Punjabi News: ਕੇਜਰੀਵਾਲ ਅਰੋੜਾ ਨਾਲ ਕਨਵ ਨੂੰ ਮਿਲਣ ਗਏ, ਜਿਸ ਨੂੰ ਮਿਲੀ ਨਵੀਂ ਜ਼ਿੰਦਗੀ

133

 

ਲੁਧਿਆਣਾ/ਨਵੀਂ ਦਿੱਲੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਲੁਧਿਆਣਾ ਤੋਂ ‘ਆਪ’ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਦੇ ਨਾਲ ਨਵੀਂ ਦਿੱਲੀ ਵਿੱਚ ਡੇਢ ਸਾਲ ਦੇ ਕਨਵ ਜਾਂਗੜਾ ਦੇ ਘਰ ਗਏ ਅਤੇ ਦਿੱਲੀ ਸਥਿਤ ਹਸਪਤਾਲ ਤੋਂ 17.50 ਕਰੋੜ ਰੁਪਏ (21 ਮਿਲੀਅਨ ਡਾਲਰ) ਦਾ ਇਲਾਜ ਹੋਣ ਤੋਂ ਬਾਅਦ ਉਸ ਦੀ ਸਿਹਤ ਦੀ ਪ੍ਰਗਤੀ ਬਾਰੇ ਜਾਣਕਾਰੀ ਲਈ।

ਲੁਧਿਆਣਾ-ਅਧਾਰਤ ਐਨਜੀਓ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਅਤੇ ਸੰਵੇਦਾ ਟਰੱਸਟ ਦੇ ਯਤਨਾਂ ਦੇ ਬਾਅਦ, ਕਨਵ ਨੂੰ ਇਸ ਸਾਲ ਜੁਲਾਈ ਵਿੱਚ ਜ਼ੋਲਗੇਨਐਸਐਮਏ ਨਾਮਕ ਜੀਨ ਥੈਰੇਪੀ ਦਿੱਤੀ ਗਈ ਸੀ, ਜਿਸਦੀ ਕੀਮਤ 17.50 ਕਰੋੜ ਰੁਪਏ (2.1 ਮਿਲੀਅਨ ਡਾਲਰ) ਸੀ। ਤੁਹਾਨੂੰ ਦੱਸ ਦੇਈਏ ਕਿ ਅਰੋੜਾ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਚਲਾਉਂਦੇ ਹਨ।

ਅਰੋੜਾ ਨੇ ਅੱਜ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ਕੇਜਰੀਵਾਲ ਨੂੰ ਦੱਸਿਆ ਗਿਆ ਕਿ ਦਿੱਲੀ ਵਿੱਚ ਇਹ ਪਹਿਲਾ ਮਾਮਲਾ ਹੈ ਜਦਕਿ ਦੇਸ਼ ਭਰ ਵਿੱਚ ਹੁਣ ਤੱਕ ਅਜਿਹੇ ਕੁੱਲ ਨੌਂ ਮਾਮਲੇ ਠੀਕ ਹੋ ਚੁੱਕੇ ਹਨ। ਇਸ ਮੌਕੇ ‘ਤੇ, ਕੇਜਰੀਵਾਲ ਨੇ ਇਸ ਸਾਲ ਜੂਨ ਵਿਚ 21,25,000 ਅਮਰੀਕੀ ਡਾਲਰ (ਲਗਭਗ 17.50 ਕਰੋੜ ਰੁਪਏ) ਦੀ ਕੀਮਤ ‘ਤੇ ਜੀਨ ਥੈਰੇਪੀ, ਜ਼ੋਲਗੇਨਐਸਐਮਏ (ਮੇਡ ਇਨ ਯੂਐਸਏ) ਦੇ ਇੱਕ ਪੈਕ ਦਾ ਪ੍ਰਬੰਧ ਕਰਨ ਵਿੱਚ ਕਨਵ ਦੇ ਪਰਿਵਾਰ ਨੂੰ ਪੂਰਾ ਸਮਰਥਨ ਦੇਣ ਲਈ ਅਰੋੜਾ ਅਤੇ ਸ਼ਹਿਰ-ਅਧਾਰਤ ਗੈਰ-ਸਰਕਾਰੀ ਸੰਗਠਨਾਂ ਦੀ ਭਰਪੂਰ ਸ਼ਲਾਘਾ ਕੀਤੀ। .

ਅਰੋੜਾ ਨੇ ਕਿਹਾ ਕਿ ਕੇਜਰੀਵਾਲ ਨੇ ਮਸ਼ਹੂਰ ਹਸਤੀਆਂ ਅਤੇ ਸਿਆਸਤਦਾਨਾਂ ਸਮੇਤ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਨੇਕ ਕਾਰਜ ਲਈ ਆਪਣਾ ਪੂਰਾ ਸਹਿਯੋਗ ਦਿੱਤਾ। ਕੇਜਰੀਵਾਲ ਨੇ ਕੇਂਦਰ ਦਾ ਧੰਨਵਾਦ ਵੀ ਕੀਤਾ ਕਿਉਂਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ ਨੇ ਕਨਵ ਦੀ ਅਰਜ਼ੀ ਪ੍ਰਾਪਤ ਕਰਨ ਤੋਂ ਬਾਅਦ ਜੀਵਨ ਰੱਖਿਅਕ ਦਵਾਈ ਦੀ ਦਰਾਮਦ ‘ਤੇ ਕਸਟਮ ਛੋਟ ਸਰਟੀਫਿਕੇਟ ਦਿੱਤਾ ਸੀ।

ਕੇਜਰੀਵਾਲ ਨੇ ਐਨਜੀਓਜ਼ ਵੱਲੋਂ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ ਨੂੰ ਵਿਆਪਕ ਕਵਰੇਜ ਦੇਣ ਲਈ ਮੀਡੀਆ ਦਾ ਵੀ ਧੰਨਵਾਦ ਕੀਤਾ। ਅਰੋੜਾ ਨੇ ਕਿਹਾ ਕਿ ਕਨਵ ਦੇ ਮਾਤਾ-ਪਿਤਾ ਨਾਲ ਮੁਲਾਕਾਤ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਕੁਝ ਲੋਕਾਂ ਨੇ ਇਕ ਬੱਚੇ ਦੀ ਜਾਨ ਬਚਾਉਣ ਲਈ ਇੰਨੀ ਵੱਡੀ ਰਕਮ ਖਰਚ ਕਰਨ ‘ਤੇ ਸਵਾਲ ਖੜ੍ਹੇ ਕੀਤੇ ਸਨ, ਪਰ ਅਰੋੜਾ ਨੇ ਕਿਹਾ ਸੀ ਕਿ ਮਾਪਿਆਂ ਨੂੰ ਪੁੱਛੋਂ ਕਿ ਉਨ੍ਹਾਂ ਦਾ ਬੱਚਾ ਉਨ੍ਹਾਂ ਲਈ ਸਭ ਤੋਂ ਵੱਧ ਕੀਮਤੀ ਹੈ।

ਇਸ ਤੋਂ ਇਲਾਵਾ ਅਰੋੜਾ ਨੇ ਕਿਹਾ ਕਿ ਕੇਜਰੀਵਾਲ ਇਹ ਜਾਣ ਕੇ ਬਹੁਤ ਖੁਸ਼ ਹਨ ਕਿ ਇਲਾਜ ਤੋਂ ਬਾਅਦ ਕਨਵ ਦੀ ਸਿਹਤ ‘ਚ ਕਾਫੀ ਸੁਧਾਰ ਹੋਇਆ ਹੈ। ਕੇਜਰੀਵਾਲ ਨੇ ਕਾਨਵ ਦੀ ਤੰਦਰੁਸਤੀ ਅਤੇ ਲੰਬੀ ਉਮਰ ਲਈ ਆਪਣਾ ਆਸ਼ੀਰਵਾਦ ਦਿੱਤਾ, ਅਰੋੜਾ ਨੇ ਕਿਹਾ ਕਿ ਕੇਜਰੀਵਾਲ ਨੇ ਅਗਲੇ ਲਗਭਗ ਇਕ ਸਾਲ ਵਿਚ ਕਨਵ ਦੇ ਅਗਲੇਰੇ ਇਲਾਜ ਲਈ ਸ਼ਹਿਰ ਦੀਆਂ ਦੋ ਗੈਰ ਸਰਕਾਰੀ ਸੰਸਥਾਵਾਂ ਵਿੱਚੋਂ ਇੱਕ ਵੱਲੋਂ 3 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ। ਜ਼ਿਕਰਯੋਗ ਹੈ ਕਿ ਕਨਵ ਦੇ ਮਾਪਿਆਂ ਨੇ ਵਿੱਤੀ ਸਹਾਇਤਾ ਲੈਣ ਲਈ ਸੰਸਦ ਮੈਂਬਰ ਸੰਜੇ ਸਿੰਘ ਦੀ ਸਿਫਾਰਿਸ਼ ‘ਤੇ ਅਰੋੜਾ ਨਾਲ ਸੰਪਰਕ ਕੀਤਾ ਸੀ।

ਅਰੋੜਾ ਨੇ ਯਾਦ ਕੀਤਾ ਕਿ ਕਨਵ ਦਾ ਨਵੀਂ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਯਾਦ ਕੀਤਾ ਕਿ ਸੰਸਦ ਮੈਂਬਰ ਰਾਘਵ ਚੱਢਾ, ਹੰਸ ਰਾਜ ਹੰਸ, ਸੰਜੇ ਸਿੰਘ, ਵਿਵੇਕ ਤਨਖਾ, ਰਾਮਚੰਦਰ ਜਾਂਗੜਾ, ਪ੍ਰਿਯੰਕਾ ਚਤੁਰਵੇਦੀ, ਰਵਨੀਤ ਸਿੰਘ ਬਿੱਟੂ, ਸੰਤ ਬਲਬੀਰ ਸਿੰਘ ਸੀਚੇਵਾਲ, ਪ੍ਰਵੇਸ਼ ਵਰਮਾ, ਅਸ਼ੋਕ ਮਿੱਤਲ ਅਤੇ ਮਨੀਸ਼ ਤਿਵਾੜੀ ਮਸ਼ਹੂਰ ਹਸਤੀਆਂ ਕਪਿਲ ਸ਼ਰਮਾ, ਸੋਨੂੰ ਸੂਦ, ਫਰਾਹ ਖਾਨ, ਵਿਦਿਆ ਬਾਲਨ, ਚੰਕੀ ਪਾਂਡੇ, ਰਾਜਪਾਲ ਯਾਦਵ, ਵਿਸ਼ਾਲ ਡਡਲਾਨੀ, ਅਲੀ ਅਸਗਰ, ਭਾਰਤੀ ਸਿੰਘ, ਪੰਕਜ ਤ੍ਰਿਪਾਠੀ, ਸ਼ਕਤੀ ਕਪੂਰ ਅਤੇ ਕੀਕੂ ਸ਼ਾਰਦਾ ਨੇ ਕਨਵ ਦੀ ਜ਼ਿੰਦਗੀ ਬਚਾਉਣ ਲਈ ਲੋਕਾਂ ਨੂੰ ਦਾਨ ਦੇਣ ਦੀ ਅਪੀਲ ਕੀਤੀ ਸੀ।