ ਕੋਈ।

ਹਊਆ, ਸਦਮਾ,ਸਭ ਲੁੱਟਣ ਦੇ ਸੰਦ।ਸੰਸਾਰ ਬੈਂਕ ਦੀ ਹਿਦਾਇਤ, ਹਾਕਮਾਂ ਮੰਨੀ। ਲੰਬੜਾਂ ਦਾ ਕਿਹਾ, ਚੌਕੀਦਾਰ ਦੇ ਸਿਰ ਮੱਥੇ।ਘੜ ਲੀ ਕੌਮੀ ਜਲ ਨੀਤੀ। ਪਾਣੀ ਬਣਾਤਾ ਜਿਣਸ, ਵਿਕਾਊ ਵਸਤ। ਕਨੂੰਨ ਬਦਲਿਆ, ਮਾਲਕੀ ਬਦਲੀ।ਜ਼ਮੀਨ ਮਾਲਕ ਦੀ ਹੇਠਲੇ ਪਾਣੀ ਦੀ ਮਾਲਕੀ ‘ਤੇ ਕਾਟਾ। ਨਿੱਜੀ ਨਿਵੇਸ਼ਕਾਂ ਨੂੰ ਸੱਦੇ। ਨਿੱਜੀਕਰਨ ਕਰਨਾ। ਛਤੀਸਗੜ੍ਹ ਦੀ ਨਦੀ ਸਿਓਨਾਥ ਦਾ ਕਰਤਾ,ਮਾਲਕ ਰੇਡੀਅਸ ਵਾਟਰ ਲਿਮਿਟਡ। ਤਾਮਿਲਨਾਡੂ ਦੀ ਨਦੀ ਭਵਾਨੀ ਦਾ ਕੀਤਾ, ਮਾਲਕ ਕਿਨਲੇ ਗਰੁੱਪ।

ਪੰਜਾਬ ਦੀ ਜਲ ਸਪਲਾਈ,ਟੂਟੀ ਸੰਸਾਰ ਬੈਂਕ ਦੇ ਹੱਥ। ਸੂਬਾ ਸਰਕਾਰ ਨੇ ਫੜਾਈ।ਮੋਗੇ ਦੇ ਪਚਾਸੀ ਪਿੰਡ ਲਾਰਸਨ ਐਂਡ ਟੁਬਰੋ ਹਵਾਲੇ। ਬਹਾਨਾ ਹੋਰ, ਨਿਸ਼ਾਨਾ ਹੋਰ। ਨਿਸ਼ਾਨਾ ਆਹ।

ਲੋੜ ਆ,ਬਦਲਾਅ ਦੀ।ਖੇਤੀ ਮਾਡਲ ਬਦਲਣ ਦੀ। ਘੱਟ ਪਾਣੀ ਪੀਂਦੀਆਂ ਫਸਲਾਂ ਦੀ। ਮਿੱਟੀ ਤੇ ਮੌਸਮ ਅਨੁਕੂਲ ਫਸਲਾਂ ਦੀ।ਸਿੰਜਾਈ ਨਹਿਰੀ ਕਰਨ ਦੀ।ਨਹਿਰਾਂ ਕੱਸੀਆਂ ਦਾ ਘੇਰਾ ਵਧਾਉਣ ਦੀ। ਫ਼ਸਲੀ ਵਿਭਿੰਨਤਾ ਲਈ ਉਤਸ਼ਾਹਿਤ ਕਰਨ ਦੀ। ਪੈਦਾਵਾਰ ‘ਚ ਪੈ ਸਕਦੇ ਘਾਟੇ ਦੀ ਪੂਰਤੀ ਕਰਨ ਦੀ। ਲਾਗਤਾਂ ਸਸਤੀਆਂ ਕਰਨ ਦੀ।

ਖਰਚੇ ਦੇ ‘ਸਾਬ ਭਾਅ ਦੇਣ ਦੀ।ਗਰੰਟੀ ਸਰਕਾਰੀ ਖਰੀਦ ਦੀ। ਸਨਅਤੀ ਮਾਡਲ ਵੀ ਬਦਲਣ ਦੀ।ਲੋਕ ਪੱਖੀ ਬਣਾਉਣ ਦੀ। ਗੰਦਗੀ ਪਾਣੀ ‘ਚ ਰਲਣੋ ਬੰਦ ਕਰਾਉਣ ਦੀ।

ਪ੍ਰਦੂਸ਼ਣ ਫੈਲਾਉਣ ਤੋਂ ਰੋਕਣ ਦੀ।ਸਖ਼ਤ ਕਾਨੂੰਨ ਬਣਾਉਣ ਦੀ। ਕਰੜੀ ਸਜ਼ਾ ਦੇਣ ਦੀ।ਮੋਟੇ ਜੁਰਮਾਨੇ ਵਸੂਲਣ ਦੀ। ਟਰੀਟਮੈਂਟ ਪਲਾਂਟ ‘ਚ ਨਵੀਂ ਤਕਨੀਕ ਲਗਾਉਣ ਦੀ। ਲੋੜ ਆ,ਸਾਮਰਾਜੀ ਕੰਪਨੀਆਂ ਨੂੰ ਮੁਲਕ ਤੋਂ ਬਾਹਰ ਕਰਨ ਦੀ।ਸੰਸਾਰ ਬੈਂਕ ਦੀਆਂ ਹਦਾਇਤਾਂ ਰੱਦ ਕਰਨ ਦੀ। ਜਲ ਸੋਮੇ ਸਰਕਾਰੀ ਕੰਟਰੋਲ ਹੇਠ ਕਰਨ ਦੀ।

ਨਿੱਜੀਕਰਨ ਬੰਦ ਕੀਤੇ ਜਾਣ ਦੀ। ਪਾਣੀ ਰੀਚਾਰਜ਼ ਕੀਤੇ ਜਾਣ ਦੀ।ਬਜ਼ਟ ਰਾਸ਼ੀ ਜਾਰੀ ਕਰਨ ਦੀ।ਇਹ ਖ਼ਰਚੇ ਦਾ ਘਰ।ਛੋਟਾ ਮੂੰਹ,ਵੱਡੀ ਗੱਲ। ਅਗਲੀ ਲੋੜ ਆ, ਉਕਤ ਲੋੜਾਂ ਪੂਰਨ ਦੀ। ਇਹ ਕਿਸੇ ਕੱਲੇ ਕਹਿਰੇ ਦੇ ਵੱਸ ਨਹੀਂ।ਸਰਕਾਰ ਸਭ ਤੋਂ ਵੱਧ ਸੰਗਠਿਤ।

ਸਭ ਤੋਂ ਵੱਧ ਸਮਰੱਥ।ਸਰਕਾਰ ਹੱਥ ਖਜ਼ਾਨਾ ਵੀ। ਕਨੂੰਨ ਵੀ। ਲਾਗੂ ਕਰਾਉਣ ਦੇ ਸਾਧਨ ਵੀ। ਰੌਲਾ ਸਰਕਾਰ ਦੀ ਨੀਤੀ ਹੈਨੀ, ਨਾ ਇਰਾਦਾ। ਖਜ਼ਾਨਾ ਭਰਨ ਦਾ।ਲੋਕ ਹਿਤਾਂ ਲਈ ਖ਼ਰਚਣ ਦਾ।

ਸਰਕਾਰ ਕਦਮ਼ ਚੱਕੇ।ਕਾਰਪੋਰੇਟਾਂ, ਕੰਪਨੀਆਂ ‘ਤੇ ਟੈਕਸ ਲਾਵੇ। ਵਸੂਲੇ। ਰਿਸ਼ਵਤਖੋਰੀ ਦੇ ਫੜੇ ਪੈਸੇ,ਖ਼ਜ਼ਾਨੇ ‘ਚ ਪਾਵੇ। ਅਮੀਰਾਂ ਦੇ ਵੱਟੇ ਖਾਤੇ ਪਾਏ ਕਰਜ਼ੇ ਉਗਰਾਵੇ।ਪਰ ਸਰਕਾਰ ਪਈ ਆ ਕੁਰਾਹੇ।

ਸਰਕਾਰ ਰਾਹ ਸਿਰ ਆਵੇ।ਇਹਦੇ ਲਈ ਲੋੜਾਂ ਦੀ ਲੋੜ, ਲੋਕਾਂ ਦੀ ਸਾਂਝੀ ਮੰਗ ਬਣਾਉਣ ਦੀ। ਸਾਂਝੀ ਆਵਾਜ਼ ਉਠਾਉਣ ਦੀ।

ਜਗਮੇਲ ਸਿੰਘ ਬਠਿੰਡਾ
9417224822