ਲੋਕ ਪੱਖੀ ਪੱਤਰਕਾਰਾਂ ‘ਤੇ ਮੋਦੀ ਸਰਕਾਰ ਦੇ ਹਮਲੇ ਖਿਲਾਫ ਚੰਡੀਗੜ੍ਹ ‘ਚ PSU (ਲਲਕਾਰ) ਅਤੇ ਨੌਜਵਾਨ ਭਾਰਤ ਸਭਾ ਵੱਲੋਂ ਰੋਸ ਮੁਜਾਹਰਾ

157

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਚੰਡੀਗੜ੍ਹ ਦੇ ਸੈਕਟਰ 17 ਵਿੱਚ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਦਿੱਲੀ ਵਿੱਚ ਕਈ ਪੱਤਰਕਾਰਾਂ ਦੇ ਘਰਾਂ ਵਿੱਚ ਮਾਰੀ ਛਾਪੇਮਾਰੀ ਕਤੇ ਉਹਨਾਂ ਨੂੰ ਹਿਰਾਸਤ ਵਿੱਚ ਲੈਣ ਦੀ ਅੱਤ ਨਿੰਦਣਯੋਗ ਘਟਨਾ ਖ਼ਿਲਾਫ਼ ਰੋਸ ਮੁਜਾਹਰਾ ਕੀਤਾ ਗਿਆ।

ਵੱਖ ਵੱਖ ਬੁਲਾਰਿਆਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਆਜਾਦਾਨਾ ਪੱਤਰਕਾਰੀ ਉੱਪਰ ਲਗਾਤਾਰ ਜਾਰੀ ਹੈ। ਵੱਡੇ ਮੀਡੀਆ ਘਰਾਣਿਆਂ ਨੂੰ ਆਪਣੀ ਮੁੱਠੀ ਵਿੱਚ ਕਰਨ ਤੋਂ ਬਾਅਦ ਹੁਣ ਯੂਨੀਅਨ ਦੀ ਭਾਜਪਾ ਸਰਕਾਰ ਉਹਨਾਂ ਸਾਰੇ ਛੋਟੇ ਵੱਡੇ ਪੱਤਰਕਾਰਾਂ ਦੀ ਅਵਾਜ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹਨਾਂ ਨੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਉੱਤੇ ਲਗਾਤਾਰ ਸਵਾਲ ਚੁੱਕਿਆ ਤੇ ਲੋਕਾਂ ਦਾ ਪੱਖ ਚੁਣਿਆ ਹੈ।

ਜਿਹਨਾਂ ਪੱਤਰਕਾਰਾਂ ਉੱਤੇ ਕੱਲ੍ਹ ਦਿੱਲੀ ਪੁਲਸ ਵੱਲੋਂ ਛਾਪਾ ਮਾਰਿਆ ਗਿਆ ਹੈ ਉਹ ਦਹਾਕਿਆਂ ਤੋਂ ਲੋਕ ਪੱਖੀ ਪੱਤਰਕਾਰੀ ਲਈ ਜਾਣੇ ਜਾਂਦੇ ਹਨ ਤੇ ਹਮੇਸ਼ਾ ਸਰਕਾਰਾਂ ਨੂੰ ਸ਼ੀਸ਼ਾ ਦਿਖਾਉਂਦੇ ਰਹੇ ਹਨ। ਇਹਨਾਂ ਪੱਤਰਕਾਰਾਂ ਕੋਲ਼ੋਂ ਉਚੇਚੇ ਤੌਰ ਉੱਤੇ ਖੇਤੀ ਕਾਨੂੰਨਾਂ ਖਿਲਾਫ਼ ਚੱਲੇ ਸੰਘਰਸ਼, ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਲਹਿਰ, ਦਿੱਲੀ ਦੰਗਿਆਂ ਆਦਿ ਬਾਰੇ ਕੀਤੀ ਰਿਪੋਰਟਿੰਗ ਸਬੰਧੀ ਸਵਾਲ ਪੁੱਛਣਾ ਦਿਖਾਉਂਦਾ ਹੈ ਕਿ ਇਹਨਾਂ ਪੱਤਰਕਾਰਾਂ ਨੂੰ ਨਿਸ਼ਾਨੇ ਉੱਤੇ ਲੈਣ ਦਾ ਮੋਦੀ ਸਰਕਾਰ ਦਾ ਬਹਾਨਾ ਹੋਰ ਤੇ ਨਿਸ਼ਾਨਾ ਹੋਰ ਹੈ। ਉਪਰੋਕਤ ਤਿੰਨੇ ਘਟਨਾਵਾਂ ਵਿੱਚ ਇਹਨਾਂ ਪੱਤਰਕਾਰਾਂ ਨੇ ਮੋਦੀ ਹਕੂਮਤ ਦੇ ਲੋਕ ਵਿਰੋਧੀ ਚਿਹਰੇ ਨੂੰ ਲੋਕਾਂ ਸਾਹਮਣੇ ਨਸ਼ਰ ਕੀਤਾ ਸੀ।

ਅਜਿਹੇ ਪੱਤਰਕਾਰਾਂ ਉੱਤੇ ਛਾਪੇਮਾਰੀ ਕਰਕੇ ਭਾਰਤ ਦੀ ਗ੍ਰਹਿ ਵਜਾਰਤ ਅਧੀਨ ਆਉਂਦੀ ਦਿੱਲੀ ਪੁਲਸ ਨਾ ਸਿਰਫ ਇਹਨਾਂ ਪੱਤਰਕਾਰਾਂ ਨੂੰ ਲੋਕ ਸਰੋਕਾਰਾਂ ਨਾਲ਼ ਖੜ੍ਹਨ ਬਦਲੇ ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਗੋਂ ਜਿਹੜੇ ਵੀ ਪੱਤਰਕਾਰ ਅਜਿਹੇ ਲੋਕ ਪੱਖੀ ਸਰੋਕਾਰਾਂ ਨਾਲ਼ ਜੁੜੇ ਹੋਏ ਹਨ ਉਹਨਾਂ ਅੰਦਰ ਵੀ ਡਰ ਪੈਦਾ ਕਰਨਾ ਚਾਹੁੰਦੀ ਹੈ। ਇਸ ਤੋਂ ਸਾਫ ਹੈ ਕਿ ਮੋਦੀ ਸਰਕਾਰ ਦੇਸ਼ ਵਿੱਚ ਸਿਰਫ ਆਪਣਾ ਗੁਣਗਾਨ ਕਰਨ ਵਾਲ਼ਾ ਮੀਡੀਆ ਚਾਹੁੰਦਾ ਹੈ। ਪਹਿਲਾਂ ਹੀ ਮੀਡੀਆ ਅਜਾਦੀ ਦੀ ਸੂਚੀ ਵਿੱਚ ਹੇਠਲੀ ਪੌੜੀ ਉੱਤੇ ਖੜ੍ਹਾ ਮੁਲਕ ਮੋਦੀ ਹਕੂਮਤ ਦੀਆਂ ਅਜਿਹੀਆਂ ਕਾਰਵਾਈਆਂ ਕਾਰਨ ਹੋਰ ਡੂੰਘਾ ਧੱਕਿਆ ਜਾਵੇਗਾ।

ਪੀ.ਐੱਸ.ਯੂ(ਲਲਕਾਰ) ਤੋਂ ਜੋਬਨ, ਨੌਜਵਾਨ ਭਾਰਤ ਸਭਾ ਤੋਂ ਪੁਸ਼ਪਿੰਦਰ, ਪੱਤਰਕਾਰ ਅਰਸ਼ਦੀਪ, ਪੱਤਰਕਾਰ ਮੋਹਨ ਸਿੰਘ ਔਲਖ, ਪ੍ਰੋਫ.ਮਨਜੀਤ, ਜਮਹੂਰੀ ਅਧਿਕਾਰ ਸਭਾ ਤੋਂ ਮਨਦੀਪ, ਬੁੱਧੀਜੀਵੀ ਪਿਆਰੇ ਲਾਲ ਗਰਗ, ਵਰਗ ਚੇਤਨਾ ਤੋਂ ਯਸ਼ਪਾਲ,ਪੱਤਰਕਾਰ ਗੁਰਵਿੰਦਰ ਸਮਾਧ, ਸੰਦੀਪਾ, ਭਾਰਤੀ ਕਿਸਾਨ ਯੂਨੀਅਨ ਚੰਡੀਗੜ੍ਹ ਤੋਂ ਕੁਲਦੀਪ ਨੇ ਇਕੱਠ ਨੂੰ ਸੰਬੋਧਿਤ ਕੀਤਾ।
ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਅਤੇ ਐੱਸ.ਐੱਫ.ਐੱਸ ਨੇ ਮੁਜਾਹਰੇ ਵਿੱਚ ਸ਼ਮੂਲੀਅਤ ਕੀਤੀ।

ਸਾਰਾਹ ਨੇ ਇਨਕਲਾਬੀ ਗੀਤ “ਮੈਂ ਆਕੀ, ਮੈਂ ਬਾਗ਼ੀ” ਪੇਸ਼ ਕੀਤਾ।
ਬੁਲਾਰਿਆਂ ਨੇ ਫੌਰੀ ਤੌਰ ਉੱਤੇ ਲੋਕ ਪੱਖੀ ਪੱਤਰਕਾਰਾਂ ਉੱਤੇ ਹਮਲੇ ਬੰਦ ਕਰਨ ਦੀ ਜੋਰਦਾਰ ਮੰਗ ਕੀਤੀ ਤੇ ਕਿਹਾ ਕਿ ਨਫਰਤ ਫੈਲਾਉਣ ਵਾਲੇ ਵਧੀਕ ਵੱਡੇ ਮੀਡੀਆ ਘਰਾਣਿਆਂ ਤੋਂ ਹਟਕੇ ਲੋਕਾਂ ਦੇ ਮੁੱਦੇ ਚੁੱਕਣ ਵਾਲ਼ੇ ਮੀਡੀਆ ਦਾ ਸ਼ਿਕਾਰ ਕਰਨ ਦੀ ਥਾਂ ਮੋਦੀ ਹਕੂਮਤ ਆਪਣੀ ਪੀੜ੍ਹੀ ਹੇਠ ਸੋਟਾ ਫੇਰੇ ਤੇ ਆਪਣੀਆਂ ਨੌਂ ਸਾਲਾਂ ਦੀਆਂ ਲੋਕਵਿਰੋਧੀ ਨੀਤੀਆਂ ਦਾ ਆਮ ਲੋਕਾਂ ਦੀ ਕਚਹਿਰੀ ਵਿੱਚ ਜਵਾਬ ਦੇਵੇ।