ਸਵਿੰਦਰ ਕੌਰ, ਚੰਡੀਗੜ੍ਹ :
ਪੰਜਾਬ ‘ਚ ਹੁਣ ਜ਼ਮੀਨ ਦਾ ਇੰਤਕਾਰ ਮਹਿੰਗਾ ਹੋ ਗਿਆ ਹੈ। ਸੂਬਾ ਸਰਕਾਰ ਨੇ ਇੰਤਕਾਲ ਦੀ ਫੀਸ 300 ਰੁਪਏ ਤੋਂ ਵਧਾ ਕੇ 600 ਰੁਪਏ ਕਰ ਦਿੱਤੀ ਹੈ। ਬੁੱਧਵਾਰ ਨੂੰ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਫ਼ੈਸਲੇ ਨਾਲ ਸਰਕਾਰ ਨੂੰ ਲਗਪਗ 10 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ। ਮੁੱਖ ਮੰਤਰੀ ਨੇ ਮਾਲੀਆ ਵਿਭਾਗ ਨੂੰ ਜ਼ਮੀਨ ਮਾਲਕਾਂ ਦੇ ਹਿੱਤ ‘ਚ ਸਾਰੇ ਬਕਾਇਆ ਇੰਤਕਾਲ ਨਿਪਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਲਈ ਕਿਹਾ ਹੈ। ਨਾਲ ਹੀ ਦਸਤਾਵੇਜ਼ਾਂ ਨੂੰ ਛੇਤੀ ਪੂਰਿਆਂ ਕਰਨ ਦੇ ਹੁਕਮ ਵੀ ਦਿੱਤੇ ਹਨ। ਇਹ ਮੁੱਦਾ ਕੈਬਨਿਟ ਦੀ ਮੀਟਿੰਗ ਵਿਚ ਕੁਝ ਮੰਤਰੀਆਂ ਨੇ ਹੀ ਉਠਾਇਆ। ਮੰਤਰੀਆਂ ਨੇ ਕਿਹਾ ਕਿ ਕਈ ਇੰਤਕਾਲ ਸਾਲਾਂ ਤੋਂ ਲੰਬਿਤ ਪਏ ਹਨ। ਮੁੱਖ ਮੰਤਰੀ ਨੇ ਮੁੱਖ ਸਕੱਤਰ ਤੇ ਵਿੱਤ ਕਮਿਸ਼ਨਰ (ਮਾਲੀਆ) ਨੂੰ ਇਸ ‘ਤੇ ਕਾਰਵਾਈ ਕਰਨ ਲਈ ਕਿਹਾ ਹੈ। ਸਰਕਾਰ ਨੇ ਸਪੱਸ਼ਟ ਕੀਤਾ ਕਿ ਇਹ ਫੀਸ ਪਿਛਲੀ ਵਾਰ ਅਕਤੂਬਰ 2012 ਵਿਚ ਵਧਾਈ ਗਈ ਸੀ। ਉਦੋਂ ਇਸ ਨੂੰ 150 ਰੁਪਏ ਤੋਂ ਵਧਾ ਕੇ 300 ਰੁਪਏ ਕੀਤਾ ਗਿਆ ਸੀ। ਸੂਬੇ ਦੇ ਖ਼ਜ਼ਾਨੇ ‘ਤੇ ਖ਼ਰਚੇ ਦਾ ਬੋਝ ਵਧਣ ਨਾਲ ਸੂਬਾ ਸਰਕਾਰ ਨੇ ਅੱਠ ਸਾਲ ਬਾਅਦ ਫੀਸ ਵਧਾਈ ਹੈ।
ਹੁਣ ਸਾਬਾਕਾ ਫ਼ੌਜੀ ਛੇ ਵਾਰ ਦੇ ਸਕਣਗੇ ਪੀਸੀਐੱਸ ਪ੍ਰੀਖਿਆ
ਮੁੱਖ ਮੰਤਰੀ ਨੇ ਸਾਬਕਾ ਫ਼ੌਜੀਆਂ ਲਈ ਪੀਸੀਐੱਸ ਦੀ ਪ੍ਰੀਖਿਆ ‘ਚ ਬੈਠਣ ਦੇ ਮੌਕੇ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਸਿਵਲ ਸੇਵਾ ਸੰਯੁਕਤ ਮੁਕਾਬਲਾ ਪ੍ਰੀਖਿਆ ਵਿਚ ਮੌਕਿਆਂ ਦੀ ਗਿਣਤੀ ਵਿਚ ਇਹ ਵਾਧਾ ਹੁਣ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਵੱਲੋਂ ਦਿੱਤੇ ਜਾਣ ਵਾਲੇ ਮੌਕਿਆਂ ਦੇ ਪੈਟਰਨ ਅਨੁਸਾਰ ਕੀਤਾ ਗਿਆ ਹੈ। ਇਸ ਮਨਜ਼ੂਰੀ ਨਾਲ ਜਨਰਲ ਸ਼੍ਰੇਣੀਆਂ ਦੇ ਸਾਬਕਾ ਫ਼ੌਜੀ ਉਮੀਦਵਾਰਾਂ ਨੂੰ ਮੌਜੂਦਾ ਸਮੇਂ ਮਿਲਣ ਵਾਲੇ ਚਾਰ ਮੌਕਿਆਂ ਦੀ ਥਾਂ ਹੁਣ ਛੇ ਮੌਕੇ ਮਿਲਣਗੇ। ਪੱਛੜੀ ਸ਼ੇ੍ਣੀ ਦੇ ਸਾਬਕਾ ਫ਼ੌਜੀ ਉਮੀਦਵਾਰਾਂ ਲਈ ਚਾਰ ਮੌਕਿਆਂ ਨੂੰ ਵਧਾ ਕੇ ਨੌਂ ਮੌਕੇ ਕਰ ਦਿੱਤਾ ਗਿਆ ਹੈ ਜਦਕਿ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਸਾਬਕਾ ਫ਼ੌਜੀਆਂ ਲਈ ਅਣਗਿਣਤ ਮੌਕੇ ਕਰ ਦਿੱਤੇ ਗਏ ਹਨ। ਇਸ ਵਿਚ ਸਾਬਕਾ ਫ਼ੌਜੀਆਂ ਦੀ ਭਰਤੀ ਦੇ 1982 ਦੇ ਨਿਯਮਾਂ ਦੇ ਰੂਲ-5 ਦੀ ਤਰੁੱਟੀ ਵੀ ਦੂਰ ਹੋ ਜਾਵੇਗੀ।