Tuesday, May 21, 2024
No menu items!
HomeEducationਬੀਪੀਈਓ ਚੀਮਾ 'ਤੇ DTF ਦਾ ਦੋਸ਼! ਅਧਿਆਪਕਾਂ ਨੂੰ 2 ਸਾਲਾਂ ਦੀਆਂ ACR...

ਬੀਪੀਈਓ ਚੀਮਾ ‘ਤੇ DTF ਦਾ ਦੋਸ਼! ਅਧਿਆਪਕਾਂ ਨੂੰ 2 ਸਾਲਾਂ ਦੀਆਂ ACR ਦੀਆਂ ਕਾਪੀਆਂ ਨਹੀਂ ਕਰਵਾਈਆਂ ਮੁਹੱਈਆ- ਸਿੱਖਿਆ ਅਫ਼ਸਰ ਨੇ ਦਿੱਤਾ ਭਰੋਸਾ

 

  • ਡੀ.ਟੀ.ਐੱਫ. ਦਾ ਵਫ਼ਦ ਡਿਪਟੀ ਡੀ.ਈ.ਓ. ਨੂੰ ਮਿਲਿਆ

ਪੰਜਾਬ ਨੈੱਟਵਰਕ, ਸੰਗਰੂਰ

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਦਾ ਵਫ਼ਦ ਡਿਪਟੀ ਡੀ.ਈ.ਓ.(ਸੈ.ਸਿੱ.) ਪ੍ਰੀਤਇੰਦਰ ਘਈ ਨੂੰ ਮਿਲਿਆ। ਵਫਦ ਨੇ ਮੰਗ ਪੱਤਰ ਸੌਂਪਦੇ ਹੋਏ ਡਿਪਟੀ ਡੀ.ਈ.ਓ.(ਸੈ.ਸਿੱ.) ਤੋਂ ਮੰਗ ਕੀਤੀ ਕਿ ਬਲਾਕ ਚੀਮਾ ਦੇ ਬੀ.ਪੀ.ਈ.ਓ. ਨੂੰ ਬਲਾਕ ਦੇ ਅਧਿਆਪਕਾਂ ਨੂੰ ਸਾਲ 2021-22 ਅਤੇ 2022-23 ਦੀਆਂ ਏ.ਸੀ.ਆਰ. ਦੀਆਂ ਕਾਪੀਆਂ ਤੁਰੰਤ ਮੁੱਹਈਆ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ।

ਕਿਉਂਕਿ ਉਕਤ ਬੀ.ਪੀ.ਈ.ਓ. ਵੱਲੋਂ ਇਹ ਮੰਗ ਬੜੇ ਲੰਮੇ ਸਮੇਂ ਤੋਂ ਲਟਕਾਈ ਜਾ ਰਹੀ ਹੈ ਜਿਸ ਕਾਰਨ ਬਲਾਕ ਦੇ ਅਧਿਆਪਕਾਂ ਨੇ ਲੰਘੇ ਦਿਨੀਂ ਇਸ ਅਧਿਕਾਰੀ ਦੇ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਵੀ ਕੀਤਾ ਸੀ।

ਡਿਪਟੀ ਡੀ.ਈ.ਓ.(ਸੈ.ਸਿੱ.) ਨੇ ਤੁਰੰਤ ਬੀ.ਪੀ.ਈ.ਓ. ਨੂੰ ਇਸ ਸਬੰਧੀ ਹਿਦਾਇਤਾਂ ਜਾਰੀ ਕਰਨ ਦਾ ਭਰੋਸਾ ਦਿੱਤਾ। ਨਾਲ ਹੀ ਵਫਦ ਨੇ ਡਿਪਟੀ ਡੀ.ਈ.ਓ.(ਸੈ.ਸਿੱ.) ਦੇ ਧਿਆਨ ਵਿੱਚ ਲਿਆਂਦਾ ਕਿ ਉਕਤ ਬੀ.ਪੀ.ਈ.ਓ. ਵੱਲੋਂ ਬਲਾਕ ਦੇ ਅਧਿਆਪਕਾਂ ਨੂੰ ਜੁਲਾਈ 2021 ਤੋਂ ਨਵੰਬਰ 2021 ਦੀ ਤਨਖਾਹ ਦਾ ਏਰੀਅਰ, ਜੋ ਉਸ ਸਮੇਂ ਲਗਭਗ 40 ਪ੍ਰਤੀਸ਼ਤ ਅਧਿਆਪਕਾਂ ਨੂੰ ਘੱਟ ਮਿਲਿਆ ਸੀ, ਉਸ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ ਗਈ ਹੈ।

ਘਈ ਵੱਲੋਂ ਜਲਦ ਹੀ ਇਸ ਸਬੰਧੀ ਵੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਵਫਦ ਨੇ ਮੰਗ ਕੀਤੀ ਕਿ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਨਵ-ਨਿਯੁਕਤ ਸਫਾਈ ਸੇਵਕਾਂ ਨੂੰ ਉਹਨਾਂ ਦੀ ਤਨਖਾਹ ਦੀ ਅਦਾਇਗੀ,ਜੋ ਲੰਮੇ ਸਮੇਂ ਤੋਂ ਨਹੀਂ ਹੋਈ ਹੈ, ਤੁਰੰਤ ਕੀਤੀ ਜਾਵੇ। ਉਹਨਾਂ ਨੇ ਇਹ ਅਦਾਇਗੀ ਦੇ ਬਿੱਲ ਅਗਲੇ ਦੋ ਦਿਨਾਂ ਵਿੱਚ ਖਜਾਨਾ ਦਫ਼ਤਰ ਪਹੁੰਚਾਉਣ ਦਾ ਭਰੋਸਾ ਦਿੱਤਾ।

ਵਫਦ ਨੇ ਮੰਗ ਕੀਤੀ ਕਿ ਸਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ‘ਬਿਜ਼ਨਸ ਬਲਾਸਟਰ ਪ੍ਰੋਗਰਾਮ’ ਦੀਆਂ ਗਤੀਵਿਧੀਆਂ ਨੂੰ ਹਾਲ ਦੀ ਘੜੀ ਰੋਕਿਆ ਜਾਵੇ ਤਾਂ ਜੋ ਵਿਦਿਆਰਥੀ ਅਤੇ ਅਧਿਆਪਕ ਪੜ੍ਹਾਈ ‘ਤੇ ਕੇਂਦਰਤ ਹੋ ਸਕਣ।

ਇਸ ਤੋਂ ਇਲਾਵਾ ਵਫਦ ਨੇ ਪਿਛਲੇ ਸਮੇਂ ਦੌਰਾਨ ਦਿੱਤੇ ਮੰਗ ਪੱਤਰ ਅਨੁਸਾਰ ਜ਼ਿਲ੍ਹੇ ਦੇ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਕਰਨ ਦੀ ਮੰਗ ਕੀਤੀ ਜਿਸ ਬਾਰੇ ਉਹਨਾਂ ਕਿਹਾ ਕਿ ਉਹ ਇਸ ਸਬੰਧ ਵਿੱਚ ਜਥੇਬੰਦੀ ਦੀ ਮੀਟਿੰਗ ਡੀ.ਈ.ਓ. ਨਾਲ ਕਰਾਉਣਗੇ ਕਿਉਂਕਿ ਉਹ ਹੀ ਇਸ ਮਸਲੇ ਵਿੱਚ ਜਵਾਬ ਦੇ ਸਕਦੇ ਹਨ।

ਇਸ ਤੋਂ ਇਲਾਵਾ ਕੁਝ ਬਲਾਕਾਂ ਵਿਚ ਪ੍ਰੀ ਪ੍ਰਾਇਮਰੀ ਦੇ ਸਾਰੇ ਬੱਚਿਆਂ ਅਤੇ ਪ੍ਰਾਇਮਰੀ ਦੇ ਜਨਰਲ ਅਤੇ ਬੀ.ਸੀ. ਵਰਗ ਦੇ ਵਿਦਿਆਰਥੀਆਂ ਨੂੰ 2022-23 ਵਰ੍ਹੇ ਦੀ ਵਰਦੀ ਹਾਲੇ ਤੱਕ ਨਾ ਮਿਲੇ ਹੋਣ ਸਬੰਧੀ ਉਹਨਾਂ ਮੌਕੇ ‘ਤੇ ਹੀ ਸਬੰਧਤ ਬੀ.ਪੀ.ਈ.ਓ. ਨੂੰ ਫੋਨ ਕਰਕੇ ਜਲਦੀ ਤੋ ਜਲਦੀ ਰਹਿੰਦੇ ਬੱਚਿਆਂ ਨੂੰ ਵਰਦੀ ਦੇਣ ਦੇ ਆਦੇਸ਼ ਦਿੱਤੇ।

ਵਫਦ ਨੇ ਇੱਕ ਮੰਗ ਪੱਤਰ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਡੀ.ਈ.ਓ. ਸੰਗਰੂਰ ਦੇ ਰਾਹੀਂ ਵੀ ਡਿਪਟੀ ਡੀ.ਈ.ਓ. ਸਾਹਿਬ ਨੂੰ ਦਿੱਤਾ ਜਿਸ ਵਿੱਚ ਭਵਿਖ ਵਿੱਚ ਪ੍ਰੀਖਿਆਵਾਂ ਦੇ ਨੇੜੇ ਵੱਖ-ਵੱਖ ਵਿਸ਼ਿਆਂ ਦੇ ਮੇਲੇ ਨਾ ਕਰਵਾਉਣ, ਮਿਡ ਡੇ ਮੀਲ ਲਈ ਹਰੇਕ ਸਕੂਲ ਵਿੱਚ ਕੇਟਰਰ ਦੀ ਅਸਾਮੀ ਦੇਣ, ਮੀਨੂ ਵਿੱਚ ਸੋਧ ਕਰਨ ਅਤੇ ਕੁਕਿੰਗ ਕਾਸਟ ਵਿੱਚ ਮਹਿੰਗਾਈ ਅਨੁਸਾਰ ਵਾਧਾ ਕਰਨ ਦੀ ਮੰਗ ਰੱਖੀ ਗਈ।

ਡਿਪਟੀ ਸਾਹਿਬ ਵੱਲੋਂ ਇਹ ਮੰਗ ਪੱਤਰ ਜਲਦ ਹੀ ਸਿੱਖਿਆ ਮੰਤਰੀ ਸਾਹਿਬ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ। ਵਫਦ ਵਿੱਚ ਡੀ.ਟੀ.ਐੱਫ. ਪੰਜਾਬ ਦੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦਾਤਾ ਸਿੰਘ ਨਮੋਲ, ਵਿੱਤ ਸਕੱਤਰ ਯਾਦਵਿੰਦਰ ਪਾਲ ਧੂਰੀ, ਪ੍ਰੈਸ ਸਕੱਤਰ ਜਸਬੀਰ ਨਮੋਲ ਅਤੇ ਬਲਾਕ ਆਗੂ ਸਤਨਾਮ ਉਭਾਵਾਲ ਸ਼ਾਮਲ ਸਨ।

 

RELATED ARTICLES
- Advertisment -

Most Popular

Recent Comments