ਪਟਿਆਲਾ :
ਪੰਜਾਬੀ ਯੂਨੀਵਰਸਿਟੀ ਵਿਖੇ ਇਕ ਮੁਲਾਜ਼ਮ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਮੁਲਾਜ਼ਮਾਂ ‘ਚ ਸਹਿਮ ਦਾ ਮਾਹੌਲ ਹੈ। ਸੁਵਖ਼ਤੇ ਇਕੱਤਰ ਹੋਏ ਮੁਲਾਜ਼ਮਾਂ ਨੇ ’ਵਰਸਿਟੀ ’ਚ ਮਾਰਚ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕੋਰੋਨਾ ਮਹਾਂਮਾਰੀ ਦੇ ਲਗਾਤਾਰ ਕੇਸ ਵੱਧਦੇ ਜਾ ਰਹੇ ਹਨ, ਪਰ ‘ ਵਰਸਿਟੀ ਪ੍ਰਸ਼ਾਸਨ ਵਲੋਂ ਪੂਰੇ ਮੁਲਾਜ਼ਮਾਂ ਦੀ ਹਾਜ਼ਰੀ ਲਾਜ਼ਮੀ ਕੀਤੀ ਹੋਈ ਹੈ। ਉਨ੍ਹਾਂ ਦੀ ਮੰਗ ਹੈ ਕਿ ਇਸ ਫ਼ੈਸਲੇ ਨੂੰ ਰੱਦ ਕਰ ਕੇ 50 ਫ਼ੀਸਦ ਮੁਲਾਜ਼ਮਾਂ ਦੀ ਹਾਜ਼ਰੀ ਲਾਜ਼ਮੀ ਰੱਖੀ ਜਾਵੇ। ਇਸ ਉਪਰੰਤ ਮੁਲਾਜ਼ਮਾਂ ਦੀ ਅਥਾਰਿਟੀ ਨਾਲ ਹੋਈ ਮੀਟਿੰਗ ਦੌਰਾਨ ਮਿਲੇ ਭਰੋਸੇ ਤੋਂ ਬਾਅਦ ਸੰਘਰਸ਼ ਸਮਾਪਤ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਲੰਘੀ ਰਾਤ ਸਿਹਤ ਵਿਭਾਗ ਨੂੰ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੀ ਰਿਪੋਰਟ ਪ੍ਰਾਪਤ ਹੋਈਆਂ ਹਨ। ਉਨ੍ਹਾਂ ਵਿਚ ’ਵਰਸਿਟੀ ਦੇ ਉਸਾਰੀ ਵਿਭਾਗ ਦੀ ਮਹਿਲਾ ਸੁਪਰਡੈਂਟ ਪਾਜ਼ੇਟਿਵ ਪਾਈ ਗਈ ਹੈ। ਮੁਲਾਜ਼ਮ ਦੀ ਨੂੰਹ ਜੋਕਿ ਪ੍ਰੀਖਿਆ ਵਿਭਾਗ ’ਚ ਤਾਇਨਾਤ ਹੈ, ਉਸ ਦੇ ਵੀ ਸਿਹਤ ਵਿਭਾਗ ਵਲੋਂ ਸੈਂਪਲ ਲਏ ਗਏ ਹਨ। ਇਸ ਦੀ ’ਵਰਸਿਟੀ ਪ੍ਰਸ਼ਾਸਨ ਨੂੰ ਸੂਚਨਾ ਮਿਲਦਿਆਂ ਹੀ ਉਕਤ ਮੁਲਾਜ਼ਮਾਂ ਦੇ ਸਬੰਧਤ ਵਿਭਾਗਾਂ ’ਚ ਹਾਈਪੋ ਕਲੋਰਾਈਡ ਦਵਾਈ ਦਾ ਛਿੜਕਾਅ ਕਰਾਉਣਾ ਸ਼ੁਰੂ ਕਰਵਾ ਦਿੱਤਾ।
ਜਿਵੇਂ ਮੁਲਾਜ਼ਮ ਦੀ ਕੋਰੋਨਾ ਰਿਪੋਰਟ ਸਬੰਧੀ ਮੁਲਾਜ਼ਮਾਂ ਨੂੰ ਸੂਚਨਾ ਮਿਲੀ ਤਾਂ ਇਸ ਉਪਰੰਤ ਭੜਕੇ ਮੁਲਾਜ਼ਮਾਂ ਨੇ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਮੁਲਾਜ਼ਮਾਂ ਦੀ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬੱਤਰਾ ਤੇ ਰਜਿਸਟਰਾਰ ਡਾ.ਯੋਗਰਾਜ ਨਾਲ ਹੋਈ ਮੀਟਿੰਗ ’ਚ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ 50 ਫ਼ੀਸਦ ਮੁਲਾਜ਼ਮਾਂ ਦੀ ਹਾਜ਼ਰੀ ਸਬੰਧੀ ਲਿਖ਼ਤੀ ਆਰਡਰ ਜਾਰੀ ਕਰ ਦਿੱਤਾ ਜਾਵੇਗਾ। ਇਸ ਉਪਰੰਤ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਰਾਜੇਸ਼ ਕੁਮਾਰ, ਮੁਹੰਮਦ ਜ਼ਹੀਰ, ਦੇਵ ਰਿਸ਼ੀ ਹਾਂਡਾ, ਧਰਮਿੰਦਰ ਸਿੰਘ, ਕੁਲਵਿੰਦਰ ਸਿੰਘ, ਰਾਜਵੀਰ ਸਿੰਘ ਆਦਿ ਹਾਜ਼ਰ ਸਨ।