Pathankot: ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ 33 ਅਧਿਆਪਕਾਂ ਨੂੰ ਕੀਤਾ ਸਨਮਾਨਿਤ

310

 

ਪੰਜਾਬ ਨੈੱਟਵਰਕ, ਪਠਾਨਕੋਟ

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ‘ ਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਅਧਿਆਪਕ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵਿਖੇ ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹੇ ਦੇ ਸੱਤਾਂ ਬਲਾਕਾਂ ਵਿੱਚੋਂ 33 ਅਧਿਆਪਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।

ਸਮਾਗਮ ਦੌਰਾਨ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਨੇ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਅਧਿਆਪਕ ਦੀ ਚੰਗਾ ਸਮਾਜ ਸਿਰਜਣ ਵਿੱਚ ਭੂਮਿਕਾ ਬਾਰੇ ਚਾਨਣਾ ਪਾਇਆ। ਉਹਨਾਂ ਅੱਗੇ ਕਿਹਾ ਕਿ ਅਧਿਆਪਕਾਂ ਨੇ ਸਕੂਲਾਂ ਵਿੱਚ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਬੜੀ ਮਿਹਨਤ ਕੀਤੀ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਲੋਕਾਂ ਦਾ ਝੁਕਾਅ ਵੀ ਵਧਿਆ ਹੈ।

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ ਅਤੇ ਵੱਖ-ਵੱਖ ਬੀਪੀਈਓਜ਼ ਨੇ ਕਿਹਾ ਕਿ ਅਧਿਆਪਕ ਹੋਣ ਦਾ ਭਾਵ ਸਿਰਫ਼ ਜਮਾਤ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰਨਾ ਜਾਂ ਕਿਤਾਬੀ ਗਿਆਨ ਦੇਣਾ ਹੀ ਨਹੀਂ ਸਗੋਂ ਉਸ ਤੋਂ ਕਿਤੇ ਵੱਧ ਬੱਚਿਆਂ ਨੂੰ ਵਿਚਾਰਸ਼ੀਲ ਅਤੇ ਕਲਪਨਾਸ਼ੀਲ ਬਣਾਉਣਾ ਹੈ ਅਤੇ ਸਮਾਜਿਕ ਚੁਣੌਤੀਆਂ ਦੇ ਨਾਲ ਜੂਝਣ ਲਈ ਤਿਆਰ ਕਰਨਾ ਹੈ। ਅਧਿਆਪਕ ਹਮੇਸ਼ਾ ਗਿਆਨ ਗੰਗਾ ਨੂੰ ਚਲਾਉਂਦਾ ਰਹਿੰਦਾ ਹੈ।

ਅਧਿਆਪਕ ’ਚ ਵਿਦਿਆਰਥੀਆਂ ’ਚ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਨੂੰ ਸਮਝਣ ਦਾ ਢੁੱਕਵਾਂ ਲਚਕੀਲਾਪਨ ਵੀ ਹੋਣਾ ਚਾਹੀਦਾ ਹੈ। ਪੜ੍ਹਾਈ ਦਾ ਅਰਥ ਸਿਰਫ ਬੱਚਿਆਂ ਦੇ ਦਿਮਾਗ ਨੂੰ ਤੇਜ਼ ਕਰਨਾ ਹੀ ਨਹੀਂ, ਉਨ੍ਹਾਂ ਦੇ ਦਿਲਾਂ ’ਤੇ ਹਾਂਪੱਖੀ ਅਸਰ ਛੱਡਣਾ ਵੀ ਹੈ, ਜਿਸ ਨੂੰ ਸਿਰਫ਼ ਅਧਿਆਪਕ ਹੀ ਯਕੀਨੀ ਬਣਾ ਸਕਦੇ ਹਨ। ਸਾਡੇ ਬੱਚੇ ਸਾਡੇ ਕੋਲ ਮਹੱਤਵਪੂਰਨ ਕੀਮਤੀ ਜਾਇਦਾਦ ਹਨ।

ਇਸ ਜਾਇਦਾਦ ਨੂੰ ਨਵੇਂ ਖੰਭ ਦੇਣ ’ਚ ਸਮਾਜ ਅਤੇ ਸਰਕਾਰ ਦੇ ਇਲਾਵਾ ਅਧਿਆਪਕ ਦੀ ਮਹੱਤਵਪੂਰਨ ਭੂਮਿਕਾ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਬੀਪੀਈਓ ਕੁਲਦੀਪ ਸਿੰਘ, ਬੀਪੀਈਓ ਨਰੇਸ਼ ਪਨਿਆੜ, ਬੀਪੀਈਓ ਪੰਕਜ ਅਰੋੜਾ, ਬੀਪੀਈਓ ਰਾਕੇਸ਼ ਠਾਕੁਰ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਰਾਜੇਸ਼ ਡੋਗਰਾ, ਰਾਜੇਸ਼ ਸ਼ਰਮਾ, ਤਰੁਣ ਪਠਾਨੀਆ, ਮਲਕੀਤ ਸਿੰਘ, ਰਾਜੇਸ਼ ਕੁਮਾਰ, ਮੁਨੀਸ਼ ਗੁਪਤਾ, ਧੀਰਜ, ਸੁਮਿਤ, ਲਲਿਤਾ, ਨੀਲਮ, ਰੀਨਾ, ਮਨਦੀਪ, ਅਸ਼ਵਨੀ, ਦੁਸ਼ਯੰਤ ਜੋਸ਼ੀ, ਬਲਕਾਰ ਅੱਤਰੀ ਆਦਿ ਹਾਜ਼ਰ ਸਨ।