ਫਿਰੋਜ਼ਪੁਰ ਦੇ 33 ਪ੍ਰਾਇਮਰੀ ਅਧਿਆਪਕਾਂ ਨੂੰ ਮਿਲੀ ਤਰੱਕੀ

234

 

ਪੰਜਾਬ ਨੈੱਟਵਰਕ, ਫਿਰੋਜ਼ਪੁਰ –

ਪੰਜਾਬ ਸਰਕਾਰ, ਸਿੱਖਿਆ ਵਿਭਾਗ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਰੋਸ਼ਨੀ ਵਿੱਚ ਜਿਲ੍ਹਾ ਫਿਰੋਜਪੁਰ ਦੇ ਸਿੱਖਿਆ ਅਧਿਕਾਰੀਆਂ ਨੇ ਜਿਲ੍ਹੇ ਅੰਦਰ ਕੰਮ ਕਰਦੇ 33 ਪ੍ਰਾਇਮਰੀ ਅਧਿਆਪਕਾਂ ਨੂੰ ਸਰਕਾਰੀ ਸੇਵਾ ਵਿੱਚ ਤਰੱਕੀ ਦੇਣ ਦੇ ਹੁੱਕਮ ਜਾਰੀ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ(ਐ.ਸਿ) ਰਾਜੀਵ ਛਾਬੜਾ ਨੇ ਦੱਸਿਆ ਕਿ ਸਰਕਾਰ ਅਤੇ ਵਿਭਾਗ ਦੇ ਆਦੇਸ਼ਾ ਤਹਿਤ ਅਧਿਆਪਕਾਂ ਦੀ ਸਮਾਂ ਬੱਧ ਤਰੱਕੀ ਯਕੀਨੀ ਬਣਾਉਂਦੇ ਹੋਏ ਜਿਲ੍ਹੇ ਅੰਦਰ ਕੰਮ ਕਰਦੇ 32 ਈ.ਟੀ.ਟੀ ਅਧਿਆਪਕਾਂ ਨੂੰ ਬਤੋਰ ਹੈੱਡ ਟੀਚਰ ਤਰੱਕੀ ਦਿੱਤੀ ਗਈ ਹੈ ਜਦੋ ਕਿ 1 ਹੈੱਡ ਟੀਚਰ ਨੂੰ ਬਤੋਰ ਸੈਂਟਰ ਮੁੱਖ ਅਧਿਆਪਕ ਤਰੱਕੀ ਦਿੱਤੀ ਗਈ ਹੈ।

ਉਨ੍ਹਾ ਦੱਸਿਆ ਕਿ ਸਬੰਧਤ ਅਧਿਆਪਕਾਂ ਨੂੰ ਸਟੇਸ਼ਨ ਅਲਾਟਮੈਂਟ ਬਾਅਦ ਵਿੱਚ ਕੀਤੀ ਜਾਵੇਗੀ ਅਤੇ ਫਿਲਹਾਲ ਸਬੰਧਤ ਕਰਮਚਾਰੀ ਅਪਣੇ ਪੁਰਾਣੇ ਸਟੇਸ਼ਨ ਤੇ ਹੀ ਕੰਮ ਕਰਨਗੇ। ਵਧੇਰੇ ਜਾਣਕਾਰੀ ਦਿੰਦੇ ਹੋਏ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਸੁਖਵਿੰਦਰ ਸਿੰਘ ਨੇ ਦੱਸਿਆ ਕੇ ਤਰੱਕੀ ਪ੍ਰਕਿਰਿਆ ਦੋਰਾਨ ਸਕਰੀਨਿੰਗ ਕਮੇਟੀ ਦੇ ਸਨਮੁੱਖ 12 ਕਰਮਚਾਰੀਆਂ ਵੱਲੋ ਤਰੱਕੀ ਲੈਣ ਤੋ ਇਨਕਾਰ ਕੀਤਾ ਗਿਆ ਜਿਨ੍ਹਾ ਨੂੰ 2 ਸਾਲ ਲਈ ਡੀਬਾਰ ਕਰ ਦਿੱਤਾ ਗਿਆ ਹੈ।

ਉਨ੍ਹਾ ਦੱਸਿਆ ਕਿ ਤਰੱਕੀ ਪ੍ਰਾਪਤ ਕਰਨ ਵਾਲੇ ਕੁੱਲ 33 ਅਧਿਆਪਕਾਂ ਵਿੱਚੋ 18 ਅਨੁਸੂਚਿਤ ਜਾਤੀ , 3 ਅੰਗਹੀਣ ਅਤੇ 11 ਜਨਰਲ ਵਰਗ ਨਾਲ ਸਬੰਧਤ ਹਨ। ਉਨ੍ਹਾ ਦੱਸਿਆ ਕਿ ਜਿਲ੍ਹੇ ਅੰਦਰ ਲੰਬਿਤ ਅਨੁਸੂਚਿਤ ਜਾਤੀ ਦੇ 18 ਅਤੇ ਅੰਗਹੀਣ ਕੈਟਾਗਿਰੀ ਦੀਆਂ 3 ਅਸਾਮੀਆਂ ਦਾ ਬੈਕਲਾਗ ਪੂਰਾ ਕਰ ਦਿੱਤਾ ਗਿਆ ਹੈ। ਤਰੱਕੀ ਦੇ ਹੁਕਮ ਜਾਰੀ ਕਰਨ ਉਪਰੰਤ ਜਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋ ਸਮੂਹ ਅਧਿਆਪਕਾਂ ਨੂੰ ਇਸ ਨਵੀਂ ਮਿਲੀ ਜਿੰਮੇਵਾਰੀ ਲਈ ਸ਼ੁਭ ਕਾਮਨਾਵਾਂ ਦਿੱਤੀਆ ਗਈਆ।