Punjab News: ਪੰਜਾਬ ਦੇ ਅਧਿਆਪਕਾਂ ਦੀ ਜ਼ਬਰੀ ਕੀਤੀ ਜਾ ਰਹੀ ਰੈਸਨੇਲਾਈਜੇਸ਼ਨ!

612

 

ਪੰਜਾਬ ਨੈੱਟਵਰਕ, ਮਾਨਸਾ

ਪੰਜਾਬ ਸਰਕਾਰ ਵੱਲੋਂ ਜ਼ਬਰੀ ਕੀਤੀ ਜਾ ਰਹੀ ਰੈਸਨੇਲਾਈਜੇਸ਼ਨ ਅਤੇ ਅਧਿਆਪਕਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਨਾਂ ਕੀਤੇ ਜਾਣ ਦੇ ਰੋਸ ਵਜੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਭਰ ਵਿਚ ਰੋਸ਼ ਮੁਜ਼ਾਹਰੇ ਕਰੇਗਾ। ਡੀ.ਟੀ.ਐਫ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਜਨਰਲ ਸਕੱਤਰ ਬਲਬੀਰ ਲੌਗੋਵਾਲ ਦੀ ਅਗਵਾਈ ਚ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਹਰਜਿੰਦਰ ਅਨੁਪਗੜ ਨੇ ਇੱਥੇ ਜਾਰੀ ਕੀਤੇ ਪ੍ਰੈਸ ਬਿਆਨ ਵਿਚ ਕਿਹਾ ਕਿ ਆਪ ਸਰਕਾਰ ਅਧਿਆਪਕਾਂ ਦੀ ਜ਼ਬਰੀ ਰੈਸਨੇਲਾਈਜੇਸਨ ਕਰਕੇ ਅਧਿਆਪਕਾਂ ਦੀਆਂ ਅਨੇਕਾਂ ਅਸਾਮੀਆਂ ਦਾ ਖਾਤਮਾ ਕਰਕੇ ਵੱਡਾ ਬਦਲਾਅ ਕਰ ਰਹੀ ਹੈ।

ਆਪ ਸਰਕਾਰ ਵੱਲੋਂ ਧਾਰਨ ਕੀਤੀਆਂ ਅਧਿਆਪਕ ਤੇ ਲੋਕ ਵਿਰੋਧੀ ਨੀਤੀਆਂ ਦਾ ਜ਼ਿਕਰ ਕਰਦਿਆ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪਿਛਲੇ ਲੰਬੇ ਸਮੇਂ ਤੋਂ ਪੇਂਡੂ ਤੇ ਬਾਰਡਰ ਭੱਤੇ ਸਮੇਤ ਮੁਲਾਜ਼ਮਾਂ ਦੇ ਬੰਦ ਕੀਤੇ 37 ਪ੍ਰਕਾਰ ਦੇ ਭੱਤਿਆਂ ਨੂੰ ਚਾਲੂ ਕਰਨ, ਏ.ਸੀ.ਪੀ ਸਕੀਮ ਚਾਲੂ ਕਰਨ,ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਬਕਾਇਆ ਕਿਸਤਾਂ ਦੇਣ ,ਕੰਪਿਊਟਰ ਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਵਿਭਾਗੀ ਤਰੱਕੀਆਂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਹੋਰ ਅਨੇਕਾਂ ਆਰਥਿਕ ਤੇ ਵਿਭਾਗੀ ਮੰਗਾਂ ਲਈ ਸੰਘਰਸ਼ ਕਰਦੀ ਆ ਰਹੀ ਹੈ।

ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਹੀ ਨਹੀ ਦੇ ਰਹੀ। ਇਸ ਕਰਕੇ ਉਹ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਪੰਜਾਬ ਭਰ ਵਿਚ ਮੁਜ਼ਾਹਰੇ ਕਰਕੇ ਰੋਸ਼ ਪ੍ਰਗਟ ਕਰਨਗੇ। ਇਸਤੋਂ ਬਾਅਦ ਵੀ ਜੇਕਰ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਉਹ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਸੂਬਾ ਪੱਧਰੀ ਸੰਘਰਸ਼ ਦਾ ਐਲਾਨ ਕਰਨਗੇ। ਇਸ ਮੌਕੇ ਡੀ ਟੀ ਐਫ ਦੇ ਆਗੂਆਂ ਗੁਰਤੇਜ ਉਭਾ, ਰਾਜਵਿੰਦਰ ਬਹਿਣੀਵਾਲ , ਨਵਜੋਸ਼, ਦਮਨਜੀਤ, ਗੁਰਬਚਨ ਹੀਰੇਵਾਲਾ, ਗੁਰਪ੍ਰੀਤ ਭੀਖੀ ਨੇ ਅਧਿਆਪਕਾ ਨੂੰ ਅਪੀਲ ਕੀਤੀ ਕੇ ਇਸ ਮੁਜ਼ਾਹਰੇ ਵਿਚ ਵੱਢ ਚੜ ਕੇ ਹਿੱਸਾ ਲੈਣ। ਇਸ ਮੌਕੇ ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਹਰਫ਼ੂਲ ਸਿੰਘ, ਤਰਸੇਮ ਸਿੰਘ, ਰਾਜਿੰਦਰਪਾਲ, ਸੁਖਚੈਨ ਸੇਖੋਂ, ਜਗਦੇਵ ਬੋੜਾਵਾਲ, ਜਸਵਿੰਦਰ ਹਾਕਮਵਾਲਾ,ਚਰਨਪਾਲ, ਅਮ੍ਰਿਤਪਾਲ ਖ਼ੈਰਾ ਵੀ ਮੌਜੂਦ ਸਨ।