Punjab News: ਕਿਸਾਨਾਂ ਨੇ ਬਿਜਲੀ ਅਤੇ ਬੀਜ ਬਿੱਲ ਖਿਲਾਫ਼ ਕੀਤਾ ਰੋਸ ਮਾਰਚ

 

Punjab News: ਕਿਸਾਨਾਂ ਨੇ ਬਿਜਲੀ ਅਤੇ ਬੀਜ ਬਿੱਲ ਖਿਲਾਫ਼ ਕੀਤਾ ਰੋਸ ਮਾਰਚ, 16 ਜਨਵਰੀ ਨੂੰ ਜਿਲ੍ਹਾ ਪੱਧਰੇ ਧਰਨੇ ਵਿੱਚ ਸ਼ਮੂਲੀਅਤ ਦਾ ਸੱਦਾ ਦਿੱਤਾ

Punjab Network

ਮਮਦੋਟ, 2 ਜਨਵਰੀ 2026-

Punjab News- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ ਅਤੇ ਨੌਜਵਾਨਾਂ ਨੇ ਮਮਦੋਟ ਬਜ਼ਾਰ ਤੋਂ ਸ਼ੁਰੂ ਕਰਕੇ ਭੱਟੀਆਂ, ਰਹੀਮਕੇ, ਸੱਦਰਕੇ, ਛਾਂਗਾਖੁਰਦ, ਕੋਠੇ ਕਿੱਲੀ, ਕਾਕੜਾ, ਨਿਆਜੀਆਂ, ਲੱਖਾਹਾਜੀ, ਪੋਜੋਕੇ, ਨਿਹੰਗਾਂ ਵਾਲਾ ਮੋੜ, ਫੱਤੇਵਾਲਾ, ਮੱਬੋਕੇ, ਬੁਰਜੀ ਅਤੇ ਬੈਂਕੇ ਵਾਲਾ ਤੱਕ ਮੋਟਰਸਾਈਕਲ ਮਾਰਚ ਕੀਤਾ ਗਿਆ।

ਇਸ ਮਾਰਚ ਦੀ ਅਗਵਾਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਮਮਦੋਟ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਰੋਡੇ ਵਾਲ, ਰੇਸ਼ਮ ਸਿੰਘ ਹਜਾਰਾ ਅਤੇ ਕਿਸਾਨ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਭੁੱਲਰ ਨੇ ਕੀਤੀ। ਅੱਜ ਦੇ ਮਾਰਚ ਵਿੱਚ ਬੀਕੇਯੂ ਸਿੱਧੂਪੁਰ ਦੇ ਜਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਮੱਬੋਕੇ ਵੀ ਸ਼ਾਮਲ ਹੋਏ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਵਰਗ ਉੱਪਰ ਨਵੇਂ ਹਮਲੇ ਕਰ ਰਹੀ ਹੈ, ਜਿਸਨੂੰ ਲੈ ਕੇ ਪੂਰੇ ਦੇਸ਼ ਵਿੱਚ ਅੰਦੋਲਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਇਕੱਤਰ ਹੋਈਆਂ ਜਥੇਬੰਦੀਆਂ ਵੱਲੋਂ 16 ਜਨਵਰੀ ਨੂੰ ਪੂਰੇ ਦੇਸ਼ ਵਿੱਚ ਡੀ ਸੀ ਦਫਤਰਾਂ ਅੱਗੇ ਇੱਕ ਦਿਨ ਲਈ ਧਰਨੇ ਦਿੱਤੇ ਜਾਣਗੇ।

ਇਸ ਧਰਨੇ ਦੌਰਾਨ ਕਿਸਾਨਾਂ ਦੇ ਕਰਜ਼ੇ ਉੱਪਰ ਲੀਕ ਮਾਰਨ, ਐਮ ਐੱਸ ਪੀ ਦਾ ਗ੍ਰੰਟੀ ਕਾਨੂੰਨ ਬਣਾਉਣ, ਬਿਜਲੀ ਸੋਧ ਬਿੱਲ ਰੱਦ ਕਰਨ, ਬੀਜ ਬਿੱਲ ਰੱਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਚਾਰ ਲੇਬਰ ਕੋਡ ਰੱਦ ਕਰਨ ਅਤੇ ਮਨਰੇਗਾ ਕਾਨੂੰਨ ਨੂੰ ਬਹਾਲ ਕਰਨ ਆਦਿ ਮੁੱਖ ਮੰਗਾਂ ਹੋਣਗੀਆਂ। ਕਿਸਾਨਾਂ ਨੇ ਲੋਕਾਂ ਨੂੰ ਇਹਨਾਂ ਧਰਨਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਆਗੂਆਂ ਨੇ ਦੱਸਿਆ ਕਿ 4 ਜਨਵਰੀ ਨੂੰ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿੱਚ ਮਾਰਚ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਰੋਡੇ ਵਾਲਾ, ਗੁਰਚਰਨ ਸਿੰਘ ਲੱਖਾਹਾਜੀ, ਕੰਧਾਂਰਾ ਸਿੰਘ, ਕਰਮਜੀਤ ਸਿੰਘ ਮੱਬੋਕੇ, ਦਵਿੰਦਰ ਸਿੰਘ, ਨਿਸ਼ਾਨ ਸਿੰਘ, ਹੰਸਾ ਸਿੰਘ ਸੁੰਦਰਵਾਲੇ, ਝੁੱਗੇ ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ ਡੋਟ, ਮਾਲਕੀਤ ਸਿੰਘ, ਗੁਰਸੇਵਕ ਸਿੰਘ, ਬਲਜੀਤ ਸਿੰਘ ਨਿਸ਼ੂ ਫਿਰੋਜ਼ਪੁਰ ਆਦਿ ਆਗੂ ਹਾਜ਼ਰ ਸਨ।