- 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਸਿਹਤ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ
ਪੰਜਾਬ ਨੈੱਟਵਰਕ, ਪਟਿਆਲਾ
ਸਥਾਨਕ ਨਹਿਰੂ ਪਾਰਕ ਵਿਖੇ ਜ਼ਿਲ੍ਹਾ ਕਨਵੀਨਰ ਪਟਿਆਲਾ ਸਤਪਾਲ ਸਮਾਣਵੀ ਅਤੇ ਜ਼ਿਲ੍ਹਾ ਕਨਵੀਨਰ ਫਤਹਿਗੜ੍ਹ ਸਾਹਿਬ ਜਗਜੀਤ ਸਿੰਘ ਦੀ ਅਗਵਾਈ ਵਿੱਚ ਪੁਰਾਣੀ ਪੈਨਸ਼ਨ ਫਰੰਟ ਦੀ ਸੰਯੁਕਤ ਜ਼ਿਲਾ ਪੱਧਰੀ ਮੀਟਿੰਗ ਕੀਤੀ ਗਈ।
ਜਿਸ ਵਿੱਚ ਆਪ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਦੇ “ਨੋਟੀਫਿਕੇਸ਼ਨ” ਦੇ ਸਾਲ ਬੀਤਣ ਮਗਰੋਂ ਵੀ ਕਿਸੇ ਵੀ ਐੱਨ.ਪੀ.ਐੱਸ ਮੁਲਾਜ਼ਮ ਦੀ ਕਟੌਤੀ ਬੰਦ ਨਾ ਹੋਣ ਅਤੇ ਜੀ.ਪੀ.ਐੱਫ ਖਾਤੇ ਨਾ ਖੋਲਣ ਦੀ ਸਖ਼ਤ ਨਿਖੇਧੀ ਕੀਤੀ ਗਈ।
ਜਿਸ ਦੇ ਰੋਸ ਵਿੱਚ ਅਤੇ ਪੁਰਾਣੀ ਪੈਨਸ਼ਨ ਨੂੰ ਹਕੀਕੀ ਰੂਪ ਵਿੱਚ ਲਾਗੂ ਕਰਵਾਉਣ ਲਈ ਫਰੰਟ ਵੱਲੋਂ 5 ਨਵੰਬਰ ਨੂੰ ਸੰਗਰੂਰ ਵਿਖੇ ਕੀਤੀ ਜਾਣ ਵਾਲੀ “ਪੈਨਸ਼ਨ ਪ੍ਰਾਪਤੀ ਰੈਲੀ” ਲਈ ਦੋਵੇਂ ਜ਼ਿਲ੍ਹਿਆਂ ਤੋਂ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਵੱਡੀ ਲਾਮਬੰਦੀ ਕਰਨ ਦਾ ਫੈਸਲਾ ਕੀਤਾ ਗਿਆ।
ਫਰੰਟ ਦੇ ਸੂਬਾ ਕਨਵੀਨਰ ਅਤਿੰਦਰਪਾਲ ਸਿੰਘ ਨੇ ਕਿਹਾ ਕਿ ਜਿੱਥੇ ਹਿਮਾਚਲ ਸਰਕਾਰ ਨੇ 1 ਅਪ੍ਰੈਲ ਤੋਂ ਐੱਨ.ਪੀ.ਐੱਸ ਕਟੌਤੀ ਬੰਦ ਕਰਕੇ ਮੁਲਾਜ਼ਮਾਂ ਦੇ ਜੀ.ਪੀ.ਐੱਫ ਖਾਤੇ ਖੋਲ ਕੇ ਪੁਰਾਣੀ ਪੈਨਸ਼ਨ ਲਾਗੂ ਵੀ ਕਰ ਦਿੱਤੀ ਹੈ, ਉੱਥੇ ਬਦਲਾਅ ਦੇ ਦਾਅਵਿਆਂ ਵਾਲੀ ਆਪ ਸਰਕਾਰ ਪਿਛਲੇ ਇੱਕ ਸਾਲ ਤੋਂ ਪੈਨਸ਼ਨ ਦਾ ਵਿਧੀ ਵਿਧਾਨ ਵੀ ਨਹੀੰ ਬਣਾ ਸਕੀ।
ਉਹਨਾਂ ਹੈਰਾਨੀ ਪ੍ਰਗਟਾਈ ਕਿ ਜੂਨ ਮਹੀਨੇ ਵਿੱਚ ਪੰਜਾਬ ਸਰਕਾਰ ਵੱਲੋਂ ਹਿਮਾਚਲ,ਛਤੀਸਗੜ,ਰਾਜਸਥਾਨ ਆਦਿ ਵਿੱਚ ਲਾਗੂ ਹੋਈ ਪੁਰਾਣੀ ਪੈਨਸ਼ਨ ਦੇ ਮਾਡਲ ਨੂੰ ਘੋਖਣ ਲਈ ਭੇਜੀਆਂ ਅਫਸਰਾਂ ਦੀ ਟੀਮਾਂ ਦੀ ਹੁਣ ਤੱਕ ਕੋਈ ਕਾਰਗੁਜ਼ਾਰੀ ਜਾਂ ਰਿਪੋਰਟ ਸਾਹਮਣੇ ਨਹੀਂ ਆਈ।
ਇਸੇ ਤਰਾਂ ਜਨਵਰੀ ਮਹੀਨੇ ਪੁਰਾਣੀ ਪੈਨਸ਼ਨ ਦਾ ਖਰੜਾ ਤਿਆਰ ਕਰਨ ਲਈ ਮੁੱਖ ਸਕੱਤਰ ਦੀ ਅਗਵਾਈ ਵਿੱਚ ਬਣਾਈ ਅਫਸਰਾਂ ਦੀ ਕਮੇਟੀ ਅਤੇ ਮੰਤਰੀਆਂ ਦੀ ਕੈਬਨਿਟ ਸਬ ਕਮੇਟੀ ਵੀ ਲਾਪਤਾ ਹੈ।ਵਿੱਤ ਮੰਤਰੀ “ਪੁਰਾਣੀ ਪੈਨਸ਼ਨ ਲਾਗੂ ਕਰਾਂਗੇ” ਦੇ ਰਟਣ ਮੰਤਰ ਬਿਆਨਾਂ ਨਾਲ਼ ਕੇਵਲ ਸਮਾਂ ਲੰਘਾ ਰਹੇ ਹਨ।
ਇਸ ਲਾਮਬੰਦੀ ਮੁਹਿੰਮ ਤਹਿਤ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਆਪ ਸਰਕਾਰ ਵਿੱਚ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਪਾਸੀ ਰੋਡ ਤੇ ਸਥਿੱਤ ਰਿਹਾਇਸ਼ ਅੱਗੇ ਰੋਸ ਮੁਜ਼ਾਹਰਾ ਕਰਕੇ ਸੰਗਰੂਰ ਰੈਲੀ ਦਾ ਸੰਘਰਸ਼ੀ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ।
ਜ਼ਿਲਾ ਕਮੇਟੀ ਵੱਲੋਂ ਸੀ.ਪੀ.ਐੱਫ ਇੰਪਲਾਈ ਯੂਨੀਅਨ ਦੇ ਸੂਬਾਈ ਆਗੂ ਸੁਖਜੀਤ ਸਿੰਘ ਦੀ ਜਲੰਧਰ ਤੋਂ ਪਠਾਨਕੋਟ ਵਿਖੇ ਕੀਤੀ ਜਬਰੀ ਬਦਲੀ ਦੀ ਨਿਖੇਧੀ ਕਰਦਿਆਂ ਇਸ ਜਬਰੀ ਬਦਲੀ ਨੂੰ ਫ਼ੌਰੀ ਰੱਦ ਕਰਨ ਦੀ ਮੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਡੀ.ਐਮ.ਐਫ ਦੇ ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ,ਫਤਹਿਗੜ੍ਹ ਸਾਹਿਬ ਤੋਂ ਪ੍ਰਿ. ਲਖਵਿੰਦਰ ਸਿੰਘ, ਨਵਜੋਤ ਸਿੰਘ,ਡੀਐਮਐਫ ਦੇ ਜ਼ਿਲਾ ਆਗੂ ਗੁਰਜੀਤ ਘੱਗਾ ਸਮੇਤ ਪਟਿਆਲਾ ਜਿਲ੍ਹੇ ਤੋਂ ਭਰਤ ਕੁਮਾਰ, ਹਰਮਿੰਦਰ ਸਿੰਘ,ਜਗਤਾਰ ਰਾਮ,ਹਰਦੀਪ ਸਿੰਘ,ਦਿਲਬਾਗ ਸਿੰਘ, ਹਰਿੰਦਰ ਸਿੰਘ,ਗਗਨ ਕਾਠਮੱਠੀ, ਚਮਕੌਰ ਸਿੰਘ,ਕ੍ਰਿਸ਼ਨ ਚੁਹਾਣਕੇ,ਰੋਮੀ ਸਫੀਪੁਰ,ਜਗਦੀਪ ਸਿੰਘ ਆਦਿ ਸ਼ਾਮਿਲ ਹੋਏ।