Punjab News : ਐਸਡੀਐਮ ਨੂੰ ਗੈਰ ਮਿਆਰੀ ਵਰਦੀਆਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਨਾ ਕਿ ਅਧਿਆਪਕਾਂ ਖਿਲਾਫ਼ ਨੋਟਿਸ ਕੱਢ ਕੇ ਦਬਾਉਣਾ ਚਾਹੀਦਾ- ਆਗੂ
ਰਣਬੀਰ ਕੌਰ ਢਾਬਾਂ, ਜਲਾਲਾਬਾਦ
Punjab News : ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਲਈ ਵਰਤੇ ਗਏ ਕਥਿਤ ਤੌਰ ਤੇ ਘਟੀਆ ਕੱਪੜੇ ਦੀ ਆਵਾਜ਼ ਉਠਾਉਣ ਵਾਲੇ ਅਧਿਆਪਕਾਂ ਖਿਲਾਫ ਸੰਮਨ ਜਾਰੀ ਕਰਨ ਵਾਲੇ ਐਸਡੀਐਮ ਖਿਲਾਫ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਰੋਸ ਪ੍ਰਦਰਸ਼ਨ ਦੀ ਅਗਵਾਈ ਅਸ਼ੋਕ, ਕੁਲਦੀਪ ਸਿੰਘ ਸਭਰਵਾਲ,ਜਗਨੰਦਨ ਸਿੰਘ, ਦਲੀਪ ਸਿੰਘ ਸੈਣੀ, ਛਿੰਦਰ ਸਿੰਘ ਲਾਧੂਕਾ,ਮਹਿੰਦਰ ਕੌੜਿਆਂਵਾਲੀ, ਇੰਦਰਜੀਤ ਸਿੰਘ ਬਾਹਮਣੀ ਵਾਲਾ,ਅਮਨਦੀਪ ਫਾਜ਼ਿਲਕਾ, ਹਰਮੀਤ ਕੌਰ ਮਹਿਮੀ, ਪ੍ਰਭਦੀਪ ਸਿੰਘ ਗੁੰਬਰ,ਪਰਮਜੀਤ ਸਿੰਘ ਛੋਰੇਵਾਲਾ ਅਤੇ ਅਸ਼ੋਕ ਕੁਮਾਰ ਨੇ ਕੀਤੀ।
ਅਧਿਆਪਕ ਆਗੂਆਂ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਘਟੀਆ ਕੱਪੜੇ ਦੀਆਂ ਮਿਲਣ ਅਤੇ ਵਿਦਿਆਰਥੀਆਂ ਨੂੰ ਟਾਈ, ਬੈਲਟ ਅਤੇ ਆਈ ਕਾਰਡ ਨਾ ਮਿਲਣ ਦਾ ਬੱਚਿਆਂ ਦੇ ਮਾਪਿਆਂ ਵੱਲੋਂ ਭਾਰੀ ਰੋਸ ਪਾਇਆ ਜਾ ਰਿਹਾ ਸੀ।
ਇਸ ਰੋਸ ਨੂੰ ਦੇਖਦੇ ਹੋਏ ਸਬੰਧਤ ਸਕੂਲਾਂ ਦੇ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਮਿਆਰੀ ਵਰਦੀਆਂ ਦਿੱਤੀਆਂ ਜਾਣ।
ਇਸ ਸਬੰਧੀ ਕੁਝ ਅਖਬਾਰਾਂ ਵਿੱਚ ਅਧਿਆਪਕ ਜਥੇਬੰਦੀਆਂ ਦੀ ਮੰਗ ਦੀ ਖਬਰ ਪ੍ਰਕਾਸ਼ਿਤ ਹੋਈ ਸੀ, ਜਿਸ ਤੋਂ ਬਾਅਦ ਜਲਾਲਾਬਾਦ ਪ੍ਰਸ਼ਾਸ਼ਨ ਵੱਲੋਂ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਖਿਲਾਫ ਇੱਕ ਨੋਟਿਸ ਜਾਰੀ ਕੀਤਾ ਸੀ ਅਤੇ ਉਨਾਂ ਨੂੰ ਜਵਾਬ ਦੇਣ ਲਈ ਬੁਲਾਇਆ ਗਿਆ। ਅਧਿਆਪਕਾਂ ਨੇ ਕਿਹਾ ਕਿ ਸਾਡੇ ਵੱਲੋਂ ਚੁੱਕੇ ਇਸ ਮੁੱਦੇ ਦਾ ਸਖਤ ਨੋਟਿਸ ਲੈਂਦਿਆਂ ਐਸਡੀਐਮ ਨੂੰ ਗੈਰ ਮਿਆਰੀ ਵਰਦੀਆਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਨਾ ਕਿ ਅਧਿਆਪਕਾਂ ਖਿਲਾਫ਼ ਨੋਟਿਸ ਕੱਢ ਕੇ ਦਬਾਉਣਾ ਚਾਹੀਦਾ ਸੀ।
ਅਧਿਆਪਕ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕਾਂ ਖਿਲਾਫ ਹੋ ਰਹੇ ਧੱਕੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਅਧਿਆਪਕਾਂ ਦੀ ਹਮਾਇਤ ਤੇ ਆਏ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਨੇ ਕਿਹਾ ਕਿ ਅਧਿਆਪਕਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਹਨਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਹਰ ਵਕਤ ਅਧਿਆਪਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਡੱਟ ਕੇ ਸਾਥ ਦੇਵੇਗੀ। ਇਸ ਰੋਸ ਪ੍ਰਦਰਸ਼ਨ ਵਿੱਚ ਹੋਰਾਂ ਤੋਂ ਇਲਾਵਾ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਸਭਾ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ,ਪੂਰਨ ਮੂਜੈਦੀਆ ਅਤੇ ਬਗੀਚਾ ਸਿੰਘ ਨੇ ਵੀ ਸੰਬੋਧਨ ਕੀਤਾ।