Punjab News! ਫ਼ਿਰੋਜ਼ਪੁਰ ਤੋਂ “ਖੇਡ ਮੈਦਾਨ-ਹਰ ਪਿੰਡ ਦੀ ਪਹਿਚਾਣ” ਮੁਹਿੰਮ ਦੀ ਹੋਈ ਸ਼ੁਰੂਆਤ

288

 

  • ਮੁੱਖ ਮੰਤਰੀ ਵੱਲੋਂ ਕੀਤਾ ਗਿਆ ਆਗਾਜ਼, ਮੁਹਿੰਮ ਦਾ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨਾ
  • 64 ਪੰਚਾਇਤਾਂ ਵਿੱਚ ਖੇਡ ਮੈਦਾਨ ਬਣਾਏ, 514 ਪੰਚਾਇਤਾਂ ਵੱਲੋਂ ਖੇਡ ਮੈਦਾਨ ਲਈ ਪਾਏ ਗਏ ਮਤੇ
  • ਆਰਮੀ ਅਤੇ ਬੀ.ਐਸ.ਐਫ ਵੱਲੋਂ 200 ਕੋਚ ਦੇਣ ਦੀ ਸਿਧਾਂਤਕ ਪ੍ਰਵਾਨਗੀ

ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ

ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆ ਤਹਿਤ ਫ਼ਿਰੋਜ਼ਪੁਰ ਜ਼ਿਲੇ ਨੇ ਸੂਬੇ ਭਰ ਵਿੱਚ ਅਗਵਾਈ ਕਰਦਿਆਂ ਹੋਈ “ਖੇਡ ਮੈਦਾਨ ਹਰ ਪਿੰਡ ਦੀ ਪਹਿਚਾਣ” ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਮੁਹਿੰਮ ਦਾ ਆਗਾਜ਼ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕੀਤਾ ਗਿਆ।

ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਬੀਤੇ ਕੱਲ੍ਹ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੀ ਨਿਵੇਕਲੀ ਮੁਹਿੰਮ “ਖੇਡ ਮੈਦਾਨ ਹਰ ਪਿੰਡ ਦੀ ਪਹਿਚਾਣ” ਦੀ ਸ਼ੁਰੂਆਤ ਕੀਤੀ ਗਈ।ਇਹ ਮਹਿੰਮ ਬਾਕੀ ਸੂਬੇ ਲਈ ਰਾਹ ਦਸੇਰਾ ਬਣੇਗੀ।ਮੁੱਖ ਮੰਤਰੀ ਤੇ ਖੇਡ ਮੰਤਰੀ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ।

ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰੋਏ ਤੇ ਰੰਗਲੇ ਪੰਜਾਬ ਦੀ ਸਿਰਜਨਾ ਲਈ ਖਿਡਾਰੀ ਪੈਦਾ ਕਰਨ ਅਤੇ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਦੇ ਉਪਰਾਲੇ ਵਿੱਚ ਆਰਮੀ ਤੇ ਬੀ.ਐਸ.ਐਫ. ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਉਪਰਾਲੇ ਦਾ ਇਕ ਹੋਰ ਮਨੋਰਥ ਨੌਜਵਾਨਾਂ ਨੂੰ ਆਰਮੀ ਅਤੇ ਪੰਜਾਬ ਪੁਲਿਸ ਦੀ ਭਰਤੀ ਲਈ ਸਿਖਲਾਈ ਦੇਣਾ ਵੀ ਹੈ।

ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਕੁੱਲ 836 ਪੰਚਾਇਤਾਂ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 64 ਪੰਚਾਇਤਾਂ ਵਿੱਚ ਖੇਡ ਮੈਦਾਨ ਬਣ ਚੁੱਕੇ ਹਨ ਅਤੇ 514 ਪੰਚਾਇਤਾਂ ਦੇ ਮਤੇ ਪਾ ਕੇ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ 258 ਪੰਚਾਇਤਾਂ ਵਿਚੋਂ ਕਿਸੇ ਵੀ ਪੰਚਾਇਤ ਕੋਲ ਜ਼ਮੀਨ ਨਹੀਂ ਹੈ ਫਿਰ ਵੀ ਪਿੰਡਾਂ ਵਿੱਚ ਜਗ੍ਹਾ ਦੀ ਭਾਲ ਕੀਤੀ ਜਾ ਰਹੀ ਹੈ।

ਇਨ੍ਹਾਂ ਖੇਡ ਮੈਦਾਨਾਂ ਦੀ ਚਾਰ-ਦਿਵਾਰੀ ਸਥਾਨਿਕ ਕਿਸਮਾਂ ਦੇ ਰੁੱਖਾਂ ਨਾਲ ਬਣਾਈ ਜਾਵੇਗੀ ਜਿਸ ਨਾਲ ਵਾਤਾਵਰਣ ਵੀ ਸਾਫ-ਸੁਥਰਾ ਹੋਵੇਗਾ। ਇਨ੍ਹਾਂ ਰੁੱਖਾਂ ਦੀ ਭਾਲ ਲਈ 200 ਬੂਟਿਆਂ ਪਿੱਛੇ ਇੱਕ ਵਣ ਮਿੱਤਰ ਮਗਨਰੇਗਾ ਤਹਿਤ ਰੱਖਿਆ ਜਾਵੇਗਾ। ਬੱਚਿਆਂ ਦੀ ਸਿਖਲਾਈ ਲਈ ਆਰਮੀ ਅਤੇ ਬੀ.ਐਸ.ਐਫ ਵੱਲੋਂ 200 ਕੋਚਾਂ ਦੀ ਸਿਧਾਂਤਕ ਪ੍ਰਵਾਨਗੀ ਲੈ ਲਈ ਗਈ ਹੈ ਅਤੇ ਖੇਡਾਂ ਦਾ ਸਮਾਨ ਡੀ.ਐਮ.ਐਫ., ਸੀ.ਐਸ.ਆਰ ਅਤੇ ਐਂਮ.ਪੀ.ਲੈਂਡ ਫੰਡ ਵਿਚੋਂ ਮੁਹੱਈਆ ਕਰਵਾਇਆ ਜਾਵੇਗਾ।

ਹਰ ਖੇਡ ਮੈਦਾਨ ਵਿੱਚ ਮੁੰਡੇ ਅਤੇ ਕੁੜੀਆਂ ਲਈ ਵੱਖ-ਵੱਖ ਪਖਾਨੇ, ਚੇਜਿੰਗ ਰੂਮ ਅਤੇ ਪੀਣ ਦੇ ਪਾਣੀ ਦਾ ਪ੍ਰਬੰਧ ਹੋਵੇਗਾ। ਇਹ ਖੇਡ ਮੈਦਾਨ ਬਣਾਉਣ ਲਈ ਫੰਡਾਂ ਦਾ ਪ੍ਰਬੰਧ ਮਗਨਰੇਗਾ, ਪੰਚਾਇਤ ਫੰਡ, ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਤੇ ਜ਼ਿਲ੍ਹਾ ਖਣਿਜ ਫੰਡਾਂ ਵਿੱਚੋਂ ਕੀਤਾ ਜਾਵੇਗਾ।

ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਆ, ਕਮਿਸ਼ਨਰ ਫਿਰੋਜ਼ਪੁਰ ਮੰਡਲ ਦਲਜੀਤ ਮਾਂਗਟ, ਡੀ.ਆਈ.ਜੀ. ਰਣਜੀਤ ਸਿੰਘ ਢਿੱਲੋਂ, ਡੀ.ਡੀ.ਪੀ.ਓ. ਜਸਵੰਤ ਸਿੰਘ ਬੜੈਚ ਆਦਿ ਹਾਜ਼ਰ ਸਨ।