Punjab News: ਮੁਲਜ਼ਮ ਪਹਿਲਾਂ ਲੈ ਚੁੱਕਾ ਹੈ 4,000 ਰੁਪਏ ਦੀ ਰਿਸ਼ਵਤ
ਪੰਜਾਬ ਨੈੱਟਵਰਕ, ਚੰਡੀਗੜ੍ਹ-
Punjab News: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਜ਼ਿਲਾ ਮੋਗਾ ਦੇ ਪਿੰਡ ਡਗਰੂ ਸਥਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਦਫ਼ਤਰ ਵਿੱਚ ਤਾਇਨਾਤ ਸਹਾਇਕ ਲਾਈਨਮੈਨ (ਏ.ਐਲ.ਐਮ.) ਸੋਮ ਨਾਥ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਗ੍ਰਿਫਤਾਰੀ ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਦੇ ਵਸਨੀਕ ਜਗਦੀਪ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਕੀਤੀ ਗਈ ਹੈ। ਸ਼ਿਕਾਇਤ ਅਨੁਸਾਰ ਜਗਦੀਪ ਸਿੰਘ ਅਤੇ ਉਸ ਦੇ ਸਾਥੀ ਪਿੰਡ ਡਗਰੂ ਅਤੇ ਨਿਧਾਂਵਾਲਾ ਵਿੱਚ ਦੋ ਢਾਬੇ ਚਲਾ ਰਹੇ ਹਨ, ਜਿੱਥੇ ਉਨ੍ਹਾਂ ਦੇ ਕੁੱਲ 1.50 ਲੱਖ ਰੁਪਏ ਦੇ ਬਿਜਲੀ ਬਿੱਲ ਬਕਾਇਆ ਸਨ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਪਿਛਲੇ ਦਿਨੀ ਉਨ੍ਹਾਂ ਦੇ ਢਾਬੇ ਉਤੇ ਆ ਕੇ ਪੀਐਸਪੀਸੀਐਲ ਡਗਰੂ ਦੇ ਉਪ ਮੰਡਲ ਅਫਸਰ (ਐਸਡੀਓ) ਜਰਨੈਲ ਸਿੰਘ ਨੇ ਉਕਤ ਏਐਲਐਮ ਸੋਮ ਨਾਥ ਨਾਲ ਮਿਲ ਕੇ ਬਕਾਇਆ ਬਿੱਲਾਂ ਦੀ ਕਿਸ਼ਤਾਂ ਵਿੱਚ ਅਦਾਇਗੀ ਕਰਨ ਲਈ 10,000 ਰੁਪਏ ਦੀ ਰਿਸ਼ਵਤ ਲਈ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਏਐਲਐਮ ਸੋਮ ਨਾਥ ਨੇ ਬਾਅਦ ਵਿੱਚ ਫਿਰ ਢਾਬੇ ‘ਤੇ ਆ ਕੇ ਬਿਜਲੀ ਸਪਲਾਈ ਕੱਟ ਦਿੱਤੀ ਅਤੇ 1,000 ਰੁਪਏ ਦੀ ਰਿਸ਼ਵਤ ਲੈਣ ਤੋਂ ਬਾਅਦ ਹੀ ਇਸ ਨੂੰ ਦੁਬਾਰਾ ਜੋੜਿਆ ਅਤੇ ਕਿਹਾ ਕਿ ਬਕਾਇਆ ਬਿੱਲਾਂ ਨੂੰ ਤੁਰੰਤ ਭਰਿਆ ਜਾਵੇ।
ਜਦੋਂ ਸ਼ਿਕਾਇਤਕਰਤਾ ਨੇ ਕਿਸ਼ਤਾਂ ਵਿੱਚ ਭੁਗਤਾਨ ਕਰਨ ਦੇ ਬਦਲ ਦੀ ਬੇਨਤੀ ਕੀਤੀ, ਤਾਂ ਏਐਲਐਮ ਸੋਮ ਨਾਥ ਨੇ 13,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਵਿੱਚੋਂ 10,000 ਰੁਪਏ ਐਸਡੀਓ ਨੂੰ ਦਿੱਤੇ ਜਾਣਗੇ, ਜਦੋਂ ਕਿ ਉਸਨੇ ਸ਼ਿਕਾਇਤਕਰਤਾ ਤੋਂ ਖੁਦ ਲਈ 3,000 ਰੁਪਏ ਹਾਸਲ ਕਰ ਲਏ।
ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਰਕਮ ਲੈਂਦਿਆਂ ਏਐਲਐਮ ਨਾਲ ਹੋਈ ਗੱਲਬਾਤ ਰਿਕਾਰਡ ਕਰ ਲਈ ਅਤੇ ਇਸ ਲੈਣ-ਦੇਣ ਦੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।
ਬੁਲਾਰੇ ਨੇ ਦੱਸਿਆ ਕਿ ਮੁੱਢਲੀ ਪੜਤਾਲ ਕਰਨ ਉਪਰੰਤ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਨੇ ਜਾਲ ਵਿਛਾਇਆ, ਜਿਸ ਦੌਰਾਨ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਦੀ ਤੀਜੀ ਕਿਸ਼ਤ ਲੈਂਦਿਆਂ ਏਐਲਐਮ ਸੋਮ ਨਾਥ ਨੂੰ ਦਬੋਚ ਲਿਆ।
ਇਸ ਸਬੰਧ ‘ਚ ਉਕਤ ਮੁਲਜ਼ਮ ਖਿਲਾਫ ਫਿਰੋਜ਼ਪੁਰ ਰੇਂਜ ਦੇ ਵਿਜੀਲੈਂਸ ਥਾਣੇ ‘ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਅਗਲੇਰੀ ਜਾਂਚ ਦੌਰਾਨ ਉਕਤ ਐਸ.ਡੀ.ਓ ਜਰਨੈਲ ਸਿੰਘ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।