ਪੰਜਾਬ ਦੇ ਸਰਕਾਰੀ ਮਾਸਟਰਾਂ ਨੇ ਜਿੱਤੇ 24 ਮੈਡਲ
ਮਾਸਟਰਜ਼ ਖਿਡਾਰੀਆਂ ਨੇ ਮੈਡਲ ਜਿੱਤ ਕੇ ਪੰਜਾਬ ਅਤੇ ਫ਼ਿਰੋਜ਼ਪੁਰ ਦਾ ਮਾਣ ਵਧਾਇਆ
ਮਾਸਟਰਜ਼ ਖਿਡਾਰੀਆਂ ਨੇ ਪ੍ਰਦਰਸ਼ਨ ਨਾਲ ਦਿੱਤਾ ਪ੍ਰੇਰਣਾਦਾਇਕ ਸੰਦੇਸ਼-ਈਸ਼ਵਰ ਸ਼ਰਮਾ
ਫ਼ਿਰੋਜ਼ਪੁਰ 8 ਫਰਵਰੀ 2026- ਸਵਰਗਵਾਸੀ ਯੁਵਰਾਨੀ ਮਹਿੰਦਰ ਕੁਮਾਰੀ ਦੀ ਪਵਿੱਤਰ ਯਾਦ ਨੂੰ ਸਮਰਪਿਤ 21ਵੀਂ ਰਾਸ਼ਟਰੀ ਓਪਨ ਅਥਲੈਟਿਕਸ ਚੈਂਪੀਅਨਸ਼ਿਪ–2026 ਦਾ ਸ਼ਾਨਦਾਰ ਆਯੋਜਨ ਯੁਵਰਾਨੀ ਐਥਲੈਟਿਕਸ ਐਸੋਸੀਏਸ਼ਨ ਅਲਵਰ (ਰਾਜਸਥਾਨ) ਵੱਲੋਂ ਕੀਤਾ ਗਿਆ। ਇਹ ਚੈਂਪੀਅਨਸ਼ਿਪ ਐਸੋਸੀਏਸ਼ਨ ਦੇ ਪ੍ਰਧਾਨ ਗਜਿੰਦਰ ਸਿੰਘ, ਮੀਤ ਪ੍ਰਧਾਨ ਗੁਰਜੀਤ ਕੌਰ ਅਤੇ ਪ੍ਰੇਮ ਸਿੰਘ ਬਜਰੰਗ ਲਾਲ ਸ਼ਰਮਾ ਦੀ ਅਗਵਾਈ ਹੇਠ ਸਫ਼ਲਤਾਪੂਰਵਕ ਸੰਪੰਨ ਹੋਈ।
ਇਸ ਰਾਸ਼ਟਰੀ ਪੱਧਰੀ ਖੇਡ ਸਮਾਗਮ ਵਿੱਚ ਦੇਸ਼ ਭਰ ਤੋਂ ਵੱਖ-ਵੱਖ ਰਾਜਾਂ ਦੇ ਖਿਡਾਰੀਆਂ ਨੇ ਭਾਗ ਲਿਆ। ਪੰਜਾਬ ਵੱਲੋਂ ਡਿਸਟ੍ਰਿਕਟ ਮਾਸਟਰਜ਼ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਖਿਡਾਰੀਆਂ ਨੇ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਗੁਰਿੰਦਰਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਗਿਣਤੀ ਵਿੱਚ ਮੈਡਲ ਜਿੱਤੇ ਅਤੇ ਪੂਰੇ ਭਾਰਤ ਵਿੱਚ ਪੰਜਾਬ ਦਾ ਮਾਣ ਵਧਾਇਆ।
ਚੈਂਪੀਅਨਸ਼ਿਪ ਦੌਰਾਨ ਵੱਖ-ਵੱਖ ਉਮਰ ਵਰਗਾਂ ਵਿੱਚ ਹੋਈਆਂ ਮੁਕਾਬਲਿਆਂ ਵਿੱਚ ਫ਼ਿਰੋਜ਼ਪੁਰ ਦੇ ਖਿਡਾਰੀਆਂ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਖੇਡ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਮਰ ਵਰਗ 70 ਸਾਲ ਵਿੱਚ ਡਾਕਟਰ ਗੁਰਿੰਦਰਜੀਤ ਸਿੰਘ ਢਿੱਲੋਂ ਨੇ ਡਿਸਕਸ ਥ੍ਰੋ, ਜੈਵਲਿਨ ਥ੍ਰੋ ਅਤੇ ਸ਼ਾਟਪੁੱਟ ਵਿੱਚ ਤਿੰਨੇ ਸੋਨ ਤਮਗੇ ਜਿੱਤ ਕੇ ਸਭ ਦਾ ਧਿਆਨ ਖਿੱਚਿਆ।
ਉਮਰ ਵਰਗ 65 ਸਾਲ ਵਿੱਚ ਸੁਰਜੀਤ ਸਿੰਘ ਸਿੱਧੂ ਨੇ ਹੈਮਰ ਥ੍ਰੋ ਵਿੱਚ ਗੋਲਡ, ਜਦਕਿ ਸ਼ਾਟਪੁੱਟ ਅਤੇ ਡਿਸਕਸ ਥ੍ਰੋ ਵਿੱਚ ਕਾਂਸੀ ਦੇ ਤਮਗੇ ਹਾਸਲ ਕੀਤੇ। ਉਮਰ ਵਰਗ 40 ਸਾਲ ਵਿੱਚ ਪ੍ਰਗਟ ਸਿੰਘ ਗਿੱਲ ਨੇ ਹੈਮਰ ਥ੍ਰੋ, ਡਿਸਕਸ ਥ੍ਰੋ ਅਤੇ ਸ਼ਾਟਪੁੱਟ ਤਿੰਨਾਂ ਹੀ ਈਵੈਂਟਸ ਵਿੱਚ ਗੋਲਡ ਮੈਡਲ ਜਿੱਤ ਕੇ ਕਮਾਲ ਦਾ ਪ੍ਰਦਰਸ਼ਨ ਕੀਤਾ।
ਇਸੇ ਤਰ੍ਹਾਂ ਉਮਰ ਵਰਗ 45 ਸਾਲ ਵਿੱਚ ਹਰਜੀਤ ਸਿੰਘ ਸਿੱਧੂ ਨੇ ਸ਼ਾਟਪੁੱਟ, ਡਿਸਕਸ ਥ੍ਰੋ ਅਤੇ ਜੈਵਲਿਨ ਥ੍ਰੋ ਵਿੱਚ ਤਿੰਨੇ ਸੋਨ ਤਮਗੇ ਜਿੱਤੇ। ਉਮਰ ਵਰਗ 55 ਸਾਲ ਵਿੱਚ ਸਤਿੰਦਰ ਪਾਲ ਸਿੰਘ ਨੇ ਸ਼ਾਟਪੁੱਟ, ਡਿਸਕਸ ਥ੍ਰੋ ਅਤੇ ਹੈਮਰ ਥ੍ਰੋ ਵਿੱਚ ਤਿੰਨ ਗੋਲਡ ਮੈਡਲ ਹਾਸਲ ਕੀਤੇ।
ਉਮਰ ਵਰਗ 60 ਸਾਲ ਵਿੱਚ ਦਲੀਪ ਸਿੰਘ ਨੇ ਲੌਂਗ ਜੰਪ ਅਤੇ ਟ੍ਰਿਪਲ ਜੰਪ ਵਿੱਚ ਗੋਲਡ, ਜਦਕਿ ਹੈਮਰ ਥ੍ਰੋ ਵਿੱਚ ਸਿਲਵਰ ਮੈਡਲ ਜਿੱਤਿਆ। ਉਸਤਾਦ ਹਰਬਿੰਦਰ ਸਿੰਘ ਨੇ ਸ਼ਾਟਪੁੱਟ ਵਿੱਚ ਸਿਲਵਰ, ਡਿਸਕਸ ਥ੍ਰੋ ਵਿੱਚ ਗੋਲਡ ਅਤੇ ਜੈਵਲਿਨ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ। ਉਮਰ ਵਰਗ 65 ਸਾਲ ਵਿੱਚ ਮਾਨ ਸਿੰਘ ਨੇ ਟ੍ਰਿਪਲ ਜੰਪ ਵਿੱਚ ਗੋਲਡ, ਲੌਂਗ ਜੰਪ ਅਤੇ 3000 ਮੀਟਰ ਵਾਕ ਵਿੱਚ ਸਿਲਵਰ ਮੈਡਲ ਜਿੱਤੇ।
ਇਸ ਤਰ੍ਹਾਂ ਪੰਜਬ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਖਿਡਾਰੀਆਂ ਵੱਲੋਂ ਕੁੱਲ 24 ਮੈਡਲ ਜਿੱਤੇ ਗਏ, ਜਿਨ੍ਹਾਂ ਵਿੱਚ 17 ਗੋਲਡ, 4 ਸਿਲਵਰ ਅਤੇ 3 ਕਾਂਸੀ ਦੇ ਤਮਗੇ ਸ਼ਾਮਲ ਹਨ। ਡਿਸਟ੍ਰਿਕਟ ਮਾਸਟਰਜ਼ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਜਨਰਲ ਸਕੱਤਰ ਈਸ਼ਵਰ ਸ਼ਰਮਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫ਼ਲਤਾ ਸਾਲਾਂ ਦੀ ਮਿਹਨਤ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮਾਸਟਰਜ਼ ਖਿਡਾਰੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਮਰ ਕਦੇ ਵੀ ਪ੍ਰਤਿਭਾ ਅਤੇ ਜਜ਼ਬੇ ਨੂੰ ਰੋਕ ਨਹੀਂ ਸਕਦੀ। ਉਨ੍ਹਾਂ ਆਯੋਜਕਾਂ ਦਾ ਧੰਨਵਾਦ ਕਰਦਿਆਂ ਆਸ ਜਤਾਈ ਕਿ ਭਵਿੱਖ ਵਿੱਚ ਵੀ ਫ਼ਿਰੋਜ਼ਪੁਰ ਦੇ ਖਿਡਾਰੀ ਇਸੇ ਤਰ੍ਹਾਂ ਪੰਜਾਬ ਦਾ ਮਾਣ ਵਧਾਉਂਦੇ ਰਹਿਣਗੇ।
ਇਸ ਮੌਕੇ ਗੁਰਦਿਆਲ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਸਿੰਘ ਭਾਵੜਾ ਪ੍ਰੈੱਸ ਸਕੱਤਰ ਐਸੋਸੀਏਸ਼ਨ, ਜਤਿੰਦਰ ਸਿੰਘ ਗੋਪੀ ਔਲਖ, ਬੀ.ਪੀ.ਈ.ਓ ਭੁਪਿੰਦਰ ਸਿੰਘ ਜੋਸਨ, ਸਟੇਟ ਅਵਾਰਡੀ ਅਧਿਆਪਕ ਰਵੀ ਇੰਦਰ ਸਿੰਘ, ਸ਼੍ਰੀ ਅਸ਼ੋਕ ਬਹਿਲ, ਗੁਰਬਚਨ ਸਿੰਘ ਭੁੱਲਰ, ਕੁਲਵੰਤ ਸਿੰਘ, ਅਮਰੀਕ ਸਿੰਘ, ਸਰਬਜੀਤ ਸਿੰਘ ਸਾਬਾ ਇੰਟਰਨੈਸ਼ਨਲ ਅਥਲੀਟ, ਜਸਵਿੰਦਰ ਸਿੰਘ ਸੰਧੂ, ਡਾਕਟਰ ਜੀ.ਐੱਸ.ਸੰਧੂ, ਡਾਕਟਰ ਤਨੇਜਾ, ਕੇਵਲ ਸ਼ਰਮਾ, ਪ੍ਰਭਜੋਤ ਵਿਰਕ, ਕੁਲਵੰਤ ਸਿੰਘ, ਬਿੱਟੂ ਲਾਹੌਰੀਆ, ਸਰਬਜੀਤ ਸਿੰਘ ਸਾਬਾ, ਸੰਤੋਖ ਸਿੰਘ ਸੰਧੂ, ਮਨਪ੍ਰੀਤਮ ਸਿੰਘ,ਅਕਸ਼ ਕੁਮਾਰ ਜ਼ਿਲ੍ਹਾ ਮੈਂਟਰ ਸਪੋਰਟਸ ਨੇ ਜੇਤੂ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ।






