ਪਰਮਿੰਦਰ ਸਿੰਘ ਰਾਜਾਸਾਂਸੀ ਬਲਾਕ ਪ੍ਰਧਾਨ ਅਤੇ ਦਿਲਰਾਜ ਸਿੰਘ ਜਨਰਲ ਸਕੱਤਰ ਅਤੇ ਮੈਡਮ ਰਮਨਦੀਪ ਕੌਰ ਧਰਮਕੋਟ ਦੀ ਵਿੱਤ ਸਕੱਤਰ ਵਜੋਂ ਕੀਤੀ ਚੋਣ
ਪਰਮਿੰਦਰ ਸਿੰਘ ਰਾਜਾਸਾਂਸੀ ਬਹੁਮਤ ਨਾਲ ਚੁਣੇ ਗਏ ਬਲਾਕ ਚੋਗਾਵਾਂ-2 ਦੇ ਪ੍ਰਧਾਨ-ਡੀ.ਟੀ.ਐਫ ਪੰਜਾਬ ਅੰਮ੍ਰਿਤਸਰ
ਪੰਜਾਬ ਨੈੱਟਵਰਕ, ਅੰਮ੍ਰਿਤਸਰ:
ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ) ਪੰਜਾਬ ਦੇ ਸੰਵਿਧਾਨ ਵੱਲੋਂ ਦਿੱਤੇ ਅਧਿਕਾਰਾਂ ਅਤੇ ਇਸ ਵਿੱਚ ਦਰਜ਼ ਪ੍ਰਾਵਧਾਨਾਂ ਅਤੇ ਸੂਬਾ ਵਿੱਤ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਸਤਰਵਾਲ ਅੰਮ੍ਰਿਤਸਰ ਵਿਖੇ ਬਲਾਕ ਚੋਗਾਵਾਂ-2 ਦਾ ਚੋਣ ਅਜਲਾਸ ਭਰਵੀਂ ਗਿਣਤੀ ਵਿੱਚ ਸਰਵਸੰਮਤੀ ਨਾਲ ਸੰਪੰਨ ਹੋਇਆ।
ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬੱਲ, ਜ਼ਿਲ੍ਹਾ ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪਰਾਸ਼ਰ, ਜ਼ਿਲ੍ਹਾ ਕਮੇਟੀ ਮੈਂਬਰ ਨਿਰਮਲ ਸਿੰਘ ਨੇ ਬਤੌਰ ਚੋਣ ਆਬਜ਼ਰਬਰ ਸ਼ਿਰਕਤ ਕੀਤੀ।
ਅਜਲਾਸ ਨੂੰ ਸ਼ੁਰੂ ਕਰਦਿਆਂ ਰਾਜੇਸ਼ ਕੁਮਾਰ ਪਰਾਸ਼ਰ ਨੇ ਚੋਣ ਅਜਲਾਸ ਵਿੱਚ ਆਏ ਡੇਲਿਗੇਟਾਂ ਨੂੰ ਜੀ ਆਇਆਂ ਆਖਿਆ ਅਤੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਦੀ ਲੋੜ ਬਾਰੇ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਸਾਥੀ ਗੁਰਬਿੰਦਰ ਸਿੰਘ ਖਹਿਰਾ ਨੇ ਜਥੇਬੰਦੀ ਦੀਆਂ ਪਿਛਲੇ ਵਰ੍ਹਿਆਂ ਦੌਰਾਨ ਕੀਤੀਆਂ ਪ੍ਰਾਪਤੀਆਂ ਅਤੇ ਜਥੇਬੰਦੀ ਦੇ ਸਾਂਝੇ ਘੋਲਾਂ ਵਿੱਚ ਕੀਤੀ ਗਈ ਭਰਵੀਂ ਸ਼ਮੂਲੀਅਤ ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ।
ਸਾਥੀ ਹਰਜਾਪ ਸਿੰਘ ਬੱਲ ਅਤੇ ਰਾਜੇਸ਼ ਕੁੰਦਰਾ ਨੇ ਜਥੇਬੰਦਕ ਢਾਂਚੇ ਦੀ ਮਹੱਤਤਾ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਕੀਤੇ ਮੁਲਾਜ਼ਮ ਮਾਰੂ ਫ਼ੈਸਲਿਆਂ ਤੇ ਨੀਤੀਆਂ ਵਿਰੁੱਧ ਵੱਡੀ ਗਿਣਤੀ ਵਿੱਚ ਲਾਮਬੰਦੀ ਕਰਕੇ ਡੱਟਣ ਦਾ ਸੱਦਾ ਦਿੱਤਾ। ਆਗੂਆਂ ਨੇ ਲੋਕਤੰਤਰਿਕ ਤੇ ਜਮਹੂਰੀ ਢੰਗ ਨਾਲ ਮਜ਼ਬੂਤ ਤੇ ਸਾਂਝੀ ਜਥੇਬੰਦੀ ਦੀ ਉਸਾਰੀ ਕਰਨ ਤੇ ਭਵਿੱਖ ਵਿੱਚ ਤਿੱਖੇ ਸੰਘਰਸ਼ਾਂ ਤੇ ਘੋਲਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਅਹਿਦ ਕੀਤਾ।
ਬੁਲਾਰਿਆਂ ਨੇ ਅਜੋਕੇ ਯੁੱਗ ਵਿੱਚ ਪੈਦਾ ਹੋਏ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਰੁਜ਼ਗਾਰ ਸੰਕਟ ਦੇ ਪਿੱਛੇ ਜ਼ਿੰਮੇਵਾਰ ਸੰਸਾਰੀਕਰਨ, ਨਿੱਜੀਕਰਨ, ਉਦਾਰੀਕਰਨ ਆਦਿ ਲੋਕ ਮਾਰੂ ਨੀਤੀਆਂ ਅਤੇ ਇਹਨਾਂ ਦੇ ਸਮਾਜਿਕ ਤੇ ਰਾਜਨੀਤਿਕ ਪ੍ਰਭਾਵਾਂ ਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਤਿੱਖੇ ਸੰਘਰਸ਼ਾਂ ਦੀ ਲੋੜ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਭਵਿੱਖ ਵਿੱਚ ਇੱਕ ਕਿੱਤਾ ਇੱਕ ਜਥੇਬੰਦੀ ਉਸਾਰਨ ਬਾਰੇ ਗੱਲ ਤੇ ਜ਼ੋਰ ਦਿੱਤਾ।
ਬਲਾਕ ਚੋਗਾਵਾਂ-2 ਦੇ ਚੋਣ ਅਜਲਾਸ ਵਿੱਚ ਸਰਵਸੰਮਤੀ ਨਾਲ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਭਾਰੀ ਬਹੁਮਤ ਨਾਲ ਹਾਊਸ ਵਿੱਚ ਹਾਜ਼ਿਰ ਆਏ ਡੇਲੀਗੇਟਾਂ ਨੇ ਪਰਮਿੰਦਰ ਸਿੰਘ ਰਾਜਾਸਾਂਸੀ ਨੂੰ ਬਲਾਕ ਪ੍ਰਧਾਨ, ਦਿਲਰਾਜ ਸਿੰਘ ਨੂੰ ਜਨਰਲ ਸਕੱਤਰ ਅਤੇ ਮੈਡਮ ਰਮਨਦੀਪ ਕੌਰ ਨੂੰ ਵਿੱਤ ਸਕੱਤਰ ਚੁਣਿਆ।
ਇਸ ਤੋਂ ਅਲਾਵਾ ਹਰਜੀਤਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਹਰਜਾਪ ਸਿੰਘ ਬੱਲ ਅਤੇ ਰਾਜੇਸ਼ ਕੁੰਦਰਾ ਨੂੰ ਮੀਤ ਪ੍ਰਧਾਨ, ਨਰਿੰਦਰ ਕੁਮਾਰ ਭਿੰਡੀ ਸੈਦਾਂ ਨੂੰ ਪ੍ਰੈਸ ਸਕੱਤਰ, ਸੁਖਵਿੰਦਰ ਸਿੰਘ ਨੂੰ ਸੰਯੁਕਤ ਸਕੱਤਰ, ਰਾਜੀਵ ਕੁਮਾਰ ਸ਼ੇਖ ਭੱਟੀ, ਹਰਮੇਲ ਸਿੰਘ ਸ਼ੇਖ ਭੱਟੀ ਨੂੰ ਜਥੇਬੰਦਕ ਸਕੱਤਰ, ਸੁਸ਼ੀਲ ਕੁਮਾਰ ਓਠੀਆਂ ਨੂੰ ਪ੍ਰਚਾਰ ਸਕੱਤਰ, ਅਮਿਤ ਸ਼ਾਰਦਾ ਮੋਤਲਾ ਨੂੰ ਸਹਾਇਕ ਸਕੱਤਰ ਵਜੋਂ ਚੁਣਿਆ ਗਿਆ।