ਪੰਜਾਬ ਦੇ ਖੇਤਾਂ ‘ਚੋਂ ਹਟਾਏ ਜਾਣਗੇ ਖੰਭੇ; ਹੁਣ ਮਿਲੇਗੀ ਅੰਡਰਗਰਾਊਂਡ ਬਿਜਲੀ- CM ਮਾਨ ਦਾ ਵੱਡਾ ਐਲਾਨ

 

ਪੰਜਾਬ ਦੇ ਖੇਤਾਂ ‘ਚੋਂ ਹਟਾਏ ਜਾਣਗੇ ਖੰਭੇ; ਹੁਣ ਮਿਲੇਗੀ ਅੰਡਰਗਰਾਊਂਡ ਬਿਜਲੀ- CM ਮਾਨ ਦਾ ਐਲਾਨ

ਭਗਵੰਤ ਮਾਨ ਦਾ ਸਰਹੰਦ ਤੋਂ ਧਮਾਕੇਦਾਰ ਸੰਬੋਧਨ, “ਸਾਡੀ ਸਟੇਜ ਤੋਂ ਕੁਰਸੀ ਨਹੀਂ, ਲੋਕਾਂ ਦੇ ਇਲਾਜ ਤੇ ਕਿਸਾਨੀ ਦੇ ਫ਼ਿਕਰ ਦੀ ਹੁੰਦੀ ਹੈ ਗੱਲ”

Punjab Network

ਸਰਹੰਦ/ਫ਼ਤਹਿਗੜ੍ਹ ਸਾਹਿਬ, 28 ਮਾਰਚ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਰਹੰਦ ਵਿਖੇ ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਮੌਕੇ ਇੱਕ ਵੱਡੇ ਜਨਤਕ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਭਾਸ਼ਣ ਵਿੱਚ ਜਿੱਥੇ ਵਿਰੋਧੀਆਂ ਵਿਰੁੱਧ ਤਿੱਖੇ ਤੇਵਰ ਨਜ਼ਰ ਆਏ, ਉੱਥੇ ਹੀ ਪੰਜਾਬ ਦੇ ਵਿਕਾਸ ਲਈ ਕਈ ਵੱਡੇ ਐਲਾਨ ਵੀ ਕੀਤੇ ਗਏ।

ਕਿਸਾਨੀ ਲਈ ਵੱਡੀ ਸੌਗਾਤ- ਅੰਡਰਗਰਾਊਂਡ ਬਿਜਲੀ ਦਾ ਐਲਾਨ

ਕਿਸਾਨੀ ਮੁੱਦਿਆਂ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਦੋ ਵੱਡੇ ਐਲਾਨ ਕੀਤੇ। ਕਿਸਾਨਾਂ ਨੂੰ ਹੁਣ ਰਾਤਾਂ ਦੀ ਨੀਂਦ ਖ਼ਰਾਬ ਕਰਕੇ ਖੇਤਾਂ ਵਿੱਚ ਪਾਣੀ ਲਾਉਣ ਦੀ ਲੋੜ ਨਹੀਂ, ਉਨ੍ਹਾਂ ਨੂੰ ਦਿਨ ਵੇਲੇ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।

ਖੇਤਾਂ ਵਿੱਚੋਂ ਖੰਭੇ ਹਟਾ ਕੇ ਅੰਡਰਗਰਾਊਂਡ ਬਿਜਲੀ ਸਪਲਾਈ ਦੀ ਨਵੀਂ ਸਕੀਮ ਲਿਆਂਦੀ ਜਾ ਰਹੀ ਹੈ, ਤਾਂ ਜੋ ਅੱਗ ਲੱਗਣ ਜਾਂ ਖੰਭਿਆਂ ਕਾਰਨ ਹੁੰਦੇ ਹਾਦਸਿਆਂ ਤੋਂ ਫ਼ਸਲਾਂ ਨੂੰ ਬਚਾਇਆ ਜਾ ਸਕੇ।

ਲੀਡਰਾਂ ਦੀ ਨਹੀਂ, ਲੋਕਾਂ ਦੀ AAP ਪਾਰਟੀ

ਮਾਨ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਆਮ ਘਰਾਂ ਵਿੱਚੋਂ ਨਿਕਲੇ ਲੋਕਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਟੇਜਾਂ ਤੋਂ ਸਿਰਫ਼ ਕੁਰਸੀ ਬਚਾਉਣ ਦੀ ਸਿਆਸਤ ਹੁੰਦੀ ਹੈ, ਜਦਕਿ ‘ਆਪ’ ਦੀ ਸਟੇਜ ਲੋਕਾਂ ਦੀਆਂ ਬਿਮਾਰੀਆਂ (ਸ਼ੂਗਰ, ਗੁਰਦੇ) ਦੇ ਇਲਾਜ, ਬੱਚਿਆਂ ਦੀ ਸਿੱਖਿਆ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਹਿਸਾਬ-ਕਿਤਾਬ ਲਈ ਸਮਰਪਿਤ ਹੈ।

ਮੁੱਖ ਮੰਤਰੀ ਨੇ ਸੁਖਬੀਰ ਬਾਦਲ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਲੋਕਾਂ ਨੂੰ “ਪੰਜਾਬ ਨੂੰ ਸੁਖਬੀਰ ਤੋਂ ਬਚਾਉਣ” ਦਾ ਹੋਕਾ ਦਿੱਤਾ। ਉਨ੍ਹਾਂ ਇਲਜ਼ਾਮ ਲਾਇਆ ਕਿ ਜਿਸ ‘ਤੱਕੜੀ’ ਨੂੰ ਲੋਕਾਂ ਨੇ ਸ਼ਰਧਾ ਨਾਲ ਵੋਟਾਂ ਪਾਈਆਂ ਸਨ, ਸੁਖਬੀਰ ਬਾਦਲ ਹੋਰਾਂ ਨੇ ਉਸ ਵਿੱਚ ‘ਚਿੱਟਾ’ ਤੋਲ ਕੇ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ।

ਮਾਨ ਨੇ ਗੰਭੀਰ ਇਲਜ਼ਾਮ ਲਾਇਆ ਕਿ ਬਾਦਲ ਪਰਿਵਾਰ ਧਰਮ ਅਤੇ ਗੋਲਕਾਂ ਦੇ ਪੈਸੇ ਦੀ ਦੁਰਵਰਤੋਂ ਕਰਕੇ ਪੰਜਾਬ ਦੇ ਹਿੱਤਾਂ ਨੂੰ ਖਾ ਗਿਆ ਹੈ। ਬਰਗਾੜੀ ਅਤੇ ਕੋਟਕਪੂਰਾ ਕਾਂਡ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਲੋਕ ਕਦੇ ਮੁਆਫ਼ ਨਹੀਂ ਕਰਨਗੇ।

ਬੇਅਦਬੀ ਵਿਰੁੱਧ ‘ਉਮਰ ਕੈਦ’ ਦੀ ਸਜ਼ਾ

ਧਾਰਮਿਕ ਅਦਬ ਨੂੰ ਯਕੀਨੀ ਬਣਾਉਣ ਲਈ CM ਮਾਨ ਨੇ ਐਲਾਨ ਕੀਤਾ ਕਿ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਹੈ। ‘ਗੁਰੂ ਗ੍ਰੰਥ ਸਾਹਿਬ ਐਕਟ’ ਵਿੱਚ ਸੋਧ ਕਰਕੇ ਬੇਅਦਬੀ ਕਰਨ ਵਾਲਿਆਂ ਲਈ ਘੱਟੋ-ਘੱਟ 10 ਸਾਲ ਦੀ ਸਜ਼ਾ ਅਤੇ ਵੱਧ ਤੋਂ ਵੱਧ ਉਮਰ ਕੈਦ ਦਾ ਕਾਨੂੰਨੀ ਪ੍ਰਬੰਧ ਕੀਤਾ ਜਾਵੇਗਾ।

CM ਮਾਨ ਨੇ ਕਾਂਗਰਸ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਉੱਥੇ ਵਰਕਰ ਤਾਂ ਮੁੱਕ ਗਏ ਹਨ, ਪਰ ਮੁੱਖ ਮੰਤਰੀ ਦੇ 8-9 ਦਾਅਵੇਦਾਰ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਹਾਈਕਮਾਂਡ ਨੂੰ ਪੰਜਾਬ ਦੇ ਇਨ੍ਹਾਂ ਆਗੂਆਂ ਦੇ ਨਾਮ ਤੱਕ ਨਹੀਂ ਪਤਾ।

ਮਾਨ ਨੇ ਆਪਣੇ ਸੰਬੋਧਨ ਦੇ ਅੰਤ ਵਿੱਚ ਭਰੋਸਾ ਦਿੱਤਾ ਕਿ ਉਹ ਵਿਰੋਧੀਆਂ ਦੀਆਂ ਗਾਲਾਂ ਤੋਂ ਨਹੀਂ ਡਰਦੇ ਅਤੇ ਉਨ੍ਹਾਂ ਦਾ ਇੱਕੋ-ਇੱਕ ਟੀਚਾ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣਾ ਹੈ।