- ਅਨਾਜ ਮੰਡੀਆਂ ਵਿੱਚ ਫਸਲ ਦੀ ਖਰੀਦ ਦੇ ਪ੍ਰਬੰਧ ਮੁਕੰਮਲ ਨਹੀਂ ਹੋਏ: ਜਗਰਾਜ ਹਰਦਾਸਪੁਰਾ
ਦਲਜੀਤ ਕੌਰ, ਮਹਿਲ ਕਲਾਂ
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਬਲਾਕ ਮਹਿਲ ਕਲਾਂ ਵੱਲੋਂ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਕੱਤਰ ਨੂੰ ਮਿਲ ਕੇ ਪਿੰਡਾਂ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਲਈ ਕੀਤੇ ਗਏ ਅਧੂਰੇ ਪ੍ਰਬੰਧਾਂ ਤੋਂ ਜਾਣੂ ਕਰਾਇਆ।
ਜ਼ਿਲ੍ਹਾ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਅਤੇ ਬਲਾਕ ਦੇ ਜਰਨਲ ਸਕੱਤਰ ਸਤਨਾਮ ਸੱਤਾ ਮੂੰਮ ਨੇ ਕਿਹਾ ਕਿ ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਪਰ ਮੰਡੀਆਂ ਵਿੱਚ ਅਜੇ ਤੱਕ ਨਾ ਤਾਂ ਸਫ਼ਾਈ ਹੋਈ ਹੇੈ ਅਤੇ ਨਾ ਹੀ ਲਾਈਟਾਂ ਆਦਿ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।
ਇੱਕ ਪਾਸੇ ਪੰਜਾਬ ਸਰਕਾਰ ਵਾਅਦੇ ਕਰ ਰਹੀ ਹੈ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ ਪਰ ਦੂਜੇ ਪਾਸੇ ਸਰਕਾਰ ਵੱਲੋਂ ਮੰਡੀਆਂ ਵਿੱਚ ਵਿਜ਼ੀਲੈਂਸ ਭੇਜ ਕੇ ਕਿਸਾਨਾਂ ਨੂੰ ਖੱਜਲ ਖੁਆਰ ਕੀਤੇ ਜਾਣ ਦੀਆਂ ਪੂਰੀਆਂ ਸੰਭਾਵਨਾ ਹਨ।
ਮੰਡੀਆਂ ਵਿੱਚ ਵਿਜ਼ੀਲੈਂਸ ਦੀਆਂ ਟੀਮਾਂ ਭੇਜ ਕੇ ਕਿਸਾਨਾਂ ਦੀ ਫ਼ਸਲ ਰੁਲਣ ਦੇ ਖਦਸੇ ਦੀ ਜੱਥੇਬੰਦੀ ਪੁਰਜ਼ੋਰ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲ ਖੁਆਰੀ ਹੋਈ ਤਾਂ ਜੱਥੇਬੰਦੀ ਵੱਡੀ ਪੱਧਰ ਤੇ ਸੰਘਰਸ਼ ਕਰੇਗੀ।
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨਿਊਜ਼ ਕਲਿੱਕ ਦੀ ਪੱਤਰਕਾਰਾਂ ਨੂੰ ਕੇਸ ਪਾ ਕੇ ਜੇਲਾਂ ਵਿੱਚ ਬੰਦ ਕਰਕੇ ਪ੍ਰੈੱਸ ਦੀ ਅਜ਼ਾਦੀ ਦਾ ਘਾਣ ਕਰ ਰਹੀ ਹੈ ਡੰਡੇ ਦੇ ਜ਼ੋਰ ਨਾਲ ਸੱਚ ਨੂੰ ਦਬਾ ਨਹੀਂ ਸਕਦੀ।
ਇਸ ਸਮੇਂ ਅਮਨਦੀਪ ਰਾਏਸਰ, ਜੱਗਾ ਸਿੰਘ ਮਹਿਲ ਕਲਾਂ, ਜਗਸੀਰ ਰਾਏਸਰ, ਗੋਰਾ ਰਾਏਸਰ, ਲਖਵੀਰ ਰਾਏਸਰ ਆਦਿ ਆਗੂ ਹਾਜ਼ਰ ਸਨ। ਆਗੂਆਂ ਨੇ 11 ਅਕਤੂਬਰ ਨੂੰ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੇ 13ਵੇਂ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ।
ਸਾਰੀਆਂ ਪਿੰਡ ਇਕਾਈਆਂ ਨੂੰ ਹਦਾਇਤ ਕੀਤੀ ਕਿ ਜਲਦ ਹੀ ਜ਼ਮੀਨੀ ਘੋਲ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੇ ਸ਼ਰਧਾਂਜਲੀ ਸਮਾਗਮ ਦੇ ਪੋਸਟਰ ਪਿੰਡਾਂ ਦੀਆਂ ਸੱਥਾਂ ਵਿੱਚ ਲਗਾ ਦਿੱਤੇ ਜਾਣ ਅਤੇ 11 ਅਕਤੂਬਰ ਨੂੰ ਚੱਕ ਅਲੀਸ਼ੇਰ ਵੱਲ ਕਾਫ਼ਲੇ ਬੰਨ੍ਹ ਕੇ ਪੁੱਜਣ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ।