Home Punjab Shaheed Kiranjit Kaur! ਸ਼ਹੀਦ ਕਿਰਨਜੀਤ ਕੌਰ ਯਾਦਗਾਰੀ ਸਮਾਗਮ: ਔਰਤਾਂ ਖ਼ਿਲਾਫ ਵਧ ਰਿਹਾ ਜਬਰ ਮੋਦੀ ਹਕੂਮਤ ਦੀ ਔਰਤ ਵਿਰੋਧੀ ਮਨੂੰਵਾਦੀ ਸੋਚ ਦੀ ਪੈਦਾਵਾਰ: ਭਾਸ਼ਾ ਸਿੰਘ

Shaheed Kiranjit Kaur! ਸ਼ਹੀਦ ਕਿਰਨਜੀਤ ਕੌਰ ਯਾਦਗਾਰੀ ਸਮਾਗਮ: ਔਰਤਾਂ ਖ਼ਿਲਾਫ ਵਧ ਰਿਹਾ ਜਬਰ ਮੋਦੀ ਹਕੂਮਤ ਦੀ ਔਰਤ ਵਿਰੋਧੀ ਮਨੂੰਵਾਦੀ ਸੋਚ ਦੀ ਪੈਦਾਵਾਰ: ਭਾਸ਼ਾ ਸਿੰਘ

0
Shaheed Kiranjit Kaur! ਸ਼ਹੀਦ ਕਿਰਨਜੀਤ ਕੌਰ ਯਾਦਗਾਰੀ ਸਮਾਗਮ: ਔਰਤਾਂ ਖ਼ਿਲਾਫ ਵਧ ਰਿਹਾ ਜਬਰ ਮੋਦੀ ਹਕੂਮਤ ਦੀ ਔਰਤ ਵਿਰੋਧੀ ਮਨੂੰਵਾਦੀ ਸੋਚ ਦੀ ਪੈਦਾਵਾਰ: ਭਾਸ਼ਾ ਸਿੰਘ

 

Shaheed Kiranjit Kaur! ਦਲਿਤ ਅਤੇ ਮੁਸਲਿਮ ਘੱਟ ਗਿਣਤੀਆਂ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਦੀ ਮਾਰ ਹੇਠ ਸਭ ਤੋਂ ਵੱਧ: ਸ਼ਰੈਆ ਘੋਸ਼

ਮਹਿਲਕਲਾਂ ਲੋਕ ਘੋਲ ਜਬਰ ਖ਼ਿਲਾਫ਼ ਸੰਘਰਸ਼ ਰਾਹੀਂ ਟਾਕਰੇ ਦੀ ਮਿਸਾਲ: ਨਰਾਇਣ ਦੱਤ

ਦਲਜੀਤ ਕੌਰ, ਮਹਿਲਕਲਾਂ

Shaheed Kiranjit Kaur: ਔਰਤ ਮੁਕਤੀ ਦਾ ਇੱਕ ਚਿੰਨ੍ਹ ਸ਼ਹੀਦ ਕਿਰਨਜੀਤ ਕੌਰ ਦਾ 27ਵਾਂ ਯਾਦਗਾਰੀ ਸਮਾਗਮ ਦਾਣਾ ਮੰਡੀ ਮਹਿਲਕਲਾਂ ਵਿੱਚ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਹਜ਼ਾਰਾਂ ਦੀ ਤਾਦਾਦ ਵਿੱਚ ਜੁਝਾਰੂ ਮਰਦ-ਔਰਤਾਂ ਅਤੇ ਨੌਜਵਾਨਾਂ ਦੇ ਕਾਫਲੇ ਪੂਰੇ ਜੋਸ਼-ਓ-ਖਰੋਸ਼ ਨਾਲ ਸ਼ਾਮਿਲ ਹੋਏ।

ਸਮਾਗਮ ਦੀ ਸ਼ੁਰੂਆਤ ਲਖਵਿੰਦਰ ਠੀਕਰੀਵਾਲ ਦੇ ਸ਼ਰਧਾਂਜਲੀ ਗੀਤ ‘ਚੜ੍ਹਨ ਵਾਲਿਓ ਹੱਕਾਂ ਦੀ ਭੇਂਟ ਉੱਤੇ…’ ਨਾਲ ਹੋਈ। ਮੁੱਖ ਬੁਲਾਰੇ ਵਜੋਂ ਔਰਤ ਹੱਕਾਂ ਅਤੇ ਸਮਾਜਿਕ ਸਰੋਕਾਰਾਂ ਉੱਪਰ ਖੋਜ ਭਰਪੂਰ ਕੰਮ ਕਰਨ ਵਾਲੀ ਨਿਊਜ ਕਲਿੱਕ ਦੀ ਸੀਨੀਅਰ ਜਰਨਲਿਸਟ ਭਾਸ਼ਾ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੋਦੀ ਹਕੂਮਤ ਨੇ ਜਾਬਰ ਫਿਰਕੂ ਫਾਸ਼ੀ ਅਜੰਡੇ ਤਹਿਤ ਹਰ ਤਬਕੇ ਨੂੰ ਆਪਣੀ ਮਾਰ ਹੇਠ ਲਿਆਂਦਾ ਹੋਇਆ ਹੈ। ਇਸ ਹਮਲੇ ਦੀ ਮਾਰ ਹੇਠ ਆਏ ਸਮਾਜਿਕ ਕਾਰਕੁਨ, ਬੁੱਧੀਜੀਵੀ, ਪੱਤਰਕਾਰ‌ ਅਤੇ ਵਕੀਲ, ਸਾਲਾਂ ਤੋਂ ਜੇਲ੍ਹਾਂ ਪਿੱਛੇ ਕੈਦ ਹਨ। ਭਾਸ਼ਾ ਸਿੰਘ ਨੇ ਇੱਕ ਨਾਬਾਲਗ ਬੱਚੀ ਦੇ ਸਮੂਹਿਕ ਜਬਰ ਜਿਨਾਹ ਅਤੇ ਕਤਲ ਤੋਂ ਸ਼ੁਰੂ ਹੋਏ ਸਾਂਝੇ ਸੰਘਰਸ਼ ਦੇ ਮੈਦਾਨ ਵਿੱਚ ਕੁੱਦੀਆਂ ਔਰਤਾਂ ਨੂੰ ਸੰਗਰਾਮੀ ਮੁਬਾਰਕ ਦਿੱਤੀ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸਰਗਰਮ ਸ਼ਮੂਲੀਅਤ ਤੋਂ ਬਿਨ੍ਹਾਂ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣੀ ਅਤੇ ਮਹਿਲਕਲਾਂ ਐਕਸ਼ਨ ਕਮੇਟੀ ਦੇ ਇੱਕ ਅਹਿਮ ਆਗੂ ਦੀ ਸਜ਼ਾ ਰੱਦ ਕਰਾਉਣੀ ਸੰਭਵ ਹੀ ਨਹੀਂ ਸੀ।

ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਯਾਦਗਾਰ ਕਮੇਟੀ ਮਹਿਲਕਲਾਂ ਦੇ ਕਨਵੀਨਰ ਨਰਾਇਣ ਦੱਤ ਨੇ 27 ਸਾਲ ਤੋਂ ਔਰਤ ਮੁਕਤੀ ਦੇ ਇਸ ਘੋਲ ਵਿੱਚ ਡਟੇ ਹੋਏ ਜੁਝਾਰੂ ਕਾਫ਼ਲਿਆਂ ਦੀ ਜੈ ਜੈ ਕਾਰ ਕਰਦਿਆਂ ਉਹਨਾਂ ਨੂੰ ਇਨਕਲਾਬੀ ਸਲਾਮ ਭੇਂਟ ਕੀਤੀ ਅਤੇ ਕਿਹਾ ਕਿ ਮਹਿਲਕਲਾਂ – ਬਰਨਾਲਾ ਸਮੇਤ ਸਮੁੱਚੇ ਪੰਜਾਬ ਦੀ ਧਰਤੀ ਦੇ ਜੁਝਾਰੂ ਵਾਰਸ ਐਕਸ਼ਨ ਕਮੇਟੀ ਹੁਣ ਯਾਦਗਾਰ ਕਮੇਟੀ ਦੀ ਢਾਲ ਤੇ ਤਲਵਾਰ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ‘ਜਬਰ ਖ਼ਿਲਾਫ਼ ਸੰਘਰਸ਼ ਰਾਹੀਂ ਟਾਕਰੇ’ ਦੇ ਵਿਗਿਆਨ ਨੇ ਇਤਿਹਾਸਕ ਜਿੱਤਾਂ ਜਿੱਤਣ ਰਾਹੀਂ ਨਵੀਂ ਮਿਸਾਲ ਕਾਇਮ ਕੀਤੀ ਹੈ।

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥੀ ਆਗੂ ਅਤੇ ਹੁਣ ਮਜ਼ਦੂਰ ਆਗੂ ਸ਼ਰੈਆ ਘੋਸ਼ ਨੇ ਕਿਹਾ ਕਿ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਦੀ ਮਾਰ ਦਲਿਤ ਮਜ਼ਦੂਰ ਅਤੇ ਘੱਟ ਗਿਣਤੀ ਔਰਤਾਂ ਨੂੰ ਸਭ ਤੋਂ ਵੱਧ ਸਹਿਣੀ ਪੈ ਰਹੀ ਹੈ। ਔਰਤਾਂ ਉੱਤੇ ਜ਼ਬਰ ਦਾ ਜ਼ਿੰਮੇਵਾਰ ਲੁਟੇਰਾ ਅਤੇ ਜ਼ਾਬਰ ਰਾਜ ਪ੍ਰਬੰਧ ਹੈ। ਇਸ ਪ੍ਰਬੰਧ ਅਧੀਨ ਔਰਤਾਂ ਦੀ ਮੁਕਤੀ ਸੰਭਵ ਨਹੀਂ ਹੈ। ਇਸ ਲਈ ਔਰਤਾਂ ਨੂੰ ਚੇਤੰਨ ਅਗਵਾਈ ਅਧੀਨ ਨਵਾਂ ਸਮਾਜ ਸਿਰਜਣ ਲਈ ਅੱਗੇ ਆਉਣਾ ਹੋਵੇਗਾ।

ਇਨਕਲਾਬੀ ਕੇਂਦਰ,ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਭਾਵੇਂ ਅਸੀਂ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਖਿਲਾਫ਼ ਵੱਡੀ ਲੜਾਈ ਜਿੱਤ ਲਈ ਹੈ ਪਰ ਇਹ ਅੰਤਿਮ ਜਿੱਤ ਨਹੀਂ ਹੈ। ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਦੇ 40% ਨੁਮਾਇੰਦਿਆਂ ਦਾ ਅਪਰਾਧਿਕ (ਅਗਵਾ, ਬਲਾਤਕਾਰ, ਕਤਲ ਆਦਿ) ਪਿਛੋਕੜ ਹੈ। ਇਸੇ ਕਰਕੇ ਔਰਤਾਂ ਉੱਪਰ ਜ਼ਬਰ ਲਗਾਤਾਰ ਵਧ ਰਿਹਾ ਹੈ। ਅਜਿਹੀ ਹਾਲਤ ਵਿੱਚ ਅਸੀਂ ਆਸ ਨਹੀਂ ਕਰ ਸਕਦੇ ਕਿ ਇਹ ਲੋਕ ਔਰਤਾਂ ਉੱਤੇ ਜ਼ਬਰ ਨੂੰ ਰੋਕਣਗੇ। ਇਸ ਲਈ ‘ਮਹਿਲਕਲਾਂ ਲੋਕ ਘੋਲ ਦਾ ਪੈਗਾਮ-ਜਾਰੀ ਰੱਖਣਾ ਹੈ ਸੰਗਰਾਮ’ ਦੇ ਬੁਨਿਆਦੀ ਨਾਹਰੇ ਤਹਿਤ ਔਰਤ ਮੁਕਤੀ ਦੇ ਸੰਘਰਸ਼ ਵਿੱਚ ਔਰਤਾਂ ਨੂੰ ਆਗੂ ਭੂਮਿਕਾ ਨਿਭਾਉਣ ਲਈ ਅੱਗੇ ਆਉਣਾ ਹੋਵੇਗਾ।

ਭਾਰਤੀ ਮਾਰਕਸਵਾਦੀ ਇਨਕਲਾਬੀ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮਹਿਲਕਲਾਂ ਦੀ ਧਰਤੀ ਦੇ ਵਾਰਸਾਂ ਵੱਲੋਂ ਸ਼ੁਰੂ ਕੀਤੀ ਸਾਂਝੇ ਸੰਘਰਸ਼ਾਂ ਦੀ ਵਿਰਾਸਤ ਦੀ ਗੂੰਜ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਵੀ ਗੂੰਜਦੀ ਰਹੀ ਹੈ। ਮੋਦੀ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਲੋਕ ਵਿਰੋਧੀ ਨੀਤੀ ਦੀ ਚੀਰਫਾੜ ਕਰਦਿਆਂ ਕਿਹਾ ਕਿ ਰਾਜ ਗੱਦੀ ਉੱਪਰ ਕਾਬਜ਼ ਹਾਕਮ ਮੁਲਕ ਦੇ ਜਲ, ਜੰਗਲ, ਜਮੀਨ ਸਮੇਤ ਮੁਲਕ ਦੇ ਕੁਦਰਤੀ ਸ੍ਰੋਤ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੇ ਹਨ। ਮੋਦੀ ਹਕੂਮਤ ਦੀ ਇਸ ਲੋਕ ਵਿਰੋਧੀ ਨੀਤੀ ਨੂੰ ਪੁੱਠਾ ਗੇੜਾ ਦੇਣ ਲਈ ਮਹਿਲਕਲਾਂ ਵਰਗੇ ਸਾਂਝੇ ਲੋਕ ਸੰਘਰਸ਼ਾਂ ਦੀ ਵਿਰਾਸਤ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਅੰਮ੍ਰਤਿਪਾਲ ਕੌਰ,ਸੁਖਜੀਤ ਕੌਰ ਨੇ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲਾਗੂ ਕੀਤੀ ਜਾ ਰਹੀ ਕਿਸਾਨ ਅਤੇ ਲੋਕ ਵਿਰੋਧੀ ਨੀਤੀ ਖਿਲਾਫ ਮਹਿਲਕਲਾਂ ਦੀ ਲੋਕ ਸ਼ਕਤੀ ਤੋਂ ਪ੍ਰੇਰਨਾ ਹਾਸਲ ਕਰਕੇ ਸਾਂਝੇ ਇੱਕਜੁੱਟ ਸੰਘਰਸ਼ ਦੀ ਲੋੜ ‘ਤੇ ਜੋਰ ਦਿੱਤਾ। ਮੋਦੀ ਹਕੂਮਤ ਦੇਸ਼ ਦੇ ਖੇਤੀ ਸੈਕਟਰ ਨੂੰ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਵਾਅਦਿਆਂ ਦੀ ਝੜੀ ਲਗਾਕੇ ਸੱਤਾ ਉੱਪਰ ਕਾਬਜ਼ ਹੋਈ ਸੀ। ਪਰ ਅੱਜ ਤੱਕ ਖੇਤੀ ਨੀਤੀ ਤਾਂ ਕੀ ਲਾਗੂ ਕਰਨੀ ਸੀ। ਉਲਟਾ ਬਹੁਕੌਮੀ ਬੋਸਟਨ ਕੰਸਲਟਿੰਗ ਗਰੁੱਪ ਨੂੰ 5.65 ਕਰੋੜ ਰੁ. ਵਿੱਚ ਠੇਕਾ ਦੇ ਦਿੱਤਾ ਹੈ। ਪਰ ਅੱਜ ਵੀ ਮਨੀਪੁਰ ਅੰਦਰ ਵਾਪਰੀਆਂ ਸ਼ਰਮਨਾਕ ਘਟਨਾਵਾਂ ਨੇ ਵੱਡੇ ਸਵਾਲ ਖੜੇ ਕੀਤੇ ਹਨ।

ਇਨਕਲਾਬੀ ਕੇਂਦਰ, ਪੰਜਾਬ ਦੇ ਨੌਜਵਾਨ ਆਗੂ ਹਰਪ੍ਰੀਤ ਨੇ ਕਿਹਾ ਕਿ ਮਨੂੰਵਾਦੀ ਮੋਦੀ ਹਕੂਮਤ ਵੱਲੋਂ ਮਨੀਪੁਰ ਸਮੇਤ ਮੁਲਕ ਦੇ ਵੱਖ-ਵੱਖ ਹਿੱਸਿਆਂ ਅੰਦਰ ਔਰਤਾਂ ਨੂੰ ਜ਼ਬਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸੰਸਾਰ ਪੱਧਰ ‘ਤੇ ਵੀ ਅਜਿਹਾ ਹੀ ਦ੍ਰਿਸ਼ ਫਲਸਤੀਨ ਸਮੇਤ ਹਰ ਥਾਂ ਵੇਖਿਆ ਜਾ ਸਕਦਾ ਹੈ। ਔਰਤਾਂ ਨੂੰ ਆਪਣੇ ਸੰਗਰਾਮੀ ਵਿਰਸੇ ਉੱਪਰ ਮਾਣ ਮਹਿਸੂਸ ਕਰਕੇ ਲੋਕ ਘੋਲਾਂ ਦੇ ਵਿਗਿਆਨ ਨੂੰ ਸਮਝਣਾ ਹੋਵੇਗਾ। ਔਰਤਾਂ ਦੀ ਮੁਕਤੀ ਹਰ ਕਿਸਮ ਦੀ ਗੈਰਬਰਾਬਰਤਾ ਖ਼ਤਮ ਕਰਕੇ ਨਵਾਂ ਸਮਾਜ ਸਿਰਜਣ ਨਾਲ ਹੀ ਸੰਭਵ ਹੋਵੇਗੀ।

ਐਕਸ਼ਨ ਕਮੇਟੀ ਮਹਿਲਕਲਾਂ ਦੇ ਮਰਹੂਮ ਕਨਵੀਨਰ ਭਗਵੰਤ ਸਿੰਘ ਮਹਿਲਕਲਾਂ ਦੀ ਜੀਵਨ ਸਾਥਣ ਪ੍ਰੇਮਪਾਲ ਕੌਰ ਨੇ ਸ਼ਹੀਦ ਕਿਰਨਜੀਤ ਕੌਰ ਦੀ ਜੂਝ ਮਰਨ ਦੀ ਭਾਵਨਾ ਨੂੰ ਅਮਰ ਕਰਾਰ ਦਿੱਤਾ। ਹਾਸ਼ੀਏ ‘ਤੇ ਧੱਕੀਆਂ ਔਰਤਾਂ ਨੂੰ ਮਹਿਲਕਲਾਂ ਦੀ ਧਰਤੀ ਨੇ ਜਥੇਬੰਦ ਹੋਣ, ਸੰਘਰਸ਼ ਕਰਨ ਤੋਂ ਅੱਗੇ ਔਰਤ ਦੀ ਮੁਕੰਮਲ ਮੁਕਤੀ ਵਾਲਾ ਨਵਾਂ ਸਮਾਜ ਸਿਰਜਣ ਲਈ ਅੱਗੇ ਆਉਣ ਦੀ ਲੋੜ ‘ਤੇ ਜੋਰ ਦਿੱਤਾ।

ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਾਜੀਵ ਕੁਮਾਰ ਅਤੇ ਟੀਐਸਯੂ ਦੇ ਆਗੂ ਦਰਸ਼ਨ ਸਿੰਘ ਦਸੌਦਾ ਸਿੰਘ ਵਾਲਾ ਨੇ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀ ਨੀਤੀ ਤਹਿਤ ਸਿੱਖਿਆ, ਸਿਹਤ, ਰੇਲਵੇ, ਬਿਜਲੀਬੋਰਡ, ਕੋਇਲਾ ਖਾਣਾਂ, ਬੀਮਾ, ਬੈਂਕਾਂ ਆਦਿ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ, ਚਾਰ ਨਵੇਂ ਕਿਰਤ ਕਾਨੂੰਨਾਂ ਰਾਹੀਂ ਕਿਰਤੀਆਂ ਦੀ ਤਿੱਖੀ ਰੱਤ ਨਿਚੋੜਨ ਦੀ ਨੀਤੀ ਖ਼ਿਲਾਫ਼ ਚੱਲ ਰਹੇ ਸੰਘਰਸ਼ਾਂ ਵਿੱਚ ਵਧ ਚੜ੍ਹਕੇ ਹਿੱਸਾ ਲੈਣ ਦੀ ਅਪੀਲ ਕੀਤੀ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਆਗੂ ਧੰਨਾ ਮੱਲ ਗੋਇਲ, ਇਨਕਲਾਬੀ ਮਜ਼ਦੂਰ ਕੇਂਦਰ ਦੇ ਆਗੂ ਕਾ: ਸੁਰਿੰਦਰ ਨੇ ਵਿਚਾਰ ਪੇਸ਼ ਕਰਦਿਆਂ ਜਾਬਰਾਂ ਖ਼ਿਲਾਫ਼ ਨਾਬਰੀ ਦਾ ਇਤਿਹਾਸ ਰਚਣ ਵਾਲੇ ਜੁਝਾਰੂ ਕਾਫ਼ਲਿਆਂ ਨੂੰ ਇਸ ਲੋਕ ਸੰਗਰਾਮ ਦੀ ਗਾਥਾ ਜਾਰੀ ਰੱਖਣ ਦੀ ਲੋੜ’ਤੇ ਜੋਰ ਦਿੱਤਾ।

ਭਾਸ਼ਾ ਸਿੰਘ ਅਤੇ ਸ਼੍ਰੈਆ ਘੋਸ਼ ਨੂੰ ਸ਼ਾਲ ਅਤੇ ਸਨਮਾਨ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ। ਕਲਮ , ਕਲਾ, ਸੰਗਰਾਮਾਂ ਦੀ ਜੋਟੀ ਨੂੰ ਹੋਰ ਵੱਧ ਮਜ਼ਬੂਤ ਕਰਨ ਲਈ ਪੱਤਰਕਾਰ ਭਾਈਚਾਰੇ ਡਾਇਰੀ ਅਤੇ ਪੈੱਨ ਨਾਲ ਸਨਮਾਨਿਤ ਕੀਤਾ ਗਿਆ। ਬਰਨਾਲਾ-ਇਲਾਕੇ ਦੀ ਵਿਉਂਤਬੱਧ ਪ੍ਰਚਾਰ ਮੁਹਿੰਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਹਰ ਪਿੰਡ, ਹਰ ਗਲੀ, ਹਰ ਮੁਹੱਲੇ, ਹਰ ਵਿੱਦਿਆਕ ਅਦਾਰੇ ਸਕੂਲਾਂ/ਕਾਲਜਾਂ ਵਿੱਚੋਂ ਮਹਿਲਕਲਾਂ ਲੋਕ ਘੋਲ ਦੇ 27ਵੇਂ ਯਾਦਗਾਰੀ ਸਮਾਗਮ ਨੂੰ ਭਰਪੂਰ ਸਮਰਥਨ ਦੇਣ ਲਈ ਧੰਨਵਾਦ ਕੀਤਾ। ਸਮੁੱਚੇ ਜੁਝਾਰੂ ਕਾਫਲਿਆਂ ਲਈ ਲੰਗਰ ਦਾ ਪ੍ਰਬੰਧ ਭਾਕਿਯੂ ਏਕਤਾ ਡਕੌਂਦਾ ਦੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ ਅਤੇ ਬਾਬੂ ਸਿੰਘ ਖੁੱਡੀਕਲਾਂ ਵੱਲੋਂ ਚਲਾਇਆ ਗਿਆ। ਵਲੰਟੀਅਰਾਂ ਦੀ ਜਿੰਮੇਵਾਰੀ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਕੁਲਵੀਰ ਅੋਲਖ ਦੀ ਅਗਵਾਈ ਵਿੱਚ ਟੀ.ਐੱਸ.ਯੂ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਸਾਥੀਆਂ ਨੇ ਬਾਖੂਬੀ ਨਿਭਾਈ। ਜਗਰਾਜ ਹਰਦਾਸਪੁਰਾ ਨੇ 27 ਸਾਲ ਦੀ ਸਾਂਝੇ ਸੰਘਰਸ਼ਾਂ ਦੀ ਲਟ-ਲਟ ਕਰਕੇ ਬਲ ਰਹੀ ਮਸ਼ਾਲ ਨੂੰ ਹੋਰ ਵੱਧ ਚੇਤੰਨ ਸਰਗਰਮੀ ਰਾਹੀਂ ਲਗਾਤਾਰ ਜਾਰੀ ਰੱਖਣ ਦੀ ਲੋੜ ‘ਤੇ ਜੋਰ ਦਿੱਤਾ।

ਲੋਕ ਪੱਖੀ ਸਾਹਿਤ ਦੀਆਂ ਸਟਾਲਾਂ ਖਾਸ ਕਰ 27 ਸਾਲ ਦੇ ਮ‌ਹਿਲਕਲਾਂ ਲੋਕ ਘੋਲ ਦਾ ਸੰਗਰਾਮੀ ਸਫ਼ਰ ‘ਲਾਲ ਪਰਚਮ’ ਦਾ ਵਿਸ਼ੇਸ਼ ਅੰਕ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਸਟੇਜ ਦੇ ਫਰਜ਼ ਯਾਦਗਾਰ ਕਮੇਟੀ ਦੇ ਆਗੂਆਂ ਮਨਜੀਤ ਸਿੰਘ ਧਨੇਰ, ਮਲਕੀਤ ਦਸੰਘ ਵਜੀਦਕੇ ਅਤੇ ਪ੍ਰੇਮ ਕੁਮਾਰ ਨੇ ਬਾਖੂਬੀ ਨਿਭਾਏ। ਲੋਕ ਪੱਖੀ ਗੀਤ ਕਾਰਾਂ ਨੇ ਹਾਜਰੀਨ ਵਿੱਚ ਇਨਕਲਾਬੀ ਜੋਸ਼ ਭਰਿਆ। ਲੁਧਿਆਣਾ ਦੀਆਂ ਪ੍ਰਵਾਸੀ ਮਜ਼ਦੂਰ ਨੌਜਵਾਨ ਧੀਆਂ ਨੇ ਇਨਕਲਾਬੀ ਮਜ਼ਦੂਰ ਕੇਂਦਰ ਦੀ ਅਗਵਾਈ ਹੇਠ ਔਰਤਾਂ ਨਾਲ ਢੁੱਕਵੇਂ ਵਿਸ਼ੇ ‘ਔਰਤ ਦੀ ਵੰਗਾਰ” ਪੇਸ਼ ਕਰਕੇ ਨਵਾਂ ਜੋਸ਼ ਭਰ ਦਿੱਤਾ ਅਤੇ ਸਾਰਥਿਕ ਸੁਨੇਹਾ ਦਿੱਤਾ।

ਇਸ ਸਮੇਂ ਅਮਰਜੀਤ ਕੌਰ, ਕੁਲਵੰਤ ਭਦੌੜ, ਗੁਰਮੇਲ ਠੁੱਲੀਵਾਲ, ਨਿਰਮਲ ਚੁਹਾਣਕੇ, ਪਿਸ਼ੌਰਾ ਸਿੰਘ, ਪਰਮਜੀਤ ਕੌਰ ਜੋਧਪੁਰ, ਹਰਪ੍ਰੀਤ ਸਿੰਘ, ਜੱਗਾ ਸਿੰਘ ਮਹਿਲਕਲਾਂ, ਰਜਿੰਦਰਪਾਲ, ਸੁਖਵਿੰਦਰ ਸਿੰਘ, ਖੁਸ਼ਮੰਦਰਪਾਲ, ਯਾਦਵਿੰਦਰ ਠੀਕਰੀਵਾਲ, ਸਿੰਦਰ ਧੌਲ਼ਾ, ਜਗਮੀਤ ਬੱਲਮਗੜ੍ਹ, ਸੰਦੀਪ ਕੌਰ, ਤਮੰਨਾ, ਕੇਵਲਜੀਤ ਕੌਰ, ਪਰਮਜੀਤ ਕੌਰ ਮਹਿਲਕਲਾਂ, ਹਰਜਿੰਦਰ ਕੌਰ, ਮਨਜੀਤ ਕੌਰ ਸੰਧੂਕਲਾਂ, ਜੱਗਾ ਸਿੰਘ, ਸਮਸ਼ੇਰ ਸਿੰਘ ਮਹਿਲਕਲਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ।