Punjab News: ਪੰਜਾਬ ਸਰਕਾਰ ਨੇ ਸੰਘਰਸ਼ੀ ਮੁਲਾਜ਼ਮਾਂ ਨੂੰ ਜੇਲ੍ਹਾਂ ‘ਚ ਸੁੱਟਿਆ! ਰੋਡਵੇਜ਼ ਕਾਮਿਆਂ ਨੇ ਵੱਡੇ ਅੰਦੋਲਨ ਦਾ ਐਲਾਨ

 

Punjab News: ਸੂਬੇ ਭਰ ਦੇ ਡਿੱਪੂਆਂ ਅੱਗੇ ਗੇਟ ਰੈਲੀਆਂ ਕਰਕੇ ਸੰਘਰਸ਼ ਦੌਰਾਨ ਜੇਲ੍ਹ ਵਿੱਚ ਬੰਦ ਸਾਥੀਆਂ ਦੀ ਰਿਹਾਈ ਦੇ ਲਈ ਮੰਗ ਕੀਤੀ ਗਈ – ਰੇਸ਼ਮ ਸਿੰਘ ਗਿੱਲ

Punjab News: ਨਿੱਜੀਕਰਨ ਰੋਕਣ ਅਤੇ ਪੱਕੇ ਹੋਣ ਦੀ ਮੰਗ ਕਰਦੇ ਮੁਲਾਜ਼ਮਾਂ ‘ਤੇ ਕੀਤੇ ਗਏ ਨਜਾਇਜ਼ ਪਰਚੇ ਰੱਦ ਕਰੇ ਸਰਕਾਰ – ਜਤਿੰਦਰ ਸਿੰਘ

Punjab News: ਕਾਲੇ ਬਿੱਲੇ ਲਾ ਕੇ ਅਜ਼ਾਦ ਦੇਸ਼ ਵਿੱਚ ਗੁਲਾਮ ਮੁਲਾਜ਼ਮਾਂ ਵਜੋਂ ਡਿਊਟੀਆਂ ਕਰਦੇ ਰੋਸ ਜ਼ਾਹਰ ਕਰਦੇ ਪਨਬਸ/ਪੀ ਆਰ ਟੀ ਸੀ ਮੁਲਾਜ਼ਮ :- ਮੁੱਖਪਾਲ ਸਿੰਘ

Punjab Network

Punjab News, 06/04/2026 –

Punjab News: ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋਂ ਪੰਜਾਬ ਭਰ ਦੇ ਡਿੱਪੂਆਂ ‘ਤੇ ਗੇਟ ਰੈਲੀਆਂ ਕੀਤੀਆਂ ਗਈਆਂ। ਫਿਰੋਜ਼ਪੁਰ ਡਿਪੂ ‘ਤੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਕੱਚੇ ਕਰਮਚਾਰੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ।

ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਟਾਲਮਟੋਲ ਦੀ ਨੀਤੀ ਅਪਣਾਉਂਦੀਆਂ ਰਹੀਆਂ ਹਨ ਪ੍ਰੰਤੂ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਧਰਨਿਆਂ ਵਿੱਚ ਆ ਕੇ ਬੋਲਦੇ ਸੀ ਕਿ ਸਰਕਾਰ ਬਣਨ ਉਪਰੰਤ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ, ਵਿਭਾਗਾਂ ਨੂੰ ਪ੍ਰਫੁੱਲਿਤ ਕਰਾਂਗੇ ਤਾਂ ਪਨਬਸ / ਪੀ.ਆਰ.ਟੀ.ਸੀ ਦੇ ਕੱਚੇ ਕਰਮਚਾਰੀਆਂ ਵੱਲੋਂ ਬੱਸਾਂ ਵਿੱਚ ਵੱਡੇ ਪੱਧਰ ‘ਤੇ ਪ੍ਰਚਾਰ ਕਰਕੇ ਸਰਕਾਰ ਲਿਆਉਣ ਵਿੱਚ ਯੋਗਦਾਨ ਪਾਇਆ ਗਿਆ। ਅੱਜ ਚਾਰ ਸਾਲ ਬੀਤਣ ਦੇ ਬਾਵਜੂਦ ਇੱਕ ਵੀ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਗਿਆ, ਸਿਰਫ ਲਾਰੇ ‘ਤੇ ਲਾਰਾ ਲਾ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਰਕਾਰ ਦੇ ਨਾਲ ਲਗਭਗ 55 ਤੋਂ 60 ਮੀਟਿੰਗਾਂ ਹੋ ਚੁੱਕੀਆਂ ਹਨ, ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਦੇ ਨਾਲ ਵੀ 2-3 ਮੀਟਿੰਗਾਂ ਹੋ ਚੁੱਕੀਆਂ ਹਨ। ਮੁੱਖ ਮੰਤਰੀ ਪੰਜਾਬ ਨੇ 1 ਮਹੀਨੇ ਦੇ ਵਿੱਚ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਸੀ, ਉਸ ਲਿਖਤੀ ਦਿੱਤੇ ਭਰੋਸੇ ਨੂੰ ਵੀ ਅੱਜ 1 ਸਾਲ 6 ਮਹੀਨੇ ਬੀਤ ਚੁੱਕੇ ਹਨ ਪ੍ਰੰਤੂ ਅੱਜ ਤੱਕ ਨਾ ਤਾਂ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਬਣਾਈ ਗਈ ਹੈ ਨਾ ਹੀ ਆਊਟ ਸੌਰਸ ਨੂੰ ਕੰਟਰੈਕਟ ‘ਤੇ ਕਰਨ ਦੀ ਪਾਲਿਸੀ ਬਣਾਈ ਗਈ ਹੈ, ਸਗੋਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਸੰਘਰਸ਼ ਕਰਦੇ ਕਰਮਚਾਰੀਆਂ ‘ਤੇ ਨਜਾਇਜ਼ ਪਰਚੇ ਪਾ ਕੇ 307 ਧਾਰਾਵਾ ਤਹਿਤ ਜੇਲਾਂ ਵਿੱਚ ਸੁੱਟਿਆ ਗਿਆ ਤੇ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੁੱਝ ਸਾਥੀ ਅੱਜ ਵੀ ਸੰਗਰੂਰ ਜੇਲ੍ਹ ਵਿੱਚ ਬੰਦ ਹਨ।

ਸਰਕਾਰ ਵਲੋਂ ਪਹਿਲਾਂ ਪੁਰਾਣੀ ਸਰਕਾਰ ਉੱਪਰ ਬੱਸਾਂ ਦੀਆਂ ਬਾਡੀਆਂ ਦੇ ਇਲਜ਼ਾਮ ਲਗਾਏ ਜਾਂਦੇ ਰਹੇ ਹਨ ਪਰ ਮੌਜੂਦਾ ਸਰਕਾਰ ਨੇ ਇੱਕ ਵੀ ਸਰਕਾਰੀ ਬੱਸ ਨਹੀਂ ਪਾਈ, ਉਲਟਾ ਆਪਣੀਆਂ ਕਮੀਆਂ ਨੂੰ ਲੁਕਾਉਣ ਲਈ ਵਿਭਾਗਾਂ ਵਿੱਚ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਰਾਹੀਂ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਸਰਕਾਰੀ ਬੱਸਾਂ ਦਿਨ ਪ੍ਰਤੀ ਦਿਨ ਘੱਟਦੀਆਂ ਜਾ ਰਹੀਆਂ ਹਨ ਅਤੇ ਟਾਇਰ, ਸਪੇਅਰਪਾਰਟ, ਟਿਕਟ ਮਸ਼ੀਨਾਂ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੱਕ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਹਨ। ਫ੍ਰੀ ਸਫ਼ਰ ਸਹੂਲਤਾਂ ਦੇ 1200 ਕਰੋੜ ਦੇ ਕਰੀਬ ਰੁਪਏ ਪਨਬੱਸ ਅਤੇ ਪੀ.ਆਰ.ਟੀ.ਸੀ ਵਲੋਂ ਸਰਕਾਰ ਪਾਸੋਂ ਬਕਾਇਆ ਰਾਸ਼ੀ ਖੜੀ ਹੈ, ਉਹ ਪੈਸੇ ਦਿੱਤੇ ਜਾਣ ਤਾਂ ਸਾਰੇ ਹੱਲ ਨਿਕਲਦੇ ਹਨ ਪ੍ਰੰਤੂ ਸਰਕਾਰ ਜਾਣਬੁਝ ਕੇ ਟਰਾਂਸਪੋਰਟ ਵਿਭਾਗ ਨੂੰ ਖਤਮ ਕਰਨਾ ਚਾਹੁੰਦੀ ਹੈ।

ਹਰ ਮਹੀਨੇ ਤਨਖਾਹਾਂ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ, ਇਸ ਮਹੀਨੇ ਵੀ ਲੋਹੜੀ ਦਾ ਤਿਉਹਾਰ ਹੈ ਪਰ ਤਨਖਾਹਾਂ ਦੀ ਕੋਈ ਉਮੀਦ ਨਹੀਂ ਹੈ। ਜਰਨਲ ਸਕੱਤਰ ਮੁੱਖਪਾਲ ਸਿੰਘ, ਸਹਾਇਕ ਸੈਕਟਰੀ ਕੰਵਲਜੀਤ ਸਿੰਘ ਮਾਨੋਚਾਹਲ, ਸੁਖਦੇਵ ਸਿੰਘ, ਕੈਸ਼ੀਅਰ ਅਜੈ ਕੁਮਾਰ, ਸਹਾਇਕ ਕੈਸ਼ੀਅਰ ਪਰਮਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਨੂੰ ਲੈ ਕੇ ਵਿਭਾਗਾਂ ਦਾ ਕੀਤਾ ਜਾ ਰਿਹਾ ਨਿੱਜੀਕਰਨ ਦੀ ਲੜਾਈ ਨੂੰ ਲੈ ਕੇ ਕਰਮਚਾਰੀ ਸੰਘਰਸ਼ ਕਰ ਰਹੇ ਸੀ।

ਜਥੇਬੰਦੀ ਆਗੂਆਂ ਨੂੰ ਘਰਾਂ ਤੋਂ ਚੱਕ ਕੇ ਹਿਰਾਸਤ ਵਿੱਚ ਲੈ ਕੇ ਵਰਕਰਾਂ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਕੀਤਾ ਗਿਆ ਤੇ ਵਰਕਰਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਗਈ, ਕਰਮਚਾਰੀਆਂ ਦੇ ਕੱਪੜੇ ਤੱਕ ਪਾੜੇ ਗਏ, ਵਾਲ ਪੁੱਟੇ ਗਏ, 177 ਦੇ ਕਰੀਬ ਕਰਮਚਾਰੀਆਂ ਨੂੰ 5 ਦਿਨ ਬਿਨਾਂ ਕਾਰਨ ਜੇਲ੍ਹ ਵਿੱਚ ਬੰਦ ਕੀਤਾ ਗਿਆ ਅਤੇ 20 ਸਾਥੀਆਂ ਨੂੰ 307 ਤਹਿਤ ਜੇਲ੍ਹ ਵਿੱਚ ਬੰਦ ਕੀਤਾ ਗਿਆ ਜਿਸ ਵਿੱਚੋਂ ਸੰਗਰੂਰ ਵਿਖੇ ਅੱਜ ਵੀ 10 ਸਾਥੀ ਜੇਲ੍ਹ ਵਿੱਚ ਬੰਦ ਹਨ ਅਤੇ ਸ਼ਾਂਤਮਾਈ ਚੱਲ ਰਹੇ ਸੰਘਰਸ਼ ਨੂੰ ਸਰਕਾਰ ਵੱਲੋਂ ਖਦੇੜਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਕਿ ਸਰਕਾਰ ਨੂੰ ਟੇਬਲ ਟਾਕ ਤੇ ਪਰੂਫ ਤੇ ਆਧਾਰ ‘ਤੇ ਹਰ ਇੱਕ ਗੱਲ ਦਾ ਜਵਾਬ ਦੇ ਚੁੱਕੇ ਹਾਂ।

ਜਦੋਂ ਮੈਨੇਜਮੈਂਟ ਤੇ ਸਰਕਾਰ ਦੀ ਕੋਈ ਪੇਸ਼ ਨਹੀਂ ਚੱਲੀ ਤਾਂ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਬਜਾਏ ਤੇ ਵਿਭਾਗ ਦੇ ਵਿੱਚ ਆਪਣੀਆਂ ਬੱਸਾਂ ਪਾਉਣ ਦੀ ਬਜਾਏ ਜਦੋਂ ਕਿ ਵਿਭਾਗ ਦੇ ਵਿੱਚ ਸਰਕਾਰੀ ਬੱਸ ਵੀ ਬੈਂਕਾਂ ਤੋਂ ਲੋਨ ਲੈ ਕੇ ਹੀ ਪਾਉਣੀਆਂ ਹਨ ਉਹ ਨਹੀਂ ਪਾਈਆਂ ਜਾ ਰਹੀਆਂ, ਉਲਟਾ ਕਿਲੋਮੀਟਰ ਸਕੀਮ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਲੋਮੀਟਰ ਸਕੀਮ ਬੱਸਾਂ ਦਾ ਮਾਲਕ ਵੀ ਲੋਨ ‘ਤੇ ਬੱਸ ਖਰੀਦੇ ਹੈ। ਪ੍ਰੰਤੂ ਆਪਣੇ ਚਹੇਤਿਆਂ ਨੂੰ ਫਾਇਦਾ ਦੇਣ ਦੇ ਲਈ ਜ਼ੋਰ ਜ਼ਬਰ ਕੀਤਾ ਗਿਆ ਅਤੇ ਕੱਚੇ ਮੁਲਾਜ਼ਮਾਂ ਨਾਲ ਸਰਕਾਰ ਨੇ ਵਾਅਦਾ ਖਿਲਾਫੀ ਕਰਦਿਆਂ ਲੋਕਾਂ ਦੀਆਂ ਆਵਾਜ਼ ਨੂੰ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਦਬਾਉਣ ਅਤੇ ਲੋਕਤੰਤਰ ਦੇ ਵਿੱਚ ਗੁਲਾਮੀ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਹੀ ਨਹੀਂ ਦਬਾ ਰਹੀ ਬਲਕਿ ਦੇਸ਼ ਦੇ ਥੰਮ ਵਜੋਂ ਕੰਮ ਕਰਦੇ ਪ੍ਰੈਸ ਮੀਡੀਆ, ਸੈਂਸਰ ਮੀਡੀਆ ਤੇ ਇਲੈਕਟਰੋਨਿਕ ਮੀਡੀਆ ‘ਤੇ ਵੀ ਨਜਾਇਜ਼ ਪਰਚੇ ਦਰਜ ਕਰਕੇ ਡਰ ਪੈਂਦਾ ਕਰਕੇ ਪੰਜਾਬ ਦੀ ਸਾਰੀ ਪਬਲਿਕ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਪੰਜਾਬ ਸਰਕਾਰ ਸਰਕਾਰੀ ਵਿਭਾਗਾਂ ਦਾ ਭੋਗ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਸਰਕਾਰੀ ਜ਼ਮੀਨਾਂ ਵੇਚ ਰਹੀ ਹੈ, ਇਸ ਲਈ ਸਮੂੰਹ ਪੰਜਾਬ ਨਿਵਾਸੀਆਂ ਨੂੰ ਵੱਖ-ਵੱਖ ਸਮਾਜਿਕ, ਕਿਸਾਨ, ਮਜ਼ਦੂਰ, ਮੁਲਾਜ਼ਮ, ਸਟੂਡੈਂਟਸ ਅਤੇ ਆਦਿ ਜੁਝਾਰੂ ਜੱਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਟਰਾਂਸਪੋਰਟ ਨੂੰ ਬਚਾਉਣ ਦੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ।

ਮੀਤ ਪ੍ਰਧਾਨ ਰਾਜਿੰਦਰ ਸਿੰਘ, ਸੋਰਵ ਮੈਣੀ, ਗੋਰਵ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਨੇ ਗੇਟ ਰੈਲੀ ‘ਤੇ ਬੋਲਦਿਆਂ ਐਲਾਨ ਕੀਤਾ ਕਿ ਗੇਟ ਰੈਲੀ ਉਪਰੰਤ ਸਮੂਹ ਵਰਕਰ ਕਾਲੇ ਬਿੱਲੇ ਲਾ ਕੇ ਡਿਊਟੀਆਂ ਕਰਨਗੇ ਅਤੇ ਅਜ਼ਾਦ ਦੇਸ਼ ਵਿੱਚ ਸਰਕਾਰ ਵਿਰੁੱਧ ਗੁਲਾਮ ਮੁਲਾਜ਼ਮ ਹੋਣ ਦਾ ਰੋਸ ਜਾਹਰ ਕਰਨਗੇ ਜੇਕਰ ਪਨਬਸ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਅਤੇ ਸੰਗਰੂਰ ਜੇਲ੍ਹ ਵਿੱਚ ਨਜਾਇਜ਼ ਬੰਦ ਸਾਥੀਆਂ ਨੂੰ ਤੁਰੰਤ ਰਿਹਾਅ ਨਹੀਂ ਕੀਤਾ ਗਿਆ ਤਾਂ 09 ਜਨਵਰੀ 2026 ਨੂੰ ਸੰਗਰੂਰ ਬੱਸ ਸਟੈਂਡ ਵਿਖੇ ਸ਼ਾਂਤਮਈ ਭਾਰੀ ਵਿਸ਼ਾਲ ਕਨਵੈਨਸ਼ਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।