ਵੱਡੀ ਖ਼ਬਰ: ਪਟਿਆਲਾ ‘ਚ ਸੂਰਾਂ ਨੂੰ ਲੱਗੀ ਨਵੀਂ ਬਿਮਾਰੀ, ਪੂਰੇ ਪੰਜਾਬ ਨੂੰ ‘ਕੰਟਰੋਲਡ ਖੇਤਰ’ ਐਲਾਨਿਆ

407

 

  • ਆਈ.ਸੀ.ਏ.ਆਰ-ਕੌਮੀ ਉਚ ਰੱਖਿਆ ਪਸ਼ੂ ਰੋਗ ਸੰਸਥਾ ਭੋਪਾਲ ਵੱਲੋਂ ਬੀਮਾਰੀ ਸਬੰਧੀ ਕੀਤੀ ਗਈ ਪੁਸ਼ਟੀ

ਪੰਜਾਬ ਨੈੱਟਵਰਕ, ਚੰਡੀਗੜ੍ਹ

ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਇਥੇ ਦੱਸਿਆ ਕਿ ਆਈ.ਸੀ.ਏ.ਆਰ-ਕੌਮੀ ਉਚ ਰੱਖਿਆ ਪਸ਼ੂ ਰੋਗ ਸੰਸਥਾ ਭੋਪਾਲ ਵੱਲੋਂ ਜ਼ਿਲ੍ਹਾ ਪਟਿਆਲਾ ਤੋਂ ਭੇਜੇ ਗਏ ਸੂਰਾਂ ਦੇ ਸੈਂਪਲਾਂ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ (ਏ.ਐਸ.ਐਫ.) ਦੀ ਪੁਸ਼ਟੀ ਤੋਂ ਬਾਅਦ “ਜਾਨਵਰਾਂ ਵਿੱਚ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ, 2009” ਦੇ ਅਧਿਆਇ-3 ਦੀ ਧਾਰਾ-6 ਅਧੀਨ ਪੂਰੇ ਪੰਜਾਬ ਨੂੰ “ਕੰਟਰੋਲਡ ਖੇਤਰ” ਐਲਾਨਿਆ ਗਿਆ ਹੈ ਤਾਂ ਜੋ ਸੂਚੀਬੱਧ ਬੀਮਾਰੀ ਅਫ਼ਰੀਕਨ ਸਵਾਈਨ ਫ਼ੀਵਰ ਦੀ ਰੋਕਥਾਮ, ਕੰਟਰੋਲ ਅਤੇ ਖ਼ਾਤਮਾ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਸ਼ੂ ਪਾਲਣ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸੇ ਐਕਟ ਦੇ ਅਧਿਆਏ-3 ਦੀ ਧਾਰਾ 20 ਅਧੀਨ ਜ਼ਿਲ੍ਹਾ ਪਟਿਆਲਾ ਦੇ “ਪਿੰਡ ਬਿਲਾਸਪੁਰ” ਅਤੇ “ਸਨੌਰੀ ਅੱਡਾ ਪਟਿਆਲਾ” ਦੇ ਖੇਤਰਾਂ ਨੂੰ ਇਸ ਬੀਮਾਰੀ ਦੇ “ਕੇਂਦਰ” ਵਜੋਂ ਨੋਟੀਫ਼ਾਈ ਕੀਤਾ ਗਿਆ ਹੈ।

ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਵੱਲੋਂ “ਅਫ਼ਰੀਕਨ ਸਵਾਈਨ ਫ਼ੀਵਰ ਦੇ ਕੰਟਰੋਲ ਅਤੇ ਖ਼ਾਤਮੇ ਲਈ ਕੌਮੀ ਕਾਰਜ ਯੋਜਨਾ (ਜੂਨ 2020)” ਦੇ ਅਧਿਆਏ 7 ਅਤੇ 8 ਦੀ ਪਾਲਣਾ ਕਰਦੇ ਹੋਏ ਇਨ੍ਹਾਂ ਖੇਤਰਾਂ ਨੂੰ “ਇਨਫ਼ੈਕਟਿਡ ਜ਼ੋਨ” (ਬੀਮਾਰੀ ਦੇ ਕੇਂਦਰ ਦੇ ਆਲੇ-ਦੁਆਲੇ 0-1 ਕਿਲੋਮੀਟਰ ਖੇਤਰ) ਅਤੇ “ਸਰਵੀਲੈਂਸ ਜ਼ੋਨ” (ਬੀਮਾਰੀ ਦੇ ਕੇਂਦਰ ਦੇ ਆਲੇ ਦੁਆਲੇ 1-10 ਕਿਲੋਮੀਟਰ ਖੇਤਰ) ਐਲਾਨਿਆ ਗਿਆ ਹੈ।

ਮੰਤਰੀ ਨੇ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੋਈ ਵੀ ਜ਼ਿੰਦਾ/ਮਰਿਆ ਸੂਰ (ਜੰਗਲੀ ਸੂਰਾਂ ਸਮੇਤ), ਨਾਨ-ਪ੍ਰੋਸੈਸਡ ਸੂਰ ਦਾ ਮੀਟ, ਸੂਰ ਪਾਲਣ ਫਾਰਮ/ਬੈਕਯਾਰਡ ਸੂਰ ਪਾਲਣ ਤੋਂ ਕੋਈ ਵੀ ਫੀਡ ਜਾਂ ਸਮੱਗਰੀ/ਸਾਮਾਨ ਇਨਫ਼ੈਕਟਿਡ ਜ਼ੋਨ ਤੋਂ ਬਾਹਰ ਨਾ ਲਿਜਾਇਆ ਜਾਵੇਗਾ, ਨਾ ਹੀ ਜ਼ੋਨ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਸੂਚੀਬੱਧ ਬੀਮਾਰੀ ਨਾਲ ਸੰਕ੍ਰਮਿਤ ਕਿਸੇ ਵੀ ਸੂਰ ਜਾਂ ਸੂਰ ਉਤਪਾਦ ਨੂੰ ਮਾਰਕੀਟ ਵਿੱਚ ਨਹੀਂ ਲਿਆਵੇਗਾ ਅਤੇ ਨਾ ਹੀ ਲਿਆਉਣ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਰ ਜਾਂ ਇਸ ਨਾਲ ਸਬੰਧਤ ਸਾਮਾਨ ਦੀ ਅੰਤਰ-ਰਾਜੀ ਆਵਾਜਾਈ ‘ਤੇ ਸਖ਼ਤੀ ਨਾਲ ਪਾਬੰਦੀ ਲਗਾਈ ਗਈ ਹੈ।