CBSE ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਬਾਰੇ ਲਿਆ ਵੱਡਾ ਫ਼ੈਸਲਾ

334

 

ਨਵੀਂ ਦਿੱਲੀ : 

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰਾਂ ਦੇ ਪੈਟਰਨ ਵਿਚ ਬਦਲਾਅ ਕੀਤਾ ਹੈ। ਨਵੀਂ ਸਿੱਖਿਆ ਨੀਤੀ ਤਹਿਤ ਕੀਤੇ ਗਏ ਇਹ ਬਦਲਾਅ ਮੌਜੂਦਾ ਸੈਸ਼ਨ ਤੋਂ ਹੀ ਲਾਗੂ ਹੋਣਗੇ। ਇਸ ਤਹਿਤ ਇਕ ਪ੍ਰਸ਼ਨ ਪੱਤਰ ਤਿੰਨ ਘੰਟੇ ਦਾ ਹੋਵੇਗਾ।

ਸੀਬੀਐੱਸਈ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਇਸੇ ਸੈਸ਼ਨ (2022-23) ਤੋਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਕੋਰੋਨਾ ਤੋਂ ਪਹਿਲਾਂ ਵਾਲੇ ਸਾਲਾਂ ਦੀ ਤਰ੍ਹਾਂ ਇਕ ਹੀ ਟਰਮ ਵਿਚ ਸੈਸ਼ਨ ਦੇ ਅੰਤ ਵਿਚ ਲਈਆਂ ਜਾਣਗੀਆਂ, ਜਦਕਿ ਪਹਿਲਾਂ ਕੋਰੋਨਾ ਕਾਰਨ ਦੋ ਟਰਮ ਵਿਚ ਪ੍ਰੀਖਿਆਵਾਂ ਲੈਣ ਦਾ ਫ਼ੈਸਲਾ ਹੋਇਆ ਸੀ।

ਸੀਬੀਐੱਸਈ ਦੇ ਡਾਇਰੈਕਟਰ (ਅਕਾਦਮਿਕ) ਵੱਲੋਂ ਜਾਰੀ ਗਸ਼ਤੀ ਪੱਤਰ ਮੁਤਾਬਕ, ਅਗਲੇ ਸਾਲ ਤੋਂ 10ਵੀਂ ਦੀ ਸਾਲਾਨਾ ਬੋਰਡ ਪ੍ਰੀਖਿਆ ਵਿਚ ਲਗਪਗ 40 ਫ਼ੀਸਦੀ ਪ੍ਰਸ਼ਨ ਸਮਝ ਅਧਾਰਿਤ ਹੋਣਗੇ। ਇਹ ਬਹੁ-ਬਦਲਾਂ ਵਾਲੇ ਪ੍ਰਸ਼ਨ ਹੋਣਗੇ, ਜਿਨ੍ਹਾਂ ਵਿਚ ਕੇਸ ਸਟੱਡੀ ਅਧਾਰਿਤ ਅਤੇ ਪੈਰਾਗ੍ਰਾਫ ਅਧਾਰਿਤ ਪ੍ਰਸ਼ਨ ਹੋਣਗੇ। 20 ਫ਼ੀਸਦੀ ਪ੍ਰਸ਼ਨ ਵਿਸ਼ਾ-ਵਸਤੂ ਮੁਤਾਬਕ ਹੋਣਗੇ ਅਤੇ ਬਾਕੀ ਦੇ 40 ਫ਼ੀਸਦੀ ਛੋਟੇ ਤੇ ਵੱਡੇ ਉੱਤਰਾਂ ਵਾਲੇ ਹੋਣਗੇ। 12ਵੀਂ ਦੀ ਪ੍ਰੀਖਿਆ ਵਿਚ 30 ਫ਼ੀਸਦੀ ਪ੍ਰਸ਼ਨ ਸਮਝ ਅਧਾਰਿਤ ਬਹੁ-ਬਦਲਾਂ ਵਾਲੇ ਹੋਣਗੇ, ਜਿਨ੍ਹਾਂ ਵਿਚ ਕੇਸ ਸਟੱਡੀ ਤੇ ਪੈਰਾਗ੍ਰਾਫ ਅਧਾਰਿਤ ਪ੍ਰਸ਼ਨ ਹੋਣਗੇ। 20 ਫ਼ੀਸਦੀ ਵਿਸ਼ਾ-ਵਸਤੂ ਅਧਾਰਿਤ ਪ੍ਰਸ਼ਨ ਹੋਣਗੇ ਜਦਕਿ ਬਾਕੀ 50 ਫ਼ੀਸਦੀ ਪ੍ਰਸ਼ਨ ਛੋਟੇ ਤੇ ਵੱਡੇ ਉੱਤਰਾਂ ਵਾਲੇ ਪੁੱਛੇ ਜਾਣਗੇ। ਸੀਬੀਐੱਸਈ ਦੇ ਇਕ ਹੋਰ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੋਰਡ ਨੇ ਪਹਿਲਾਂ ਦੀ ਤਰ੍ਹਾਂ ਸਾਲਾਨਾ ਪ੍ਰੀਖਿਆਵਾਂ ਦਾ ਫ਼ੈਸਲਾ ਸਾਰੇ ਹਿੱਤਧਾਰਕਾਂ ਦੀ ਪ੍ਰਤੀਕਿਰਿਆ ਲੈਣ ਤੋਂ ਬਾਅਦ ਲਿਆ ਹੈ। ਇਹ ਪ੍ਰੀਖਿਆਵਾਂ ਤਿੰਨ ਘੰਟੇ ਦੀਆਂ ਹੋਣਗੀਆਂ।

ਅੰਦਰੂਨੀ ਪ੍ਰੀਖਿਆਵਾਂ ’ਚ ਕੋਈ ਬਦਲਾਅ ਨਹੀਂ

ਸੀਬੀਐੱਸਈ ਨੇ ਸਪੱਸ਼ਟ ਕੀਤਾ ਹੈ ਕਿ 10ਵੀਂ ਅਤੇ 12ਵੀਂ ਦੀਆਂ ਅੰਦਰੂਨੀ ਪ੍ਰੀਖਿਆਵਾਂ ਦੇ ਪੈਟਰਨ ਵਿਚ ਕਿਸੇ ਤਰ੍ਹਾਂ ਦੀ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਜਿਸ ਤਰ੍ਹਾਂ ਪਹਿਲਾਂ ਸਕੂਲਾਂ ਵਿਚ ਅੰਦਰੂਨੀ ਪ੍ਰੀਖਿਆਵਾਂ ਹੁੰਦੀਆਂ ਰਹੀਆਂ ਹਨ, ਉਹ ਅੱਗੋਂ ਵੀ ਉਸੇ ਤਰ੍ਹਾਂ ਹੋਣਗੀਆਂ। ਇਸ ਦੇ ਲਈ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਹਾਲਾਂਕਿ 9ਵੀਂ ਅਤੇ 11ਵੀਂ ਦੀਆਂ ਪ੍ਰੀਖਿਆਵਾਂ ਲਈ ਵੀ ਪ੍ਰਸ਼ਨ ਪੱਤਰ ਦਾ ਬਦਲਿਆ ਹੋਇਆ ਪੈਟਰਨ ਲਾਗੂ ਹੋਵੇਗਾ। ਵਿਦਿਆਰਥੀ ਸੀਬੀਐੱਸਈ ਵੱਲੋਂ ਨਿਰਧਾਰਤ ਨਵੇਂ ਪ੍ਰਸ਼ਨ ਪੱਤਰ ਦੇ ਪੈਟਰਨ ਨੂੰ ਉਸ ਦੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ।

ਕੋਰੋਨਾ ਕਾਲ ’ਚ ਪ੍ਰੀਖਿਆ ਪ੍ਰਣਾਲੀ ’ਚ ਹੋਈ ਸੀ ਤਬਦੀਲੀ

ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਬੋਰਡ ਨੂੰ ਆਪਣੀ ਪ੍ਰੀਖਿਆ ਪ੍ਰਣਾਲੀ ਵਿਚ ਤਬਦੀਲੀ ਕਰਨੀ ਪਈ ਸੀ। ਇਸ ਨਾਲ 2021-2022 ਵਿਚ ਬੋਰਡ ਪ੍ਰੀਖਿਆਵਾਂ ਦੋ ਟਰਮ ਵਿਚ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਸੀ। ਇਸ ਦੇ ਲਈ ਸੀਬੀਐੱਸਈ ਨੇ ਪਾਠਕ੍ਰਮ ਨੂੰ ਦੋ ਭਾਗਾਂ ਵਿਚ ਵੰਡਿਆ ਸੀ। ਇਸੇ ਦੇ ਹਿਸਾਬ ਨਾਲ ਪਾਠਕ੍ਰਮ ਨੂੰ ਬਦਲਿਆ ਗਿਆ ਸੀ।

jagran