ਪਰਮਗੁਣੀ ਭਗਤ ਸਿੰਘ ਦਾ 116 ਸਾਲਾ ਜਨਮ ਦਿਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 28 ਨੂੰ ਮਨਾਇਆ ਜਾਵੇਗਾ:-ਢਾਬਾਂ,ਪ੍ਰਿਤਪਾਲ ਸਿੰਘ

76

 

  • ਜਲੰਧਰ ਦੀ ਧਰਤੀ ‘ਤੇ ਜਵਾਨੀ ਵੱਲੋਂ ਕੀਤਾ ਜਾਵੇਗਾ ਬਾਵਰਦੀ ਵਲੰਟੀਅਰ ਸੰਮੇਲਨ ਅਤੇ ਮਾਰਚ:-ਛਾਂਗਾਰਾਏ, ਧਰਮੂਵਾਲਾ

ਰਣਬੀਰ ਕੌਰ ਢਾਬਾਂ, ਜਲੰਧਰ

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ ਵੱਲੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਤਹਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 28 ਸਤੰਬਰ ਨੂੰ ਪਰਮਗੁਣੀ ਭਗਤ ਸਿੰਘ ਦਾ ਜਨਮਦਿਨ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਨਕਲਾਬੀ ਜੋਸੋ਼ ਖਰੋਸ਼ ਨਾਲ ਮਨਾਇਆ ਜਾਵੇਗਾ।

ਇਸ ਸਬੰਧੀ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕੀਤੀ ਗਈ ਦੋਨੋਂ ਜੱਥੇਬੰਦੀਆਂ ਦੀ ਮੀਟਿੰਗ ‘ਚ ਲਏ ਗਏ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਰਮਗੁਣੀ ਭਗਤ ਸਿੰਘ ਦਾ 116 ਸਾਲਾ ਜਨਮ ਦਿਨ ਇੱਥੇ ਮਨਾਇਆ ਜਾਵੇਗਾ।

ਇਸ ਸਮਾਗਮ ਵਿੱਚ ਪੰਜਾਬ ਭਾਰਤ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਅਤੇ ਨੌਜਵਾਨ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਰੌਸ਼ਨੀ ਲੈਣ ਲਈ ਹਿੱਸਾ ਲੈਣਗੇ। ਤਿਆਰੀ ਕਮੇਟੀ ਦੀ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਕਨਵੀਨਰ ਐਡਵੋਕੇਟ ਰਜਿੰਦਰ ਮੰਡ ਨੇ ਕਿਹਾ ਕਿ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਤੇ ਕੀਤੇ ਜਾ ਰਹੇ ਸਮਾਗਮ ਦੀ ਤਿਆਰੀ ਸਬੰਧੀ ਵੱਖ-ਵੱਖ ਕਮੇਟੀਆਂ ਗਠਤ ਕਰ ਦਿੱਤੀਆਂ ਗਈਆਂ ਹਨ।

ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਛਾਂਗਰਾਏ ਅਤੇ ਏ਼ਆਈਐਸਐਫ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ ਨੇ ਕਿਹਾ ਕਿ ਜਲੰਧਰ ਦੀ ਧਰਤੀ ਦੇਸ਼ ਭਗਤ ਯਾਦਗਾਰ ਹਾਲ ‘ਚ ਜਵਾਨੀ ਵੱਲੋਂ ਕੀਤੇ ਜਾ ਰਹੇ ਸਮਾਗਮ ‘ਚ ਬਾਵਰਦੀ ਵਲੰਟੀਅਰ ਸੰਮੇਲਨ ਅਤੇ ਸ਼ਹਿਰ ਦੇ ਬਜ਼ਾਰਾਂ ‘ਚ ਮਾਰਚ ਕਰਨਗੇ।

ਇਸ ਮੌਕੇ ਤਿਆਰੀ ਕਮੇਟੀ ਦੇ ਕੋ-ਕਨਵੀਨਰ ਕਰਮਵੀਰ ਕੌਰ ਬਂਧਨੀ ਅਤੇ ਲਵਪ੍ਰੀਤ ਮਾੜੀਮੇਘਾ ਨੇ ਦੱਸਿਆ ਕਿ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਸੂਬੇ ‘ਚ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ।

ਆਗੂਆਂ ਨੇ ਕਿਹਾ ਕਿ ਪੰਜਾਬ ਸੂਬੇ ‘ਚ ਲਗਾਤਾਰ ਬੇਰੁਜ਼ਗਾਰੀ ਵਧ ਰਹੀ ਹੈ। ਪੰਜਾਬ ‘ਚ ਬਦਲਾਵ ਦੇ ਨਾਮ ਤੇ ਆਈ ਆਮ ਆਦਮੀ ਪਾਰਟੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਫੇਲ ਹੋ ਚੁੱਕੀ ਹੈ। ਇਕੱਲੇ ਪੰਜਾਬ ਸੂਬੇ ਵਿੱਚ ਕਰੋੜਾਂ ਦੀ ਤਾਦਾਦ ਵਿੱਚ ਨੌਜਵਾਨ ਡਿਗਰੀਆਂ-ਡਿਪਲੋਮੇ ਪ੍ਰਾਪਤ ਕਰਕੇ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ।

ਆਪਣੀ ਨੌਕਰੀ/ਰੋਜ਼ਗਾਰ ਦੀ ਗਰੰਟੀ ਲਈ ਵੱਖਰੇ ਵੱਖਰੇ ਪਲੇਟਫਾਰਮਾਂ ਤੇ ਲੜ ਰਹੇ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਇਹ ਵਲੰਟੀਅਰ ਸੰਮੇਲਨ ਉਨ੍ਹਾਂ ਨੂੰ ਰੁਜ਼ਗਾਰ ਦੀ ਗਾਰੰਟੀ ਲਈ ਦੇਸ਼ ਦੀ ਪਾਰਲੀਮੈਂਟ ਵਿੱਚ “ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ (ਬਨੇਗਾ) ਪਾਸ ਕਰਵਾਉਣ ਲਈ ਇਕ ਪਲੇਟਫਾਰਮ ਤੇ ਇਕੱਠਾ ਕਰਨ ਦਾ ਯਤਨ ਕਰੇਗਾ।

ਆਗੂਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਭਗਤ ਸਿੰਘ ਦੇ ਜਨਮ ਤੇ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੁੰਮ ਹੁੰਮਾ ਕੇ ਪਹੁੰਚਣ। ਇਸ ਮੌਕੇ ਹੋਰਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਜ਼ਿਲਾ ਜਲੰਧਰ ਦੇ ਸੱਕਤਰ ਸੰਦੀਪ ਦੋਲੀਕੇ, ਸਮਾਗਮ ਦੀ ਮੀਡੀਆ ਕਮੇਟੀ ਦੇ ਕਨਵੀਨਰ ਰਜੇਸ਼ ਥਾਪਾ ਅਤੇ ਭੁਪਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।