Punjab Weather: ਪੰਜਾਬ ‘ਚ ਭਾਰੀ ਮੀਂਹ ਅਤੇ ਗੜੇਮਾਰੀ ਨੇ ਤੋੜੇ ਰਿਕਾਰਡ! ਫ਼ਸਲਾਂ ਤਬਾਹ

 

Punjab Weather: ਪੰਜਾਬ ‘ਚ ਭਾਰੀ ਮੀਂਹ ਅਤੇ ਗੜੇਮਾਰੀ ਨੇ ਤੋੜੇ ਰਿਕਾਰਡ! ਫ਼ਸਲਾਂ ਤਬਾਹ

ਭਾਰੀ ਮੀਂਹ ਕਣਕ ਦੀ ਫ਼ਸਲ ਲਈ ਇਹ ਆਫ਼ਤ ਬਣ ਕੇ ਵਰ੍ਹਿਆ

ਬਾਰਿਸ਼ ਅਤੇ ਗੜੇਮਾਰੀ ਕਾਰਨ ਪ੍ਰਭਾਵਿਤ ਜ਼ਿਲ੍ਹਿਆਂ ‘ਚ 500 ਤੋਂ ਵੱਧ ਮੁਲਾਜ਼ਮ ਤਾਇਨਾਤ

ਮੁਲਾਜ਼ਮ ਖੇਤਾਂ ਵਿੱਚ ਜਾ ਕੇ ਫ਼ਸਲ ਦੀ ਸਥਿਤੀ ਦਾ ਲੈਣਗੇ ਜਾਇਜ਼ਾ

ਕਿਸਾਨਾਂ ਲਈ ਰਾਹਤ ਦੀ ਖ਼ਬਰ; ਮੌਸਮ ਵਿਭਾਗ ਅਨੁਸਾਰ 14 ਅਪ੍ਰੈਲ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ

Punjab Network

ਚੰਡੀਗੜ੍ਹ, 9 ਅਪ੍ਰੈਲ 2026:

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਈ ਬਾਰਿਸ਼ ਅਤੇ ਹੋਈ ਗੜੇਮਾਰੀ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਜਿੱਥੇ ਇਸ ਮੌਸਮ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਪੱਕਣ ‘ਤੇ ਆਈ ਕਣਕ ਦੀ ਫ਼ਸਲ ਲਈ ਇਹ ਆਫ਼ਤ ਬਣ ਕੇ ਵਰ੍ਹਿਆ ਹੈ।

ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ, ਰੂਪਨਗਰ-38 ਮਿਲੀਮੀਟਰ (ਸਭ ਤੋਂ ਵੱਧ), ਪਠਾਨਕੋਟ-26 ਮਿਲੀਮੀਟਰ (ਭਾਰੀ ਗੜੇਮਾਰੀ ਸਮੇਤ) ਅਤੇ ਮੋਹਾਲੀ-0.5 ਮਿਲੀਮੀਟਰ ਮੀਂਹ ਪਿਆ ਹੈ।

ਮੀਂਹ ਕਾਰਨ ਸੂਬੇ ਦਾ ਔਸਤ ਤਾਪਮਾਨ ਆਮ ਨਾਲੋਂ 7.2 ਡਿਗਰੀ ਸੈਲਸੀਅਸ ਹੇਠਾਂ ਚੱਲ ਰਿਹਾ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 31.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਲੁਧਿਆਣਾ ਅਤੇ ਫ਼ਿਰੋਜ਼ਪੁਰ ਵਿੱਚ ਪਾਰਾ 27 ਡਿਗਰੀ ਦੇ ਆਸ-ਪਾਸ ਰਿਹਾ।

ਗੜੇਮਾਰੀ ਕਾਰਨ ਪ੍ਰਭਾਵਿਤ ਜ਼ਿਲ੍ਹਿਆਂ ‘ਚ 500 ਤੋਂ ਵੱਧ ਮੁਲਾਜ਼ਮ ਤਾਇਨਾਤ

ਲਗਾਤਾਰ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਕਣਕ ਦੀ ਵਾਢੀ ਦੇ ਕੰਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਖੇਤੀਬਾੜੀ ਵਿਭਾਗ ਨੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਕਮਰ ਕੱਸ ਲਈ ਹੈ।

ਸੱਤ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 500 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।ਇਹ ਮੁਲਾਜ਼ਮ ਖੇਤਾਂ ਵਿੱਚ ਜਾ ਕੇ ਫ਼ਸਲ ਦੀ ਸਥਿਤੀ ਦਾ ਜਾਇਜ਼ਾ ਲੈਣਗੇ ਤਾਂ ਜੋ ਨੁਕਸਾਨ ਦਾ ਸਹੀ ਅਨੁਮਾਨ ਲਗਾਇਆ ਜਾ ਸਕੇ।

ਕਿਸਾਨਾਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਮੌਸਮ ਵਿਭਾਗ ਅਨੁਸਾਰ 14 ਅਪ੍ਰੈਲ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਇਸ ਨਾਲ ਵਾਢੀ ਦੇ ਕੰਮ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ।