Punjab News: ਸਿੱਖਿਆ ਵਿਰੋਧੀ ਨੀਤੀਆਂ ਖਿਲਾਫ਼ DTF ਵੱਲੋਂ 15 ਜ਼ਿਲ੍ਹਿਆਂ ‘ਚ ਰੈਲੀਆਂ ਕਰਕੇ ਫੂਕੀ ਪੰਜਾਬ ਸਰਕਾਰ ਦੀ ਅਰਥੀ

288

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ 15 ਡਿਪਟੀ ਕਮਿਸ਼ਨਰ ਦਫਤਰਾਂ ਦੇ ਗੇਟਾਂ ਅੱਗੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ, ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ, ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਔਜਲਾ, ਸੂਬਾ ਜਥੇਬੰਦਕ ਸਕੱਤਰ ਕਰਨੈਲ ਚਿੱਟੀ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ,ਸੂਬਾ ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਸੂਬਾ ਕਮੇਟੀ ਮੈਂਬਰਾਂ ਰੇਸ਼ਮ ਬਠਿੰਡਾ, ਲਖਵੀਰ ਮੁਕਤਸਰ, ਕਰਮਜੀਤ ਤਾਮਕੋਟ, ਦਲਜੀਤ ਸਮਰਾਲਾ, ਸੁਖਪਾਲ ਜੀਤ ਮੋਗਾ ,ਦਾਤਾ ਨਮੋਲ, ਰਾਜਦੀਪ ਸੰਧੂ, ਚਰਨਜੀਤ ਕਪੂਰਥਲਾ, ਗਗਨ ਪਾਹਵਾ, ਅਵਤਾਰ ਲਾਲ, ਸ਼ਬੀਰ ਖਾਂ, ਸੁਖਵਿੰਦਰ ਪਾਲ, ਜਗਵਿੰਦਰ ਗਰੇਵਾਲ, ਪਰਵਿੰਦਰ ਸਿੰਘ, ਤਲਵਿੰਦਰ ਪਟਿਆਲਾ, ਕੁਲਦਰਸ਼ਨ ਸਿੰਘ,ਜਗਵੀਰਨ ਕੌਰ, ਬਲਰਾਮ ਸ਼ਰਮਾ, ਹਰਭਗਵਾਨ ਗੁਰਨੇ, ਬੇਅੰਤ ਬੁਰਜ, ਹਰਜਿੰਦਰ ਅਨੂਪਗੜ੍ਹ , ਹਰਜੀਤ ਸੁਧਾਰ ਦੀ ਅਗਵਾਈ ਹੇਠ ਬਠਿੰਡਾ, ਮੁਕਤਸਰ, ਮਾਨਸਾ, ਲੁਧਿਆਣਾ, ਮੋਗਾ, ਸੰਗਰੂਰ, ਜਲੰਧਰ, ਫਿਰੋਜ਼ਪੁਰ, ਕਪੂਰਥਲਾ, ਮਾਲੇਰਕੋਟਲਾ, ਫਰੀਦਕੋਟ, ਗੁਰਦਾਸਪੁਰ, ਪਠਾਨਕੋਟ, ਪਟਿਆਲਾ, ਫਤਿਹਗੜ੍ਹ ਸਾਹਿਬ ਵਿਖੇ ਵਿਸ਼ਾਲ ਰੈਲੀਆਂ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ।

ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਗੁਰਮੀਤ ਕੋਟਲੀ ਨੇ ਕਿਹਾ ਕਿ ਅੱਜ ਅਧਿਆਪਕ ਦਿਵਸ ਦੇ ਮੌਕੇ ‘ਤੇ ਜਿੱਥੇ ਪੰਜਾਬ ਸਰਕਾਰ ਸੂਬਾ ਪੱਧਰ ‘ਤੇ ਪ੍ਰੋਗਰਾਮ ਕਰਕੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਦਾ ਖੇਖਣ ਕਰ ਰਹੀ ਹੈ ਉੱਥੇ ਉਸ ਦੇ ਸਮਾਨਾਂਤਰ ਜਥੇਬੰਦੀ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰ ‘ਤੇ ਸਰਕਾਰ ਦੇ ਅਰਥੀ ਫੂਕ ਰੋਸ ਮੁਜਾਹਰੇ ਕਰਕੇ ਸਰਕਾਰ ਦੇ ਕੰਨਾਂ ਤੱਕ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਪਹੁੰਚਾਉਣਾ ਚਾਹੁੰਦੀ ਹੈ ਤਾਂ ਜੋ ਅਧਿਆਪਕਾਂ ਦਾ ਮਾਨ-ਸਨਮਾਨ ਹਕੀਕੀ ਰੂਪ ਵਿੱਚ ਬਹਾਲ ਹੋ ਸਕੇ।

ਡੀ.ਟੀ.ਐੱਫ. ਬੀਤੀ 8 ਅਗਸਤ ਨੂੰ ਅਧਿਆਪਕਾਂ ਦੀਆਂ ਭਖਵੀਂਆਂ ਮੰਗਾਂ ਸਬੰਧੀ ਵਿਸ਼ਾਲ ਰੈਲੀਆਂ ਕਰਕੇ ਮੰਗ-ਪੱਤਰ ਡਿਪਟੀ ਕਮਿਸਨਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਪਹੁੰਚਾਏ ਸਨ। ਇਹ ਪ੍ਰੋਗਰਾਮ ਵੀ ਸੂਬੇ ਭਰ ਵਿੱਚ ਹੋਏ ਸੀ ਪ੍ਰੰਤੂ ਇਸ ਪ੍ਰੋਗਰਾਮ ਤੋਂ ਬਾਅਦ ਸਰਕਾਰ ਦੇ ਕੰਨ ‘ਤੇ ਜੂੰਅ ਨਹੀਂ ਸਰਕੀ।

ਉਲਟਾ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ 2020 ਨੂੰ ਜ਼ੋਰ-ਸ਼ੋਰ ਨਾਲ ਲਾਗੂ ਕਰਨ ਦੇ ਮਕਸਦ ਨਾਲ ਵੱਡੇ ਪੱਧਰ ‘ਤੇ ਸਕੂਲਾਂ ਦੀ ਕਲੱਬਿੰਗ ਕਰਨ ਅਤੇ ਅਧਿਆਪਕਾਂ ਦੀ ਜ਼ਬਰੀ ਰੇਸ਼ਨਾਲਾਈਜੇਸ਼ਨ ਕਰਨ ਦੇ ਸੰਕੇਤ ਦਿੱਤੇ ਜਾ ਰਹੇ ਹਨ ਜੋ ਕਿ ਜਨਤਕ ਸਿੱਖਿਆ ਲਈ ਮਾਰੂ ਹੋਣ ਦੇ ਨਾਲ-ਨਾਲ ਅਧਿਆਪਕਾਂ ਨੂੰ ਵੱਡੇ ਪੱਧਰ ‘ਤੇ ਵਿਸਥਾਪਿਤ ਕਰੇਗੀ ਅਤੇ ਆਉਣ ਵਾਲੇ ਕਈ ਸਾਲਾਂ ਤੱਕ ਨਵੇਂ ਅਧਿਆਪਕਾਂ ਦੀਆਂ ਭਰਤੀਆਂ ਦਾ ਰਾਹ ਬੰਦ ਕਰੇਗੀ।

ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਰਿਟਾਇਰ ਹੋਏ ਅਧਿਆਪਕਾਂ ਨੂੰ ਵਿਜਟਿੰਗ ਫੈਕਲਟੀ ਦੇ ਤੌਰ ‘ਤੇ ਰੱਖਣ ਦੇ ਸਿੱਖਿਆ ਵਿਰੋਧੀ ਅਤੇ ਰੁਜ਼ਗਾਰ ਵਿਰੋਧੀ ਕਦਮ ਦੇ ਵਿਰੋਧ ਵਿੱਚ,ਸਰਕਾਰੀ ਮੁਲਾਜ਼ਮਾਂ ਦੇ ਵਿਰੋਧ ਕਰਨ ਦੇ ਸੰਵਿਧਾਨਕ ਅਧਿਕਾਰ ਨੂੰ ਕੁਚਲਣ ਲਈ ਲਾਗੂ ਕੀਤੇ ‘ਐਸਮਾ’ ਕਾਨੂੰਨ ਦੇ ਵਿਰੋਧ ਵਿੱਚ ਅਤੇ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਜਿਵੇਂ ਕਿ ਕੱਚੇ ਅਧਿਆਪਕਾਂ, ਕੰਪਿਊਟਰ ਅਧਿਆਪਕਾਂ, ਐੱਨ.ਐੱਸ.ਕਿਊ.ਐੱਫ. ਅਧਿਆਪਕਾਂ ਨੂੰ ਸਾਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਨ, ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਹੋਰ ਭੱਤੇ ਜਾਰੀ ਕਰਵਾਉਣ।

ਪ੍ਰਬੀਨਤਾ ਤਰੱਕੀ ਸਕੀਮ 3-7-11-15 ਸਾਲਾ ਲਾਗੂ ਕਰਵਾਉਣ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ, ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ ਕੇਂਦਰੀ ਪੇਅ ਸਕੇਲ ਦੀ ਥਾਂ ਪੰਜਾਬ ਪੇਅ ਸਕੇਲ ਲਾਗੂ ਕਰਵਾਉਣ, ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਜਾਰੀ ਕਰਵਾਉਣ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਵਾਉਣ, 15.01.2015 ਦਾ ਪਰੋਬੇਸ਼ਨ ਦੌਰਾਨ ਸਿਰਫ ਬੇਸਿਕ ਪੇਅ ਦੇਣ ਦਾ ਪੱਤਰ ਰੱਦ ਕਰਵਾਉਣ ਆਦਿ ਦੇ ਹੱਕ ਵਿੱਚ ਅੱਜ ਇਹ ਅਰਥੀ ਫੂਕ ਰੋਸ ਪ੍ਰਦਰਸ਼ਨ ਕੀਤੇ ਗਏ ਹਨ।

ਰੈਲੀਆਂ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਲ ਹੋਏ। ਬੁਲਾਰਿਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਆਪਣਾ ਮੁਲਾਜ਼ਮ ਵਿਰੋਧੀ ਰਵੱਈਆ ਨਾ ਸੁਧਾਰਿਆ ਅਤੇ ਅਧਿਆਪਕਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨਾ ਜਾਰੀ ਰੱਖਿਆ ਤਾਂ ਉਹਨਾਂ ਦਾ ਸੰਘਰਸ਼ ਭਵਿੱਖ ਵਿੱਚ ਹੋਰ ਤਿੱਖੇ ਰੂਪ ਅਖਤਿਆਰ ਕਰੇਗਾ।