ਪੰਜਾਬ ਸਰਕਾਰ ਵੱਲੋਂ ਦੋ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ- ਸਿੱਖਿਆ ਕ੍ਰਾਂਤੀ ਹੋਈ ਲੀਰੋ ਲੀਰ
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਹੋਈ ਲੀਰੋ ਲੀਰ -ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਪੰਜਾਬ ਸਰਕਾਰ ਵੱਲੋਂ ਦੋ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਕੇ ਸਿੱਖਿਆ ਕ੍ਰਾਂਤੀ ਦੀ ਕੱਢੀ ਫੂਕ ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ ਪਟਿਆਲਾ
ਪਟਿਆਲਾ 03 ਅਪ੍ਰੈਲ 2026 – ਪੰਜਾਬ ਸਰਕਾਰ ਜਿੱਥੇ ਆਪਣੇ ਚਾਰ ਸਾਲਾਂ ਦੇ ਕਾਰਜ ਕਾਲ ਦੌਰਾਨ ਸਿੱਖਿਆ ਕ੍ਰਾਂਤੀ ਦੀ ਦੁਹਾਈ ਪਾ ਰਹੀ ਹੈ, ਉੱਥੇ ਹੀ ਉਨ੍ਹਾਂ ਵੱਲੋਂ ਚਲਾਈ ਸਿੱਖਿਆ ਕ੍ਰਾਂਤੀ ਦੇ ਝੂਠ ਦੀ ਪੰਡ ਪਟਿਆਲੇ ਦੇ ਦੋ ਸਰਕਾਰੀ ਪ੍ਰਾਇਮਰੀ ਸਕੂਲਾਂ ਕੋਲੋਂ ਆਪਣੀ ਜਗ੍ਹਾ ਨਾ ਹੋਣ ‘ਤੇ ਪੰਜਾਬ ਸਰਕਾਰ ਵੱਲੋਂ ਬੰਦ ਕਰਨ ਦੀ ਨੀਅਤ ਨਾਲ ਨੋਟਿਸ ਕੱਢਿਆ ਗਿਆ ਹੈ।
ਇਸ ਤੋਂ ਪਹਿਲਾਂ ਵੀ ਪਟਿਆਲੇ ਦਾ ਦੀਪ ਨਗਰ ਸਰਕਾਰੀ ਪ੍ਰਾਇਮਰੀ ਸਕੂਲ ਵੀ ਆਪਣੀ ਬਿਲਡਿੰਗ ਨਾ ਹੋਣ ਕਰਕੇ ਗੁਰਦੁਆਰਾ ਸ਼੍ਰੀ ਕੰਬਲੀ ਵਾਲਿਆਂ ਵਿਖੇ ਚੱਲ ਰਿਹਾ ਹੈ।
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਝੂਠ ਦਾ ਪਰਦਾ ਅੱਜ ਫਾਸ਼ ਹੋ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਸਰਕਾਰੀ ਸਕੂਲਾਂ ਨੂੰ ਆਪਣੀਆਂ ਬਿਲਡਿੰਗਾਂ ਨਹੀਂ ਦਿਵਾ ਸਕੇ। ਉਨ੍ਹਾਂ ਕਿਹਾ ਕਿ 1963 ਤੋਂ ਚੱਲ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਨਿਰਮਾਣ ਆਸ਼ਰਮ ਹਜ਼ਾਰਾਂ ਬੱਚਿਆਂ ਨੂੰ ਵਿੱਦਿਆ ਦਾ ਗਿਆਨ ਦੇ ਚੁੱਕਿਆ ਹੈ ਪਰ ਹੁਣ ਸਰਕਾਰ ਛੇਤੀ ਬੰਦ ਕਰਨ ਜਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਨਿਰਮਾਣ ਆਸ਼ਰਮ ਦੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਕੈਂਪ ਆਫਿਸ ਦੇ ਨਾਲ ਸਾਂਝੀ ਦੀਵਾਰ ਹੈ, ਖਦਸ਼ਾ ਜਾਹਰ ਹੋ ਰਿਹਾ ਹੈ ਕਿ ਜਿਵੇਂ ਪੰਚਾਇਤ ਭਵਨ ਨੂੰ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਆਪਣਾ ਕੈਂਪ ਆਫਿਸ ਬਣਾ ਕੇ ਵਰਤਿਆ ਜਾ ਰਿਹਾ ਹੈ।
ਉਸੇ ਢੰਗ ਨਾਲ ਸਕੂਲ ਦੀ ਬਿਲਡਿੰਗ ਨੂੰ ਵੀ ਕਿਸੇ ਗੈਰ-ਜ਼ਰੂਰੀ ਕੰਮਾਂ ਲਈ ਵਰਤਿਆ ਜਾਵੇਗਾ। ਇਹ ਸਕੂਲ ਉਨ੍ਹਾਂ ਦੀ ਰਿਹਾਇਸ਼ ਤੋਂ ਵੀ ਬਸ 100 ਮੀਟਰ ਦੀ ਲਗਭਗ ਦੂਰੀ ‘ਤੇ ਸਥਿਤ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਿੰਨੇ ਵੀ ਡਿਪਟੀ ਕਮਿਸ਼ਨਰ ਪਟਿਆਲੇ ਵਿੱਚ ਆਏ, ਉਹ ਆਪ ਜਾ ਕੇ ਭੱਠਿਆਂ ‘ਤੇ ਬੱਚਿਆਂ ਦੀ ਗਿਣਤੀ ਵਧਾਉਣ ਲਈ ਤਤਪਰ ਦਿੱਸੇ। ਉਨ੍ਹਾਂ ਵੱਲੋਂ ਭੱਠਿਆਂ ਉੱਪਰ ਬੱਚਿਆਂ ਦੇ ਆਰਜ਼ੀ ਪ੍ਰਬੰਧ ਤਹਿਤ ਬੈਂਬੋ ਸਕੂਲ ਚਲਾਏ ਗਏ।
ਪਰ ਹੁਣ ਨਵੇਂ ਨਿਯੁਕਤ ਹੋਏ ਡੀਸੀ ਵੱਲੋਂ ਚਲਦੇ ਚੰਗੇ ਹਾਲਾਤ ਵਿੱਚ ਤੇ ਵਧੀਆ ਗਿਣਤੀ ਵਿੱਚ ਪੜ੍ਹ ਰਹੇ ਬੱਚਿਆਂ ਦੇ ਸਕੂਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਇਹ ਸਕੂਲਾਂ ਨੂੰ ਬੰਦ ਕਰਦੀ ਹੈ ਤਾਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਸ ਦੇ ਖਿਲਾਫ ਸਕੂਲ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਨਾਲ ਲੈ ਕੇ ਇੱਕ ਵੱਡਾ ਸੰਘਰਸ਼ ਉਲੀਕੇਗੀ।
ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਖੰਗੂੜਾ, ਜੁਗਪ੍ਰਗਟ ਸਿੰਘ, ਹਰਵਿੰਦਰ ਸਿੰਘ ਖੱਟੜਾ, ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੋਰ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ ਸਾਥੀ ਹਾਜ਼ਰ ਰਹੇ।






